ਲੁਧਿਆਣਾ (ਐੱਮ ਐੱਸ ਭਾਟੀਆ)
28 ਜਨਵਰੀ ਦੇਸ਼ ਦੇ ਟਰੇਡ ਯੂਨੀਅਨ ਅੰਦੋਲਨ ਲਈ ਇੱਕ ਯਾਦਗਾਰ ਦਿਨ ਹੈ, ਕਿਉਕਿ ਭਾਰਤ ਦੇ ਪਹਿਲੇ ਰਾਸ਼ਟਰੀ ਕੇਂਦਰ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਬਾਨੀ ਪ੍ਰਧਾਨ ਲਾਲਾ ਲਾਜਪਤ ਰਾਏ ਦੇ ਬੁੱਤ ਦਾ ਉਨ੍ਹਾ ਦੇ ਜਨਮ ਦਿਨ 28 ਜਨਵਰੀ ਨੂੰ ਉਦਘਾਟਨ ਕੀਤਾ ਗਿਆ। ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਆਗੂਆਂ ਨੇ ਇਸ ਮੌਕੇ ਹਾਜ਼ਰੀ ਭਰੀ ਅਤੇ ਇਕੱਠ ਨੂੰ ਸੰਬੋਧਨ ਕੀਤਾ। ਬੁੱਤ ਤੋੋਂ ਪਰਦਾ ਹਟਾਉਣ ਦੀ ਰਸਮ ਏਟਕ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕੀਤੀ। ਇਸ ਤੋਂ ਬਾਅਦ ਲਾਲਾ ਲਾਜਪਤ ਰਾਏ ਦੀ ਪੜਪੋਤੀ ਅਨੀਤਾ ਗੋਇਲ ਅਤੇ ਅਮਰਜੀਤ ਕੌਰ ਨੇ ਇੱਕ ਬੂਟਾ ਲਗਾਇਆ। ਇਹ ਬੂਟਾ ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਦੀ ਟੀਮ ਵੱਲੋਂ ਦੇਸ਼ ਦੇ ਮਹਾਨ ਆਜ਼ਾਦੀ ਘੁਲਾਟੀਆਂ ਦੇ 50 ਪਿੰਡਾਂ ਤੋਂ ਇਕੱਠੀ ਕੀਤੀ ਮਿੱਟੀ ਨਾਲ ਲਾਇਆ ਗਿਆ। ਇਪਟਾ ਦੀ ਟੀਮ ਨੇ ਇਸ ਮੌਕੇ ਗੀਤ ਪੇਸ਼ ਕੀਤੇ। ਇਸ ਤੋਂ ਬਾਅਦ ਏਟਕ ਦੇ ਕੌਮੀ ਸਕੱਤਰ ਮੋਹਨ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਅਮਰਜੀਤ ਕੌਰ, ਅਨੀਤਾ ਗੋਇਲ, ਉੱਤਰ ਪ੍ਰਦੇਸ਼ ਏਟਕ ਦੇ ਪ੍ਰਧਾਨ ਵੀ ਕੇ ਸਿੰਘ, ਜਿਨ੍ਹਾ ਲਾਲਾ ਲਾਜਪਤ ਰਾਏ ਦਾ ਇਹ ਬੁੱਤ ਬਣਵਾਇਆ ਅਤੇ ਸੀਟੂ ਤੋਂ ਅਮਿਤਵ ਗੁਹਾ, ਇੰਟਕ ਤੋਂ ਅਮਜ਼ਦ, ਐੱਚ ਐੱਮ ਐੱਸ ਤੋਂ ਸ੍ਰੀਮਤੀ ਮਨਜੀਤ, ਏਟਕ ਤੋਂ ਆਰ ਕੇ ਸ਼ਰਮਾ, ਏ ਆਈ ਸੀ ਸੀ ਟੀ ਯੂ ਤੋਂ ਰਾਜੀਵ ਡਿਮਰੀ, ਸੇਵਾ ਤੋਂ ਸੁਮਨ, ਐੱਲ ਪੀ ਐੱਫ ਤੋਂ ਰਾਸ਼ਿਦ ਖਾਨ, ਟੀ ਯੂ ਸੀ ਸੀ ਤੋਂ ਧਰਮਿੰਦਰ, ਯੂ ਟੀ ਯੂ ਸੀ ਤੋਂ ਸ਼ਤਰੂਜੀਤ ਸਿੰਘ ਅਤੇ ਆਈ ਟੀ ਯੂ ਸੀ ਤੋਂ ਨਰਿੰਦਰ ਨੇ ਸੰਬੋਧਨ ਕੀਤਾ। ਅਮਰਜੀਤ ਕੌਰ ਨੇ ਮਜ਼ਦੂਰ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਰ ਐੱਸ ਐੱਸ-ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਹਮਲਾਵਰ ਹਮਲੇ ਦਾ ਟਾਕਰਾ ਕਰਨ ਲਈ ਅੱਗੇ ਆਵੇ, ਜੋ ਸਾਡੇ ਦੇਸ਼ ਦੀ ਆਜ਼ਾਦੀ, ਸਵੈ-ਨਿਰਭਰਤਾ ਅਤੇ ਪ੍ਰਭੂਸੱਤਾ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾ ਕਿਹਾ ਕਿ ਸੰਵਿਧਾਨ ’ਚ ਸਾਰੇ ਧਰਮਾਂ ਅਤੇ ਵਿਸ਼ਵਾਸਾਂ ਦੇ ਸਤਿਕਾਰ, ਭਾਸ਼ਾਵਾਂ, ਸੱਭਿਆਚਾਰਾਂ, ਸਾਡੇ ਪਹਿਰਾਵੇ, ਖਾਣ-ਪੀਣ ਦੀਆਂ ਆਦਤਾਂ ਅਤੇ ਭਿੰਨ-ਭਿੰਨ ਤਿਉਹਾਰਾਂ ਦੇ ਬਹੁਲਵਾਦ ਨੂੰ ਇਸ ਸ਼ਾਸਨ ਅਧੀਨ ਚੁਣੌਤੀ ਦਿੱਤੀ ਗਈ ਹੈ। ਲਾਲਾ ਲਾਜਪਤ ਰਾਏ ਨੇ ਜ਼ਾਲਮ ਸਾਮਰਾਜੀਆਂ ਅਤੇ ਪੂੰਜੀਪਤੀਆਂ ਵਿਰੁੱਧ ਮਜ਼ਦੂਰ ਜਮਾਤ ਦੇ ਨਾਲ ਖੜੇ ਹੋ ਕੇ ਭਾਰਤੀ ਲੋਕਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਦੇ ਦਿੱਤੀ ਅਤੇ ਆਜ਼ਾਦ ਭਾਰਤ ਦਾ ਸੁਪਨਾ ਲਿਆ। ਉਨ੍ਹਾ ਦੀ ਯਾਦ ਵਿੱਚ ਅਸੀਂ ਉਨ੍ਹਾਂ ਲੋਕਾਂ ਵਿਰੁੱਧ ਲੜਾਈ ਜਾਰੀ ਰੱਖਣ ਦਾ ਪ੍ਰਣ ਕਰਦੇ ਹਾਂ, ਜੋ ‘ਭਾਰਤ ਦੇ ਵਿਚਾਰ’ ਨੂੰ ਤਬਾਹ ਕਰ ਰਹੇ ਹਨ ਅਤੇ ਦੇਸ਼ ਦੇ ਮਜਦੂੂਰ ਅਤੇ ਕਿਸਾਨ ਇਨ੍ਹਾਂ ਦੁਸ਼ਮਣਾਂ ਨੂੰ ਸੱਤਾ ਦੀਆਂ ਕੁਰਸੀਆਂ ਤੋਂ ਬੇਦਖਲ ਕਰਨਗੇ। ਅਨੀਤਾ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਲਾਲਾ ਲਾਜਪਤ ਰਾਏ ਦੀ ਸ਼ਖਸੀਅਤ ਸਰਬਪੱਖੀ ਅਤੇ ਬਹੁਪੱਖੀ ਸੀ। ਦੇਸ਼ ਦੀ ਆਜ਼ਾਦੀ ਲਈ ਇੱਕ ਮੋਹਰੀ ਲੜਾਕੂ ਹੋਣ ਤੋਂ ਇਲਾਵਾ ਉਹਨਾ ਵੱਖ-ਵੱਖ ਖੇਤਰਾਂ ਵਿੱਚ ਯੋਗਦਾਨ ਪਾਇਆ ਅਤੇ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ।ਸਮੂਹ ਟਰੇਡ ਯੂਨੀਅਨ ਆਗੂਆਂ ਨੇ ਮਜ਼ਦੂਰਾਂ-ਕਿਸਾਨਾਂ ਦੀ ਵਧ ਰਹੀ ਏਕਤਾ ਨੂੰ ਮਜ਼ਬੂਤ ਕਰਨ ਅਤੇ 16 ਫਰਵਰੀ ਨੂੰ ਸਾਂਝੇ ਕਿਸਾਨ ਮੋਰਚੇ ਦੇ ਸੱਦੇ ’ਤੇ ਟਰੇਡ ਯੂਨੀਅਨਾਂ/ ਫੈਡਰੇਸ਼ਨਾਂ ਅਤੇ ਜਥੇਬੰਦੀਆਂ ਵੱਲੋਂ ਉਦਯੋਗਿਕ/ਖੇਤਰੀ ਹੜਤਾਲ ਅਤੇ ਪੇਂਡੂ ਬੰਦ ਦੇ ਨਾਲ-ਨਾਲ ਦੇਸ਼ ਭਰ ਵਿੱਚ ਜਨਤਕ ਲਾਮਬੰਦੀ ਦੇ ਆਗਾਮੀ ਪ੍ਰੋਗਰਾਮਾਂ ਦਾ ਸੱਦਾ ਦਿੱਤਾ। ਇਸ ਨੂੰ ਸਫਲ ਬਣਾਉਣ ਲਈ ਲੜਾਈ ਜਾਰੀ ਰੱਖਣੀ ਹੈ। ਇਸ ਤੋਂ ਬਾਅਦ ਇਸ ਨਿਜ਼ਾਮ ਨੂੰ ਹਟਾਉਣ ਲਈ ਮੁਹਿੰਮ ਜਾਰੀ ਰਹੇਗੀ, ਜੋ ਸਾਡੇ ਦੇਸ਼ ਦੇ ਖਿਲਾਫ ਇੱਕ ਕਾਰਪੋਰੇਟ-ਫਿਰਕੂ ਗਠਜੋੜ ਹੈ। ਲੋਕਾਂ ਨੂੰ ਬਚਾਉਣ ਅਤੇ ਦੇਸ਼ ਨੂੰ ਬਚਾਉਣ ਲਈ ਅੱਗੇ ਵਧਣ ਦਾ ਇਹ ਸਪੱਸ਼ਟ ਸੰਦੇਸ਼ ਦਿੱਤਾ ਗਿਆ। ਕੁਨਾਲ ਰਾਵਤ ਨੇ ਆਪਣੇ ਧੰਨਵਾਦੀ ਮਤੇ ਵਿੱਚ ਕਿਹਾ ਕਿ ਏਟਕ ਦੇ ਬਾਨੀ ਪ੍ਰਧਾਨ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ, ਅੱਜ ਸਾਨੂੰ ਆਜ਼ਾਦੀ, ਇਸ ਦੇ ਲਾਭ ਅਤੇ ਸਾਡੇ ਸੰਵਿਧਾਨ ਦੀ ਰੱਖਿਆ ਦਾ ਫਰਜ਼ ਸੌਂਪਿਆ ਗਿਆ ਹੈ।