ਸੰਘ ਦੀ ਮਨੂੰਵਾਦੀ ਵਿਚਾਰਧਾਰਾ ਦਲਿਤ ਤੇ ਔਰਤ ਵਿਰੋਧੀ ਹੈ। ਭਾਜਪਾ ਇਸ ਦੀ ਪੈਰੋਕਾਰ ਹੈ। ਇਸ ਲਈ ਭਾਜਪਾ ਦੀ ਨਜ਼ਰ ਵਿੱਚ ਔਰਤਾਂ ਨਾਲ ਹੁੰਦੇ ਅੱਤਿਆਚਾਰ ਗੁਨਾਹ ਨਹੀਂ ਹਨ। ਪਿਛਲੇ 10 ਸਾਲਾਂ ਦੇ ਮੋਦੀ ਰਾਜ ਦੌਰਾਨ ਜਦੋਂ ਵੀ ਕਿਤੇ ਔਰਤਾਂ ਨਾਲ ਦਰਿੰਦਗੀ ਹੋਈ ਹੈ, ਹਕੂਮਤ ਹਮੇਸ਼ਾ ਬਲਾਤਕਾਰੀਆਂ ਦੇ ਹੱਕ ਵਿੱਚ ਭੁਗਤੀ ਹੈ। ਸਭ ਤੋਂ ਪਹਿਲੀ ਘਟਨਾ ਜੰਮੂ ਵਿੱਚ ਵਾਪਰੀ ਸੀ, ਜਿੱਥੇ ਅੱਠ ਸਾਲਾਂ ਦੀ ਗੁੱਜਰ ਲੜਕੀ ਨੂੰ ਮੰਦਰ ਵਿੱਚ ਸਮੂਹਿਕ ਬਲਾਤਕਾਰ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਉਸ ਸਮੇਂ ਦੋਸ਼ੀਆਂ ਨੂੰ ਬਚਾਉਣ ਲਈ ਭਾਜਪਾ ਨਾਲ ਸੰਬੰਧਤ ਸੰਗਠਨਾਂ ਨੇ ਉਨ੍ਹਾਂ ਦੇ ਹੱਕ ’ਚ ਤਿਰੰਗਾ ਯਾਤਰਾਵਾਂ ਕੱਢੀਆਂ ਸਨ। ਉੱਤਰ ਪ੍ਰਦੇਸ਼ ਵਿੱਚ ਤਾਂ ਇਸ ਵੇਲੇ ਭਾਜਪਾ ਦੇ ਵਿਧਾਇਕ ਤੱਕ ਬਲਾਤਕਾਰ ਦੇ ਕੇਸਾਂ ਵਿੱਚ ਜੇਲ੍ਹ ਦੀ ਹਵਾ ਖਾ ਰਹੇ ਹਨ। ਹੁਣੇ ਜਿਹੇ ਬਨਾਰਸ ਹਿੰਦੂ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਬਲਾਤਕਾਰ ਦੀ ਘਟਨਾ ਵਾਪਰੀ ਸੀ। ਵਿਦਿਆਰਥੀਆਂ ਦੇ ਮਹੀਨਾ ਭਰ ਧਰਨੇ ਤੋਂ ਬਾਅਦ ਹੀ ਦੋਸ਼ੀ ਫੜੇ ਗਏ, ਜਿਹੜੇ ਭਾਜਪਾ ਦੇ ਅਹੁਦੇਦਾਰ ਸਨ। ਪੂਰਾ ਇੱਕ ਮਹੀਨਾ ਪ੍ਰਸ਼ਾਸਨ ਉਨ੍ਹਾਂ ਨੂੰ ਬਚਾਉਣ ਵਿੱਚ ਲੱਗਾ ਰਿਹਾ ਸੀ।
ਬਿਲਕਿਸ ਬਾਨੋ ਦਾ ਕੇਸ ਤਾਂ ਸਾਰੇ ਜਾਣਦੇ ਹੀ ਹਨ, ਜਿਸ ਨਾਲ ਗੁਜਰਾਤ ਦੰਗਿਆਂ ਦੌਰਾਨ ਸਮੂਹਿਕ ਬਲਾਤਕਾਰ ਕੀਤਾ ਗਿਆ ਤੇ ਉਸ ਦੇ 14 ਪਰਵਾਰਕ ਮੈਂਬਰਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ। ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ, ਪਰ ਗੁਜਰਾਤ ਦੀ ਭਾਜਪਾ ਸਰਕਾਰ ਨੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਮਾਫ਼ੀ ਦੇ ਦਿੱਤੀ। ਇਹੋ ਨਹੀਂ, ਜੇਲ੍ਹੋਂ ਬਾਹਰ ਆਉਣ ਉੱਤੇ ਭਾਜਪਾ ਆਗੂਆਂ ਵੱਲੋਂ ਬਲਾਤਕਾਰੀਆਂ ਦਾ ਮਹਿਮਾ ਮੰਡਲ ਕੀਤਾ ਗਿਆ ਤੇ ਉਨ੍ਹਾਂ ਨੂੰ ਸੰਸਕਾਰੀ ਬ੍ਰਾਹਮਣ ਦੱਸਿਆ ਗਿਆ। ਬਿਲਕਿਸ ਬਾਨੋ ਵੱਲੋਂ ਲੰਮੀ ਲੜਾਈ ਬਾਅਦ ਹੁਣ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜਿਆ ਗਿਆ ਹੈ।
ਤਾਜ਼ਾ ਮਾਮਲਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦਾ ਹੈ, ਜਿਹੜਾ ਬਲਾਤਕਾਰ ਤੇ ਕਤਲ ਦੇ ਦੋਸ਼ ਵਿੱਚ ਜੇਲ੍ਹ ’ਚ ਬੰਦ ਹੈ। ਉਸ ’ਤੇ ਦੋ ਸਾਧਵੀਆਂ ਦੇ ਬਲਾਤਕਾਰ ਤੇ ਪੱਤਰਕਾਰ ਛਤਰਪਤੀ ਦੀ ਹੱਤਿਆ ਦੇ ਦੋਸ਼ ਸਾਬਤ ਹੋ ਚੁੱਕੇ ਹਨ। ਇਨ੍ਹਾਂ ਦੋਸ਼ਾਂ ਵਿੱਚ ਉਹ ਦੋਹਰੀ ਉਮਰ ਕੈਦ ਭੁਗਤ ਰਿਹਾ ਹੈ। ਹਰਿਆਣੇ ਦੀ ਭਾਜਪਾ ਸਰਕਾਰ ਉਸ ਉੱਤੇ ਏਨੀ ਮਿਹਰਬਾਨ ਹੈ ਕਿ ਉਹ ਹੁਣ ਤੱਕ ਦੀ ਆਪਣੀ 6 ਸਾਲ ਤੇ 5 ਮਹੀਨੇ ਦੀ ਕੈਦ ਦੌਰਾਨ 184 ਦਿਨ ਜੇਲ੍ਹੋਂ ਬਾਹਰ ਰਹਿ ਚੁੱਕਾ ਹੈ। ਜਦੋਂ ਵੀ ਕਿਸੇ ਚੋਣ ਵਿੱਚ ਭਾਜਪਾ ਨੂੰ ਉਸ ਦੀ ਲੋੜ ਹੁੰਦੀ ਹੈ, ਉਸ ਨੂੰ ਬਾਹਰ ਕੱਢ ਲਿਆ ਜਾਂਦਾ ਹੈ। ਪਹਿਲੀ ਵਾਰ ਉਸ ਨੂੰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ 7 ਫ਼ਰਵਰੀ 2022 ਨੂੰ 21 ਦਿਨਾਂ ਲਈ ਬਾਹਰ ਲਿਆਂਦਾ ਗਿਆ। ਉਸ ਉਪਰੰਤ ਹਰਿਆਣਾ ਦੀਆਂ ਨਗਰ ਕੌਂਸਲ ਚੋਣਾਂ ਮੌਕੇ ਉਹ 17 ਜੂਨ 2022 ਨੂੰ 30 ਦਿਨਾਂ ਲਈ ਬਾਹਰ ਆਇਆ, ਪਰ ਸਰਕਾਰ ਨੇ ਉਸ ਦੀ ਪੈਰੋਲ ਨੂੰ ਵਧਾ ਕੇ 40 ਦਿਨ ਕਰ ਦਿੱਤਾ ਸੀ। ਆਦਮਪੁਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਮੌਕੇ 14 ਅਕਤੂਬਰ 2022 ਨੂੰ ਮੁੜ ਉਸ ਨੂੰ 40 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਸੀ। ਹਰਿਆਣਾ ਵਿੱਚ ਪੰਚਾਇਤ ਚੋਣਾਂ ਮੌਕੇ 20 ਜੁਲਾਈ 2023 ਨੂੰ ਗੁਰਮੀਤ ਰਾਮ ਰਹੀਮ ਮੁੜ 30 ਦਿਨਾਂ ਲਈ ਜੇਲ੍ਹੋਂ ਬਾਹਰ ਸੀ। ਨਵੰਬਰ-ਦਸੰਬਰ ਵਿੱਚ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਸਨ। ਹਰਿਆਣਾ ਨਾਲ ਲਗਦੇ ਰਾਜਸਥਾਨ ਵਿੱਚ ਵੱਡੀ ਗਿਣਤੀ ਵਿੱਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਹਨ। ਹਰਿਆਣਾ ਸਰਕਾਰ ਨੇ 21 ਨਵੰਬਰ 2023 ਨੂੰ ਫਿਰ ਗੁਰਮੀਤ ਰਾਮ ਰਹੀਮ ਨੂੰ 21 ਦਿਨ ਲਈ ਬਾਹਰ ਕੱਢ ਲਿਆ, ਤਾਂ ਜੋ ਉਸ ਦੇ ਸ਼ਰਧਾਲੂਆਂ ਦੀਆਂ ਵੋਟਾਂ ਲਈਆਂ ਜਾ ਸਕਣ। ਇਨ੍ਹਾਂ ਦਿਨਾਂ ਦੀ ਫਰਲੋ ਕੱਟ ਕੇ ਗੁਰਮੀਤ ਰਾਮ ਰਹੀਮ 13 ਦਸੰਬਰ 2023 ਨੂੰ ਜੇਲ੍ਹ ਵਿੱਚ ਗਿਆ ਸੀ। ਸਿਰਫ਼ 29 ਦਿਨਾਂ ਬਾਅਦ 19 ਜਨਵਰੀ 2024 ਨੂੰ ਉਹ ਫਿਰ 50 ਦਿਨਾਂ ਲਈ ਜੇਲ੍ਹੋਂ ਬਾਹਰ ਆ ਗਿਆ ਹੈ। ਗੁਰਮੀਤ ਰਾਮ ਰਹੀਮ ਦੀ ਇਹ ਸਭ ਤੋਂ ਲੰਮੀ ਫਰਲੋ ਹੈ, ਕਿਉਂਕਿ ਸਿਰ ਉੱਤੇ ਲੋਕ ਸਭਾ ਚੋਣਾਂ ਹਨ। ਇਸ ਦੌਰਾਨ ਸਿਰਫ਼ ਇੱਕ ਮੌਕਾ ਸੀ, ਜਦੋਂ 21 ਜਨਵਰੀ 2023 ਨੂੰ ਉਹ 40 ਦਿਨਾਂ ਲਈ ਬਾਹਰ ਆਇਆ ਤਾਂ ਕੋਈ ਚੋਣ ਨਹੀਂ ਸੀ।
ਗੁਰਮੀਤ ਰਾਮ ਰਹੀਮ ਫਰਲੋ ਦੌਰਾਨ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚਲੇ ਬਰਨਾਵਾ ਆਸ਼ਰਮ ਵਿੱਚ ਰਹੇਗਾ। ਰਾਮ ਮੰਦਰ ਦਾ ਉਦਘਾਟਨ ਹੋ ਚੁੱਕਾ ਹੈ। ਮੋਦੀ ਦੀ ਭਾਜਪਾ ਸਰਕਾਰ ਸਾਰੇ ਦੇਸ਼ ਨੂੰ ਰਾਮ ਦੇ ਰੰਗ ਵਿੱਚ ਰੰਗਣ ਵਿੱਚ ਮਸਤ ਹੈ। ਇਸ ਮੌਕੇ ’ਤੇ ਉਸ ਨੂੰ ਗੁਰਮੀਤ ਰਾਮ ਰਹੀਮ ਦੀ ਵੀ ਲੋੜ ਸੀ, ਤਾਂ ਜੋ ਉਹ ਆਪਣੇ ਭਗਤਾਂ ਨੂੰ ਰਾਮ ਦੇ ਰੰਗ ਵਿੱਚ ਰੰਗ ਸਕੇ। ਖ਼ਬਰ ਹੈ ਇਨ੍ਹਾਂ ਦਿਨਾਂ ਦੌਰਾਨ ਗੁਰਮੀਤ ਰਾਮ ਰਹੀਮ ਬਾਗਪਤ ਡੇਰੇ ਤੋਂ ਵਰਚੂਅਲ ਸਤਿਸੰਗ ਕਰਿਆ ਕਰੇਗਾ। ਸਤਿਸੰਗ ਦੌਰਾਨ ਉਸ ਨੇ ਉਹੀ ਕਹਿਣਾ, ਜੋ ਉਸ ਨੂੰ ਵਾਰ-ਵਾਰ ਖੁੱਲ੍ਹੀ ਹਵਾ ਵਿੱਚ ਲੈ ਕੇ ਆ ਰਹੇ ਆਗੂ ਕਹਿਣਗੇ। ਭਾਜਪਾ ਸਰਕਾਰ ਇਸ ਸਮੇਂ ਰਾਮ ਦੇ ਨਾਂਅ ਉਤੇ ਵੋਟਾਂ ਨੂੰ ਲੁੱਟਣ ਲਈ ਪੂਰਾ ਤਾਣ ਲਾ ਰਹੀ ਹੈ। ਭਾਜਪਾ ਦਾ ਭਗਵਾਂ ਰੰਗ ਤਾਂ ਦਿਖਾਵਾ ਹੀ ਹੈ, ਅੰਦਰੋਂ ਉਹ ਸਿਆਹ ਕਾਲੀ ਹੈ।
-ਚੰਦ ਫਤਿਹਪੁਰੀ



