ਗਿਰਗਿਟ ਤਾਂ ਐਵੇਂ ਬਦਨਾਮ

0
180

ਅਬ ਮਰ ਜਾਨਾ ਕੁਬੂਲ ਹੈ, ਲੇਕਿਨ ਬੀ ਜੇ ਪੀ ਕੇ ਸਾਥ ਜਾਨਾ ਕਭੀ ਕੁਬੂਲ ਨਹੀਂ ਹੈ।
(ਇਹ ਬਿਆਨ 30 ਜਨਵਰੀ 2023 ਨੂੰ ਪਟਨਾ ਦੇ ਗਾਂਧੀ ਘਾਟ ’ਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਨਿਤੀਸ਼ ਕੁਮਾਰ ਨੇ ਦਿੱਤਾ ਸੀ।)
ਪਟਨਾ : ਨਿਤੀਸ਼ ਕੁਮਾਰ ਨੇ ਐਤਵਾਰ ਸ਼ਾਮ ਨੌਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਰਜਿੰਦਰ ਵਿਸ਼ਵਨਾਥ ਆਰਲੇਕਰ ਨੇ ਉਨ੍ਹਾ ਤੋਂ ਇਲਾਵਾ ਭਾਜਪਾ ਦੇ ਸੂਬਾ ਪ੍ਰਧਾਨ ਸਮਰਾਟ ਚੌਧਰੀ ਤੇ ਆਪੋਜ਼ੀਸ਼ਨ ਆਗੂ ਰਹੇ ਵਿਜੇ ਸਿਨਹਾ ਨੂੰ ਉਪ ਮੁੱਖ ਮੰਤਰੀ ਵਜੋਂ ਸਹੁੰ ਚੁਕਾਈ। ਇਨ੍ਹਾਂ ਤੋਂ ਇਲਾਵਾ ਭਾਜਪਾ ਦੇ ਡਾ. ਪੇ੍ਰਮ ਕੁਮਾਰ ਅਤੇ ਜਨਤਾ ਦਲ (ਯੂ) ਦੇ ਬਿਜੇਂਦਰ ਪ੍ਰਸਾਦ, ਸ਼੍ਰਵਣ ਕੁਮਾਰ ਤੇ ਵਿਜੇ ਕੁਮਾਰ ਚੌਧਰੀ, ਹਿੰਦੁਸਤਾਨੀ ਆਵਾਮ ਮੋਰਚਾ (ਸੈਕੂਲਰ) ਦੇ ਸੰਤੋਸ਼ ਕੁਮਾਰ ਸੁਮਨ ਤੇ ਆਜ਼ਾਦ ਸੁਮਿਤ ਸਿੰਘ ਨੇ ਮੰਤਰੀਆਂ ਵਜੋਂ ਸਹੁੰ ਚੁੱਕੀ। ਰਾਜ ਭਵਨ ਵਿਚ ਮੋਦੀ-ਮੋਦੀ ਦੇ ਨਾਅਰੇ ਵੀ ਲੱਗੇ। ਸਹੁੰ ਚੁੱਕ ਸਮਾਗਮ ਵਿਚ ਭਾਜਪਾ ਪ੍ਰਧਾਨ ਜੇ ਪੀ ਨੱਢਾ ਤੇ ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਪ੍ਰਧਾਨ ਚਿਰਾਗ ਪਾਸਵਾਨ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਨਿਤੀਸ਼ ਨੇ ਦਿਨੇ ਰਾਜਪਾਲ ਨੂੰ ਅਸਤੀਫਾ ਦਿੱਤਾ ਤੇ ਕਿਹਾ ਕਿ ਰਾਜਦ ਦੀ ਅਗਵਾਈ ਵਾਲਾ ਮਹਾਂਗੱਠਬੰਧਨ ਠੀਕ ਨਹੀਂ ਚੱਲ ਰਿਹਾ ਸੀ। ਭਾਜਪਾ ਦੀ ਬੈਠਕ ਵਿਚ ਸਮਰਾਟ ਚੌਧਰੀ ਨੂੰ ਵਿਧਾਇਕ ਦਲ ਦਾ ਆਗੂ ਚੁਣਿਆ ਗਿਆ। ਫਿਰ ਭਾਜਪਾ ਵਿਧਾਇਕ ਹਮਾਇਤ ਦਾ ਪੱਤਰ ਲੈ ਕੇ ਨਿਤੀਸ਼ ਕੋਲ ਪੁੱਜੇ ਤੇ ਨਿਤੀਸ਼ ਨੇ 128 ਹਮਾਇਤੀ ਵਿਧਾਇਕਾਂ ਦਾ ਪੱਤਰ ਰਾਜਪਾਲ ਨੂੰ ਸੌਂਪਿਆ। ਅਸੰਬਲੀ 243 ਮੈਂਬਰਾਂ ਦੀ ਹੈ।
ਨਿਤੀਸ਼ 2000 ਵਿਚ ਪਹਿਲੀ ਵਾਰ ਸੱਤਾ ਵਿਚ ਆਏ ਸਨ ਤੇ ਉਦੋਂ ਸਰਕਾਰ 7 ਦਿਨ ਹੀ ਚੱਲੀ ਸੀ। 2005 ਵਿਚ ਲਾਲੂ ਦੇ ‘ਜੰਗਲਰਾਜ’ ਨੂੰ ਮੁੱਦਾ ਬਣਾ ਕੇ ਐੱਨ ਡੀ ਏ ਨਾਲ ਮਿਲ ਕੇ ਚੋਣ ਲੜੀ ਤੇ ਦੂਜੀ ਵਾਰ ਮੁੱਖ ਮੰਤਰੀ ਬਣੇ। 2010 ਵਿਚ ਐੱਨ ਡੀ ਏ ਨਾਲ ਮਿਲ ਕੇ ਤੀਜੀ ਵਾਰ ਸੱਤਾ ਵਿਚ ਆਏ। 2013 ਵਿਚ ਭਾਜਪਾ ਨੇ 2014 ਦੀਆਂ ਲੋਕ ਸਭਾ ਚੋਣਾਂ ਲਈ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਦਾ ਚਿਹਰਾ ਬਣਾਇਆ ਤਾਂ ਨਿਤੀਸ਼ ਨਾਰਾਜ਼ ਹੋ ਗਏ ਅਤੇ ਭਾਜਪਾ ਨਾਲੋਂ ਨਾਤਾ ਤੋੜ ਲਿਆ। ਲੋਕ ਸਭਾ ਚੋਣਾਂ ਵਿਚ ਖਾਸ ਸਫਲਤਾ ਨਾ ਮਿਲੀ ਤਾਂ ਅਹੁਦਾ ਛੱਡ ਦਿੱਤਾ ਤੇ ਜੀਤਨ ਰਾਮ ਮਾਂਝੀ ਨੂੰ ਮੁੱਖ ਮੰਤਰੀ ਬਣਾ ਦਿੱਤਾ। ਮਾਂਝੀ ਨੇ ਬਚਿਆ ਕਾਰਜਕਾਲ ਪੂਰਾ ਕੀਤਾ। 2015 ਵਿਚ ਲਾਲੂ ਦੀ ਪਾਰਟੀ ਰਾਜਦ ਤੇ ਕਾਂਗਰਸ ਨਾਲ ਮਹਾਂਗੱਠਬੰਧਨ ਬਣਾਇਆ ਤੇ ਪੰਜਵੀਂ ਵਾਰ ਮੁੱਖ ਮੰਤਰੀ ਬਣ ਗਏ। ਤੇਜਸਵੀ ਯਾਦਵ ਨੂੰ ਉਪ ਮੁੱਖ ਮੰਤਰੀ ਬਣਾਇਆ। 2017 ਵਿਚ ਤੇਜਸਵੀ ’ਤੇ ਸੀ ਬੀ ਆਈ ਛਾਪਿਆਂ ਤੋਂ ਬਾਅਦ ਮਹਾਂਗੱਠਬੰਧਨ ਤੋੜ ਕੇ ਭਾਜਪਾ ਨਾਲ ਮਿਲ ਕੇ ਛੇਵੀਂ ਵਾਰ ਮੁੱਖ ਮੰਤਰੀ ਬਣੇ। 2019 ਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਨਾਲ ਮਿਲ ਕੇ ਲੜੇ ਅਤੇ ਐੱਨ ਡੀ ਏ ਨੇ 40 ਵਿੱਚੋਂ 39 ਸੀਟਾਂ ਜਿੱਤੀਆਂ। ਇਕ ਸਾਲ ਬਾਅਦ 2020 ਦੀਆਂ ਅਸੰਬਲੀ ਚੋਣਾਂ ਵਿਚ ਐੱਨ ਡੀ ਏ ਵਿਚ ਹੀ ਰਹੇ। ਸੀਟਾਂ ਘੱਟ ਮਿਲੀਆਂ, ਪਰ ਭਾਜਪਾ ਨੇ ਨਿਤੀਸ਼ ਨੂੰ ਹੀ ਸੱਤਵੀਂ ਵਾਰ ਮੁੱਖ ਮੰਤਰੀ ਬਣਾਇਆ। ਦੋ ਸਾਲ ਬਾਅਦ 2022 ਵਿਚ ਐੱਨ ਡੀ ਏ ਨਾਲੋਂ ਅੱਡ ਹੋ ਗਏ ਤੇ ਰਾਜਦ ਨਾਲ ਮਿਲ ਕੇ ਸਰਕਾਰ ਬਣਾ ਲਈ। ਉਦੋਂ ਅੱਠਵੀਂ ਵਾਰ ਮੁੱਖ ਮੰਤਰੀ ਬਣੇ। ਇਹ ਸਰਕਾਰ ਵੀ ਕਰੀਬ ਡੇਢ ਸਾਲ ਹੀ ਟਿਕ ਸਕੀ।

LEAVE A REPLY

Please enter your comment!
Please enter your name here