ਅਮਰੂਦ ਮੁਆਵਜ਼ਾ ਘੁਟਾਲੇ ’ਚ ਬਾਗਬਾਨੀ ਵਿਕਾਸ ਅਧਿਕਾਰੀ ਸਿੱਧੂ ਗਿ੍ਰਫ਼ਤਾਰ

0
232

ਚੰਡੀਗੜ੍ਹ, (ਗੁਰਜੀਤ ਬਿੱਲਾ)
ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਐੱਸ ਏ ਐੱਸ ਨਗਰ ਜ਼ਿਲ੍ਹੇ ਦੇ ਖਰੜ ਅਤੇ ਡੇਰਾ ਬੱਸੀ ਵਿਖੇ ਤਾਇਨਾਤ ਬਾਗਬਾਨੀ ਵਿਕਾਸ ਅਫਸਰ (ਐੱਚ ਡੀ ਓ) ਜਸਪ੍ਰੀਤ ਸਿੰਘ ਸਿੱਧੂ ਨੂੰ ਗਿ੍ਰਫ਼ਤਾਰ ਕੀਤਾ ਹੈ, ਜੋ ਐੱਸ ਏ ਐੱਸ ਨਗਰ ਵਿੱਚ ਅਮਰੂਦ ਦੇ ਮੁਆਵਜ਼ੇ ਸਬੰਧੀ ਬਹੁ-ਕਰੋੜੀ ਘੁਟਾਲੇ ਵਿੱਚ ਮੁਲਜ਼ਮ ਸੀ। ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਿੱਧੂ ਨੇ ਇਕ ਸਤੰਬਰ 2023 ਨੂੰ ਹਾਈ ਕੋਰਟ ਤੋਂ ਅੰਤਰਮ ਜ਼ਮਾਨਤ ਪ੍ਰਾਪਤ ਕਰ ਲਈ। ਹਾਲਾਂਕਿ, ਬਿਊਰੋ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਅਤੇ ਉਸ ਦੀ ਹਿਰਾਸਤੀ ਪੁੱਛਗਿੱਛ ਲਈ ਲੰਮੀਆਂ ਅਤੇ ਵਿਸਤਿ੍ਰਤ ਦਲੀਲਾਂ ਦੌਰਾਨ ਜਵਾਬ ਵਜੋਂ 3 ਹਲਫਨਾਮੇ/ ਜਵਾਬੀ ਹਲਫਨਾਮੇ ਦਾਇਰ ਕੀਤੇ। ਵਿਜੀਲੈਂਸ ਬਿਊਰੋ ਨੇ ਸਿੱਧੂ ਦੇ ਹੋਰ ਮੁਲਜ਼ਮ ਲਾਭਪਾਤਰੀਆਂ ਨਾਲ ਸੰਬੰਧ ਦਰਸਾਉਂਦੇ ਕਾਲ ਰਿਕਾਰਡ, ਵੱਖ-ਵੱਖ ਗਵਾਹਾਂ ਦੇ ਬਿਆਨ, ਛੇੜਛਾੜ ਕੀਤੇ ਤੇ ਜਾਲ੍ਹੀ ਦਸਤਾਵੇਜ਼ੀ ਰਿਕਾਰਡ ਅਤੇ ਗਮਾਡਾ ਕੋਲ ਪੇਸ਼ ਕੀਤੀ ਗਈ ਰਿਪੋਰਟ ਅਤੇ ਸੂਬੇ ਦੇ ਬਾਗਬਾਨੀ ਵਿਭਾਗ ਕੋਲ ਉਸੇ ਰਿਪੋਰਟ ਦੀ ਦਫਤਰੀ ਕਾਪੀ ਵਿਚਕਾਰ ਅੰਤਰ ਨੂੰ ਸਪੱਸ਼ਟ ਤੌਰ ’ਤੇ ਉਜਾਗਰ ਕੀਤਾ। ਇਸ ਤੋਂ ਇਲਾਵਾ ਦਫ਼ਤਰੀ ਕਾਪੀ ਵਿੱਚ ਉਕਤ ਬੂਟਿਆਂ ਦੀ ਦਰਸਾਈ ਗਈ ਸ਼੍ਰੇਣੀ ਗਮਾਡਾ ਕੋਲ ਪੇਸ਼ ਕੀਤੀ ਗਈ ਰਿਪੋਰਟ ਵਿੱਚ ਦਰਸਾਈ ਸ਼੍ਰੇਣੀ ਨਾਲੋਂ ਕਾਫ਼ੀ ਵੱਧ ਸੀ। ਇਸ ਉਪਰੰਤ ਹਾਈ ਕੋਰਟ ਨੇ ਉਸ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਮੁਲਜ਼ਮ ਐੱਚ ਡੀ ਓ ਫਰਾਰ ਹੋ ਗਿਆ ਅਤੇ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਉਸ ਨੂੰ ਮੰਗਲਵਾਰ ਐੱਸ ਏ ਐੱਸ ਨਗਰ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਮੁਲਜ਼ਮ 2004 ਤੋਂ 2019 ਤੱਕ ਲਗਾਤਾਰ ਪਿਛਲੇ 15 ਸਾਲਾਂ ਤੋਂ ਐੱਚ ਡੀ ਓ. ਖਰੜ ਦੇ ਅਹੁਦੇ ’ਤੇ ਤਾਇਨਾਤ ਸੀ ਅਤੇ ਗਮਾਡਾ ਵੱਲੋਂ ਐਕਵਾਇਰ ਕੀਤੀਆਂ ਜ਼ਮੀਨਾਂ, ਜਿਵੇਂ ਐਰੋਸਿਟੀ, ਆਈ ਟੀ ਸਿਟੀ, ਸੈਕਟਰ 88-89 ਆਦਿ ’ਤੇ ਮੌਜੂਦ ਫਲਦਾਰ ਦਰੱਖਤਾਂ ਦੀ ਮਾਰਕੀਟ ਕੀਮਤ ਦਾ ਮੁਲਾਂਕਣ ਕਰਨ ’ਚ ਸ਼ਾਮਲ ਸੀ।

LEAVE A REPLY

Please enter your comment!
Please enter your name here