ਪਟਨਾ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਬੁੱਧਵਾਰ ਕਿਹਾ ਕਿ ਉਹ ਹੁਣ ਹਮੇਸ਼ਾ ਲਈ ਕੌਮੀ ਜਮਹੂਰੀ ਗਠਜੋੜ (ਐੱਨ ਡੀ ਏ) ’ਚ ਰਹਿਣਗੇ ਅਤੇ ਆਪਣੇ ਰਾਜ ਦੇ ਲੋਕਾਂ ਲਈ ਕੰਮ ਕਰਦੇ ਰਹਿਣਗੇ। ਜਨਤਾ ਦਲ (ਯੂਨਾਈਟਿਡ) ਦੇ ਸੁਪਰੀਮੋ ਦੀ ਟਿੱਪਣੀ ਬਿਹਾਰ ’ਚ ਭਾਰਤੀ ਜਨਤਾ ਪਾਰਟੀ ਦੇ ਸਮਰਥਨ ਨਾਲ ਨਵੀਂ ਸਰਕਾਰ ਬਣਾਉਣ ਲਈ ਮਹਾਂਗਠਬੰਧਨ ਅਤੇ ਇੰਡੀਆ ਗੱਠਜੋੜ ਨੂੰ ਛੱਡਣ ਤੋਂ ਕੁਝ ਦਿਨ ਬਾਅਦ ਆਈ ਹੈ। ਵਿਰੋਧੀ ਧਿਰ ਦੇ ਗੱਠਜੋੜ ਦੇ ਨਾਂਅ ਇੰਡੀਆਂ ਬਾਰੇ ਉਨ੍ਹਾ ਕਿਹਾਮੈਂ ਇੰਡੀਆ ਦੀ ਥਾਂ ਕੋਈ ਹੋਰ ਨਾਂਅ ਰੱਖਣ ਲਈ ਕਿਹਾ ਸੀ, ਪਰ ਉਹ ਪਹਿਲਾਂ ਹੀ ਇਸ ਨੂੰ ਅੰਤਮ ਰੂਪ ਦੇ ਚੁੱਕੇ ਸਨ। ਇੰਡੀਆ ਗਠਜੋੜ ’ਚ ਜਿੰਨੇ ਮੂੰਹ, ਓਨੀਆਂ ਗੱਲਾਂ ਹਨ। ਅੱਜ ਤੱਕ ਉਨ੍ਹਾ ਇਹ ਫੈਸਲਾ ਨਹੀਂ ਕੀਤਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ’ਤੇ ਚੋਣ ਲੜੇਗੀ।
ਅਸੀਂ ਹੀ ਭਾਜਪਾ ਨਾਲ ਲੜਨ ਦੇ ਸਮਰੱਥ : ਮਮਤਾ
ਕੋਲਕਾਤਾ : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਕਿਹਾ ਕਿ ਜੇ ਕੇਂਦਰ ਨੇ 1 ਫਰਵਰੀ ਤੱਕ ਰਾਜ ਦਾ ਬਕਾਇਆ ਨਾ ਦਿੱਤਾ ਤਾਂ ਉਹ ਧਰਨੇ ’ਤੇ ਬੈਠ ਜਾਣਗੇ। ਉਨ੍ਹਾ ਕਿਹਾ ਕਿ ਕਾਂਗਰਸ ਨੇ ਲੋਕ ਸਭਾ ਚੋਣਾਂ ’ਚ ਬੰਗਾਲ ’ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਸੀ ਪੀ ਆਈ (ਐੱਮ) ਨਾਲ ਹੱਥ ਮਿਲਾਇਆ, ਪਰ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਟੀ ਐੱਮ ਸੀ ਤੋਂ ਇਲਾਵਾ ਬੰਗਾਲ ’ਚ ਕੋਈ ਵੀ ਪਾਰਟੀ ਸਿਆਸੀ ਤੌਰ ’ਤੇ ਭਾਜਪਾ ਨਾਲ ਲੜਨ ਦੇ ਸਮਰੱਥ ਨਹੀਂ ਹੈ।
ਸੋਨੇ ਦੀ ਮੰਗ ਘਟੀ
ਮੁੰਬਈ : ਭਾਰਤ ਵਿਚ ਸੋਨੇ ਦੀ ਮੰਗ 2023 ਵਿਚ ਸਾਲਾਨਾ ਆਧਾਰ ’ਤੇ ਤਿੰਨ ਫੀਸਦੀ ਘਟ ਕੇ 747.5 ਟਨ ਰਹਿ ਗਈ। ਵਰਲਡ ਗੋਲਡ ਕੌਂਸਲ ਦੀ ਸੋਨਾ ਮੰਗ ਰੁਝਾਨ ਰਿਪੋਰਟ-2023 ਮੁਤਾਬਕ 2022 ’ਚ ਦੇਸ਼ ਦੀ ਮੰਗ 774.1 ਟਨ ਸੀ, ਜੋ 2023 ’ਚ ਘਟ ਕੇ 747.5 ਟਨ ਰਹਿ ਗਈ।