ਯਾਤਰਾ ਗੁਹਾਟੀ ’ਚ ਦਾਖਲ ਹੋਣ ਤੋਂ ਰੋਕੀ

0
150

ਗੁਹਾਟੀ : ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਏ ਯਾਤਰਾ’ ਨੂੰ ਮੰਗਲਵਾਰ ਗੁਹਾਟੀ ’ਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ, ਜਿਸ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਪ੍ਰਦਰਸ਼ਨ ਕੀਤਾ ਅਤੇ ਬੈਰੀਕੇਡ ਤੋੜ ਦਿੱਤੇ। ਕਾਂਗਰਸੀ ਸਮਰਥਕਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੁਲਸ ਨੇ ਤਾਕਤ ਦੀ ਵਰਤੋਂ ਕੀਤੀ।
ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਪਹਿਲਾਂ ਕਿਹਾ ਸੀ ਕਿ ਸੜਕਾਂ ’ਤੇ ਜਾਮ ਤੋਂ ਬਚਣ ਲਈ ਯਾਤਰਾ ਨੂੰ ਸ਼ਹਿਰ ਵਿਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। ਖਾਨਾਪਾੜਾ ਦੇ ਗੁਹਾਟੀ ਚੌਕ ’ਤੇ ਭਾਰੀ ਭੀੜ ਇਕੱਠੀ ਹੋਈ ਅਤੇ ਰਾਹੁਲ ਗਾਂਧੀ ਦਾ ਢੋਲ ਨਾਲ ਸਵਾਗਤ ਕੀਤਾ ਗਿਆ। ਕਾਂਗਰਸ ਦੇ ਸੂਬਾ ਇੰਚਾਰਜ ਜਤਿੰਦਰ ਸਿੰਘ ਨੇ ਕਿਹਾ-ਅਸੀਂ ਰੁਕਾਵਟਾਂ ਨੂੰ ਤੋੜ ਕੇ ਜਿੱਤ ਹਾਸਲ ਕੀਤੀ ਹੈ।
ਇਸੇ ਦੌਰਾਨ ਮੁੱਖ ਮੰਤਰੀ ਨੇ ਡੀ ਜੀ ਪੀ ਨੂੰ ਰਾਹੁਲ ਗਾਂਧੀ ਵਿਰੁੱਧ ਭੀੜ ਨੂੰ ਭੜਕਾਉਣ ਲਈ ਕੇਸ ਦਰਜ ਕਰਨ ਦਾ ਨਿਰਦੇਸ਼ ਦਿੱਤਾ ਹੈ। ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਸ੍ਰੀਨਿਵਾਸ ਬੀਵੀ ਦੀ ਪੋਸਟ ਦੇ ਜਵਾਬ ’ਚ ਸ਼ਰਮਾ ਦੀ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਕਿਹਾ-ਮੈਂ ਆਸਾਮ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਭੀੜ ਨੂੰ ਭੜਕਾਉਣ ਲਈ ਤੁਹਾਡੇ ਨੇਤਾ ਰਾਹੁਲ ਗਾਂਧੀ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ੍ਰੀਨਿਵਾਸ ਨੇ ਜੋ ਵੀਡੀਓ ਉਸ ਦੇ ਆਪਣੇ ਅਕਾਊਂਟ ’ਚ ਪਾਇਆ ਹੈ, ਉਸ ਨੂੰ ਸਬੂਤ ਵਜੋਂ ਵਰਤਿਆ ਜਾਵੇਗਾ।
ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਆਸਾਮ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇੱਥੋਂ ਦਾ ਮੁੱਖ ਮੰਤਰੀ ਦੇਸ਼ ਦਾ ਸਭ ਤੋਂ ਕੁਰੱਪਟ ਮੁੱਖ ਮੰਤਰੀ ਹੈ। ਉਹ ਯਾਤਰਾ ਦੇ ਖਿਲਾਫ ਜੋ ਕਰ ਰਿਹਾ ਹੈ, ਦਰਅਸਲ ਸਾਡੀ ਹੀ ਪਬਲੀਸਿਟੀ ਕਰ ਰਿਹਾ ਹੈ। ਉਜ ਸ਼ਾਇਦ ਏਨੀ ਪਬਲੀਸਿਟੀ ਸਾਨੂੰ ਨਾ ਮਿਲਦੀ। ਭਾਰਤ ਜੋੜੋ ਨਿਆਏ ਯਾਤਰਾ ਆਸਾਮ ਵਿਚ ਮੁੱਖ ਮੁੱਦਾ ਬਣ ਗਈ ਹੈ। ਸਾਨੂੰ ਮੰਦਰ ਤੇ ਕਾਲਜ ਵਿਚ ਜਾਣ ਤੋਂ ਰੋਕਿਆ ਗਿਆ। ਜਿੰਨਾ ਮਰਜ਼ੀ ਧਮਕਾ ਲਓ, ਅਸੀਂ ਡਰਨ ਵਾਲੇ ਨਹੀਂ।

LEAVE A REPLY

Please enter your comment!
Please enter your name here