ਚੇਨਈ (ਗਿਆਨ ਸੈਦਪੁਰੀ)
ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਇੱਥੇ 28 ਜਨਵਰੀ ਤੋਂ ਚੱਲ ਰਹੀ ਜਨਰਲ ਕੌਂਸਲ ਮੀਟਿੰਗ ਮਹੱਤਵਪੂਰਨ ਫੈਸਲੇ, ਭਵਿੱਖ ਵਿੱਚ ਕੀਤੇ ਜਾਣ ਵਾਲੇ ਕਾਰਜ ਨਿਰਧਾਰਤ ਕਰਕੇ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਆਪਸੀ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ, ਖੱਬੀਆਂ ਧਿਰਾਂ, ਮਜ਼ਦੂਰ ਅਤੇ ਦਲਿਤ ਜਥੇਬੰਦੀਆਂ ਦੀ ਸਾਂਝ ਨੂੰ ਅਧਾਰ ਬਣਾ ਕੇ ਇਨ੍ਹਾਂ ਦੀ ਬੰਦ-ਖੁਲਾਸੀ ਲਈ ਅਕੀਦੇ ਕਰਨ ਨਾਲ ਸਫਲਤਾਪੂਰਵਕ ਮੰਗਲਵਾਰ ਨੂੰ ਸਮਾਪਤ ਹੋ ਗਈ। ਮਨਰੇਗਾ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ, ਦਲਿਤਾਂ ਨੂੰ ਸਮਾਜਕ ਨਿਆਂ ਦਿਵਾਉਣ ਲਈ ਲੰਘੇ ਅਗਸਤ ਮਹੀਨੇ ਵਿੱਚ ਹੈਦਰਾਬਾਦ ਦਲਿਤ ਸਮਿਟ ਦੀ ਰੌਸ਼ਨੀ ਵਿੱਚ ਸੰਘਰਸ਼ ਕਰਨ, ਸੂਬਾ ਅਤੇ ਦੇਸ਼ ਪੱਧਰ ’ਤੇ ਇੰਡੀਆ ਗੱਠਜੋੜ ਨੂੰ ਮਜ਼ਬੂਤ ਕਰਨ, ਮਜ਼ਦੂਰ ਜਥੇਬੰਦੀਆਂ ਦੀਆਂ ਪਿੰਡ ਪੱਧਰ ਦੀਆਂ ਕਮੇਟੀਆਂ ਬਣਾਉਣ ਵੱਲ ਧਿਆਨ ਦੇਣ ਅਤੇ ਸਾਰੇ ਸੂਬਿਆਂ ਦੀਆਂ ਸੂਬਾ ਕੌਂਸਲ ਦੀਆਂ ਮੀਟਿੰਗਾਂ ਜਲਦੀ ਮੁਕੰਮਲ ਕਰਨ ਦੇ ਭਵਿੱਖੀ ਕਾਰਜ ਉਲੀਕੇ ਗਏ।
ਪਾਸ ਕੀਤੇ ਗਏ ਮਤਿਆਂ ਵਿੱਚ ਮਨਰੇਗਾ ਸਕੀਮ ਵਿੱਚ 2024-25 ਲਈ 4 ਲੱਖ ਕਰੋੜ ਰੁਪਏ ਦਾ ਬਜਟ ਰੱਖਣ, ਅਧਾਰ ਕਾਰਡ ਨੂੰ ਜੌਬ ਕਾਰਡ ਨਾਲ ਲਿੰਕ ਕਰਨ ਦਾ ਫੈਸਲਾ ਵਾਪਸ ਲੈਣ, 16 ਫਰਵਰੀ ਨੂੰ ਭਾਰਤ ਪੱਧਰ ਦੀ ਉਦਯੋਗਿਕ ਹੜਤਾਲ ਅਤੇ ਗ੍ਰਾਮੀਣ ਭਾਰਤ ਬੰਦ ਵਿੱਚ ਸਰਗਰਮ ਸ਼ਿਰਕਤ ਕਰਨ ਅਤੇ ਆ ਰਹੀਆਂ ਆਮ ਚੋਣਾਂ ਵਿੱਚ ਫਿਰਕੂ ਤਾਕਤਾਂ ਨੂੰ ਹਰਾਉਣ ਦੀ ਅਪੀਲ ਸ਼ਾਮਲ ਹਨ।
ਸਵੇਰ ਵੇਲੇ ਮਹਾਤਮਾ ਗਾਂਧੀ ਨੂੰ ਪੁਸ਼ਪਾਂਜਲੀ ਭੇਟ ਕਰਨ ਉਪਰੰਤ ਸ਼ੁਰੂ ਹੋਈ ਜਨਰਲ ਕੌਂਸਲ ਦੀ ਮੀਟਿੰਗ ਨੂੰ ਯੂਨੀਅਨ ਦੇ ਪ੍ਰਧਾਨ ਪੇਰੀਆ ਸਾਮੀ, ਸਾਬਕਾ ਪ੍ਰਧਾਨ ਨਗੇਂਦਰ ਨਾਥ ਓਝਾ, ਏ ਰਾਮਾ ਮੂਰਤੀ, ਵੀ ਐੱਸ ਨਿਰਮਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਸੀ ਪੀ ਆਈ ਹਰਿਆਣਾ ਦੇ ਸਕੱਤਰ ਦਰਿਓ ਸਿੰਘ ਕਸ਼ਯਪ ਅਤੇ ਹੋਰ ਆਗੂਆਂ ਨੇ ਵਿਚਾਰ ਪੇਸ਼ ਕੀਤੇ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਸਾਂਝ ਹੋਰ ਮਜ਼ਬੂਤ ਕਰਕੇ ਦੋਹਾਂ ਦੀਆਂ ਸਰਗਰਮੀਆਂ ਨੂੰ ਫਲਦਾਇਕ ਬਣਾਇਆ ਜਾਵੇ ਤਾਂ ਇਸ ਦੇਸ਼ ਦਾ ਨਕਸ਼ਾ ਬਦਲ ਸਕਦਾ ਹੈ। ਉਨ੍ਹਾ ਭਗਤ ਸਿੰਘ ਦੇ ਕਥਨ ਦੇ ਹਵਾਲੇ ਨਾਲ ਕਿਹਾ ਕਿ ਕਈ ਵਾਰ ਕਿਸਾਨੀ ਦੇ ਇੱਕ ਹਿੱਸੇ ਦਾ ਮਜ਼ਦੂਰ ਵਰਗ ਪ੍ਰਤੀ ਰਵੱਈਆ ਉਹ ਨਹੀਂ ਰਹਿੰਦਾ, ਜਿਸ ਦੀ ਤਵੱਕੋ ਕੀਤੀ ਜਾਂਦੀ ਹੈ। ਗੋਰੀਆ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਭਾਰਤੀ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਖੇਤ ਮਜ਼ਦੂਰਾਂ ਦੀ ਸ਼ਕਤੀ ਨੂੰ ਤਕੜੀ ਕਰਨ ਲਈ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ। ਇਸ ਤੋਂ ਇਲਾਵਾ ਭਾਰਤੀ ਖੇਤ ਮਜ਼ਦੂਰ ਯੂਨੀਅਨ ਵੱਲੋਂ ਅਜ਼ਾਦਾਨਾ ਤੌਰ ਅਤੇ ਭਰਾਤਰੀ ਜਥੇਬੰਦੀਆਂ ਨਾਲ ਸਾਂਝੇ ਤੌਰ ’ਤੇ ਵੀ ਸੰਘਰਸ਼ ਕੀਤੇ ਜਾਣਗੇ। ਉਨ੍ਹਾ ਦੱਸਿਆ ਕਿ 8 ਅਪ੍ਰੈਲ ਤੋਂ 14 ਅਪ੍ਰੈਲ ਤੱਕ ਸੈਨੇਗਲ (ਦੱਖਣੀ ਅਫਰੀਕਾ) ਵਿੱਚ ਹੋ ਰਹੀ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਨੁਮਾਇੰਦੇ ਵੀ ਸ਼ਾਮਲ ਹੋਣਗੇ। ਕਾਮਰੇਡ ਗੋਰੀਆ ਨੇ ਮਜ਼ਦੂਰ ਜਥੇਬੰਦੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਲਹੂ ਵੀਟਵੇਂ ਲੜੇ ਸੰਘਰਸ਼ਾਂ ਦੇ ਹਵਾਲੇ ਨਾਲ ਕਿਹਾ ਕਿ ਮਜ਼ਦੂਰ ਵਰਗ ਦੇ ਜ਼ਖ਼ਮ ਅਜੇ ਵੀ ਰਿਸ ਰਹੇ ਹਨ। ਉਨ੍ਹਾ ਸਵਾਲ ਕੀਤਾ ਕਿ ਰਿਸਦੇ ਜ਼ਖ਼ਮਾਂ ਨੂੰ ਸੁੱਕਣ ਲਈ ਹੋਰ ਕਿੰਨਾ ਸਮਾਂ ਉਡੀਕ ਕੀਤੀ ਜਾਵੇਗੀ। ਉਨ੍ਹਾ ਵੱਖ-ਵੱਖ ਸੂਬਿਆਂ ਵਿੱਚ ਖੇਤ ਮਜ਼ਦੂਰ ਸੰਗਠਨਾਂ ਵੱਲੋਂ ਆਪਣੇ ਮੈਗਜ਼ੀਨ ਕੱਢੇ ਜਾਣ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਲੰਮਾ ਸਮਾਂ ‘ਖੇਤ ਮਜ਼ਦੂਰ ਏਕਤਾ’ ਨਾਂਅ ਦਾ ਮੈਗਜ਼ੀਨ ਨਿਕਲਦਾ ਰਿਹਾ ਹੈ। ਉਨ੍ਹਾ ਐਲਾਨ ਕੀਤਾ ਕਿ ਇਸੇ ਤਰਜ਼ ’ਤੇ ਜਲਦੀ ਹੀ ਮੈਗਜ਼ੀਨ ਨਿਕਲਣਾ ਸ਼ੁਰੂ ਹੋ ਜਾਵੇਗਾ। ਉਹਨਾ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਨੂੰ ਮੈਂਬਰਸ਼ਿਪ ਅਤੇ ਫੰਡ ਕੋਟਿਆਂ ਦੀ ਪੂਰਤੀ ਲਈ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਜੇਕਰ ਜਥੇਬੰਦੀ ਮਜ਼ਬੂਤ ਹੋਵੇਗੀ, ਤਦ ਹੀ ਸਿਆਸੀ ਮੰਚ ’ਤੇ ਆਪਣੀ ਗੱਲ ਠੋਸ ਤਰੀਕੇ ਨਾਲ ਰੱਖੀ ਜਾ ਸਕਦੀ ਹੈ। ਮੀਟਿੰਗ ਦੇ ਅੰਤ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਮੀਤ ਪ੍ਰਧਾਨ ਏ ਰਾਮਾ ਮੂਰਤੀ ਨੇ ਸਭ ਦਾ ਧੰਨਵਾਦ ਕੀਤਾ।