ਚੰਡੀਗੜ੍ਹ ਮੇਅਰ ਚੋਣਾਂ ’ਚ ਗੇੜਾ
ਚੰਡੀਗੜ੍ਹ : ਭਾਜਪਾ ਦੇ ਮਨੋਜ ਸੋਨਕਰ ਨੂੰ ਮੰਗਲਵਾਰ ਕਾਂਗਰਸ ਤੇ ਆਪ ਦੇ ਸਾਂਝੇ ਉਮੀਦਵਾਰ ਕੁਲਦੀਪ ਟੀਟਾ ਵਿਰੁੱਧ 12 ਦੇ ਮੁਕਾਬਲੇ 16 ਵੋਟਾਂ ਨਾਲ ਜੇਤੂ ਕਰਾਰ ਦੇ ਕੇ ਚੰਡੀਗੜ੍ਹ ਦਾ ਮੇਅਰ ਐਲਾਨ ਦਿੱਤਾ ਗਿਆ। 8 ਵੋਟਾਂ ਅਯੋਗ ਠਹਿਰਾਈਆਂ ਗਈਆਂ, ਜਿਸ ਵਿਰੁੱਧ ਆਪੋਜ਼ੀਸ਼ਨ ਆਗੂਆਂ ਨੇ ਰਿਗਿੰਗ ਦੇ ਦੋਸ਼ ਲਾਏ।
ਸੋਨਕਰ ਦੇ ਮੇਅਰ ਦੀ ਕੁਰਸੀ ’ਤੇ ਬੈਠਦਿਆਂ ਆਪੋਜ਼ੀਸ਼ਨ ਨੇ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਖਿਲਾਫ ਪ੍ਰੋਟੈੱਸਟ ਕੀਤਾ ਤਾਂ ਉਨ੍ਹਾਂ ਨੂੰ ਮਾਰਸ਼ਲ ਬੁਲਾ ਕੇ ਬਾਹਰ ਕਰ ਦਿੱਤਾ ਗਿਆ। ਆਪੋਜ਼ੀਸ਼ਨ ਨੇ ਦੋਸ਼ ਲਾਇਆ ਕਿ ਮਸੀਹ ਨੇ ਪਈਆਂ ਵੋਟਾਂ ਨਾਲ ਛੇੜਛਾੜ ਕੀਤੀ।
ਮੇਅਰ ਦੀ ਚੋਣ ਤੋਂ ਬਾਅਦ ਭਾਜਪਾ ਦੇ ਕੁਲਜੀਤ ਸਿੰਘ ਨੂੰ ਕਾਂਗਰਸ ਦੇ ਗੁਰਪ੍ਰੀਤ ਸਿੰਘ ਗੈਬੀ ਦੇ ਖਿਲਾਫ ਸੀਨੀਅਰ ਡਿਪਟੀ ਮੇਅਰ ਤੇ ਰਜਿੰਦਰ ਸ਼ਰਮਾ ਨੂੰ ਕਾਂਗਰਸ ਦੀ ਨਿਰਮਲਾ ਦੇਵੀ ਖਿਲਾਫ ਡਿਪਟੀ ਮੇਅਰ ਦੇ ਤੌਰ ’ਤੇ ਜੇਤੂ ਐਲਾਨ ਦਿੱਤਾ ਗਿਆ। ਸਮਝੌਤੇ ਤਹਿਤ ਆਪ ਨੇ ਮੇਅਰ ਅਤੇ ਕਾਂਗਰਸ ਨੇ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਲੜਨੀ ਸੀ। ਇਨ੍ਹਾਂ ਦੇ ਕੌਂਸਲਰ ਭਾਜਪਾ ਨਾਲੋਂ ਵੱਧ ਸਨ। ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚਿੱਟੇ ਦਿਨ ਧੋਖਾਧੜੀ ਕੀਤੀ ਗਈ ਹੈ। ਜੇ ਇਹ ਲੋਕ ਮੇਅਰ ਦੀ ਚੋਣ ਵਿਚ ਏਨੇ ਡਿੱਗ ਸਕਦੇ ਹਨ ਤਾਂ ਕੌਮੀ ਚੋਣਾਂ ਵਿਚ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਇਹ ਬਹੁਤ ਚਿੰਤਾ ਦਾ ਮਾਮਲਾ ਹੈ। ਮਾਮਲਾ ਹਾਈ ਕੋਰਟ ਪੁੱਜ ਗਿਆ ਹੈ ਤੇ ਬੁੱਧਵਾਰ ਸੁਣਵਾਈ ਹੋ ਸਕਦੀ ਹੈ। ਆਪ ਸਾਂਸਦ ਰਾਘਵ ਚੱਢਾ ਤੇ ਕਾਂਗਰਸ ਦੇ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਨੇ ਪ੍ਰੀਜ਼ਾਈਡਿੰਗ ਅਧਿਕਾਰੀ ਅਨਿਲ ਮਸੀਹ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗਿ੍ਰਫਤਾਰ ਕਰਨ ਦੀ ਮੰਗ ਕੀਤੀ ਹੈ। ਉਨ੍ਹਾ ਕਿਹਾ ਕਿ ਸਭ ਗੈਰਕਾਨੂੰਨੀ ਹੋਇਆ ਹੈ ਤੇ ਜਮਹੂਰੀਅਤ ਕਤਲ ਕਰ ਦਿੱਤੀ ਗਈ।