ਇਸਲਾਮਾਬਾਦ : ਪਾਕਿਸਤਾਨ ਦੀਆਂ 8 ਫਰਵਰੀ ਨੂੰ ਹੋਣ ਜਾ ਰਹੀਆਂ ਆਮ ਚੋਣਾਂ ਤੋਂ ਪਹਿਲਾਂ ਮੰਗਲਵਾਰ ਸਿਫਰ ਮਾਮਲੇ ’ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਤੇ ਉਨ੍ਹਾ ਦੇ ਵਿਦੇਸ਼ ਮੰਤਰੀ ਰਹੇ ਸ਼ਾਹ ਮਹਿਮੂਦ ਕੁਰੈਸ਼ੀ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਸਰਕਾਰੀ ਭੇਦ ਬਾਰੇ ਕਾਨੂੰਨ ਤਹਿਤ ਸਥਾਪਤ ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜ਼ੁਲਕਰਨੈਨ ਨੇ ਰਾਵਲਪਿੰਡੀ ਦੀ ਅਦਿਆਲਾ ਜੇਲ੍ਹ ’ਚ ਕੇਸ ਦੀ ਸੁਣਵਾਈ ਦੌਰਾਨ ਇਹ ਫੈਸਲਾ ਦਿੱਤਾ ਹੈ। ਸਿਫਰ ਮਾਮਲਾ ਇਕ ਡਿਪਲੋਮੈਟਿਕ ਦਸਤਾਵੇਜ਼ (ਸਿਫਰ) ਨਾਲ ਸੰਬੰਧਤ ਹੈ। ਕੇਂਦਰੀ ਜਾਂਚ ਏਜੰਸੀ ਨੇ ਦੋਸ਼ ਲਾਇਆ ਸੀ ਕਿ ਇਮਰਾਨ ਨੇ ਉਹ ਵਾਪਸ ਨਹੀਂ ਕੀਤਾ। ਇਮਰਾਨ ਦੀ ਪਾਰਟੀ ਪੀ ਟੀ ਆਈ ਕਹਿੰਦੀ ਰਹੀ ਹੈ ਕਿ ਇਸ ਦਸਤਾਵੇਜ਼ ਵਿਚ ਅਮਰੀਕਾ ਦੀ ਇਮਰਾਨ ਨੂੰ ਸੱਤਾ ਵਿਚ ਲਾਹੁਣ ਦੀ ਧਮਕੀ ਸੀ। ਦੋਸ਼ ਹੈ ਕਿ ਇਮਰਾਨ ਨੇ ਇਹ ਗੁਪਤ ਦਸਤਾਵੇਜ਼ ਇਕ ਰੈਲੀ ਵਿਚ ਲਹਿਰਾਇਆ ਸੀ। ਜੱਜ ਨੇ ਇਮਰਾਨ ਨੂੰ ਪੁੱਛਿਆ ਸੀ ਕਿ ਸਿਫਰ ਕਿੱਥੇ ਹੈ।
ਇਮਰਾਨ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ, ਦਫਤਰ ਵਿਚ ਹੀ ਹੋਵੇਗਾ। ਚੋਣ ਕਮਿਸ਼ਨ ਇਮਰਾਨ ਦੀ ਪਾਰਟੀ ਦਾ ਚੋਣ ਨਿਸ਼ਾਨ ਜ਼ਬਤ ਕਰ ਚੁੱਕਾ ਹੈ ਤੇ ਉਸ ਦੇ ਉਮੀਦਵਾਰ ਵੱਖ-ਵੱਖ ਨਿਸ਼ਾਨਾਂ ’ਤੇ ਚੋਣ ਲੜ ਰਹੇ ਹਨ। ਇਮਰਾਨ ਤੇ ਕੁਰੈਸ਼ੀ ਜੇਲ੍ਹ ਵਿਚ ਹੀ ਹਨ। ਇਮਰਾਨ ਦੀ ਤਾਂ ਉਮੀਦਵਾਰੀ ਵੀ ਰੱਦ ਕੀਤੀ ਜਾ ਚੁੱਕੀ ਹੈ, ਜਦਕਿ ਕੁਰੈਸ਼ੀ ਨੇ ਥਾਰ ਹਲਕੇ ਤੋਂ ਚੋਣ ਲੜਨੀ ਸੀ, ਪਰ ਫੈਸਲੇ ਤੋਂ ਬਾਅਦ ਦੋਨੋਂ ਚੋਣ ਲੜਨ ਦੇ ਅਯੋਗ ਹੋ ਜਾਣਗੇ। ਇਸ ਤੋਂ ਪਹਿਲਾਂ ਤੋਸ਼ਾਖਾਨਾ ਕੇਸ ਵਿਚ 5 ਅਗਸਤ ਨੂੰ ਇਮਰਾਨ ਨੂੰ ਤਿੰਨ ਸਾਲ ਦੀ ਸਜ਼ਾ ਹੋਈ ਸੀ।
ਇਮਰਾਨ ਖਾਨ ਦੀ ਪਾਰਟੀ ਪੀ ਟੀ ਆਈ ਨੇ ਫੈਸਲੇ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਹੈ ਕਿ ਇਹ ਇੱਕ ਭੜਕਾਊ ਮਾਮਲਾ ਹੈ। ਉਹ ਇਸ ਫੈਸਲੇ ਨੂੰ ਹਾਈ ਕੋਰਟ ’ਚ ਚੁਣੌਤੀ ਦੇਵੇਗੀ। ਉਸ ਨੇ ਲੋਕਾਂ ਨੂੰ ਵੱਡੀ ਗਿਣਤੀ ਵਿਚ ਵੋਟਿੰਗ ਦੀ ਅਪੀਲ ਕੀਤੀ ਹੈ।