ਅਯੁੱਧਿਆ : ਅਯੁੱਧਿਆ ਵਿਚ ਰਾਮ ਮੰਦਰ ਦੇ ਕਪਾਟ ਮੰਗਲਵਾਰ ਆਮ ਜਨਤਾ ਲਈ ਖੋਲ੍ਹ ਦਿੱਤੇ ਗਏ। ਸੋਮਵਾਰ ਇਸ ਨਵੇਂ ਬਣੇ ਮੰਦਰ ’ਚ ਰਾਮ ਲੱਲਾ ਦੀ ਨਵੀਂ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਗਈ ਸੀ। ਸੋਮਵਾਰ ਦੇਰ ਰਾਤ ਮੰਦਰ ਕੰਪਲੈਕਸ ਵੱਲ ਜਾਣ ਵਾਲੇ ਰਾਮ ਮਾਰਗ ’ਤੇ ਮੁੱਖ ਗੇਟ ਨੇੜੇ ਸਥਾਨਕ ਲੋਕਾਂ ਅਤੇ ਹੋਰ ਰਾਜਾਂ ਦੇ ਲੋਕਾਂ ਸਮੇਤ ਵੱਡੀ ਗਿਣਤੀ ’ਚ ਸ਼ਰਧਾਲੂ ਇਕੱਠੇ ਹੋਏ। ਉਧਰ ਸ਼ਰਧਾਲੂਆਂ ਦੀ ਭਾਰੀ ਭੀੜ ਨੂੰ ਦੇਖਦੇ ਹੋਏ ਬਾਰਾਬੰਕੀ ਪੁਲਸ ਨੇ ਲੋਕਾਂ ਨੂੰ ਅਯੁੱਧਿਆ ਨਾ ਜਾਣ ਦੀ ਅਪੀਲ ਕੀਤੀ ਹੈ। ਲਖਨਊ ਤੋਂ ਲੱਗਭੱਗ 30 ਕਿਲੋਮੀਟਰ ਦੂਰ ਬਾਰਾਬੰਕੀ ਤੋਂ ਅਯੁੱਧਿਆ ਵੱਲ ਜਾਣ ਵਾਲੇ ਟ੍ਰੈਫਿਕ ਮਾਰਗ ਨੂੰ ਮੋੜ ਦਿੱਤਾ ਗਿਆ ਹੈ ਅਤੇ ਪੈਦਲ ਸ਼ਰਧਾਲੂਆਂ ਨੂੰ ਵੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।



