ਮਾਲਦਾ : ਕਾਂਗਰਸ ਨੇ ਬੁੱਧਵਾਰ ਕਿਹਾ ਕਿ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਪੱਛਮੀ ਬੰਗਾਲ ਦੇ ਮਾਲਦਾ ਜ਼ਿਲ੍ਹੇ ਵਿਚ ਰਾਹੁਲ ਗਾਂਧੀ ਦੀ ਕਾਰ ਦਾ ਸ਼ੀਸ਼ਾ ਅੱਗੇ ਮਹਿਲਾ ਆਉਣ ਕਰਕੇ ਅਚਾਨਕ ਬਰੇਕ ਲਾਉਣ ਕਰਕੇ ਟੁੱਟਿਆ। ਪਾਰਟੀ ਨੇ ਕਿਹਾਮਾਲਦਾ ਵਿਚ ਰਾਹੁਲ ਨੂੰ ਮਿਲਣ ਲਈ ਭੀੜ ਜੁਟ ਗਈ ਸੀ। ਇਕ ਮਹਿਲਾ ਅਚਾਨਕ ਕਾਰ ਦੇ ਸਾਹਮਣੇ ਆ ਗਈ, ਜਿਸ ਕਰਕੇ ਬਰੇਕ ਲਾਉਣੀ ਪਈ। ਕਾਰ ਦਾ ਸ਼ੀਸ਼ਾ ਸੁਰੱਖਿਆ ਸਰਕਲ ਵਿਚ ਕੀਤੀ ਵਾੜਬੰਦੀ ਕਾਰਨ ਟੁੱਟ ਗਿਆ। ਪਾਰਟੀ ਨੇ ਕਿਹਾ ਕਿ ਰਾਹੁਲ ਗਾਂਧੀ ਅਨਿਆਂ ਵਿਰੁੱਧ ਨਿਆਂ ਲਈ ਲੜ ਰਹੇ ਹਨ। ਲੋਕ ਉਨ੍ਹਾ ਦੇ ਨਾਲ ਹਨ ਤੇ ਉਹ ਹੀ ਸੁਰੱਖਿਆ ਕਰ ਰਹੇ ਹਨ। ਇਸ ਤੋਂ ਪਹਿਲਾਂ ਸੂਬਾ ਕਾਂਗਰਸ ਪ੍ਰਧਾਨ ਅਧੀਰ ਰੰਜਨ ਚੌਧਰੀ ਨੇ ਕਿਹਾ ਸੀ ਕਿ ਅਣਪਛਾਤਿਆਂ ਨੇ ਕਾਰ ’ਤੇ ਪਥਰਾਅ ਕੀਤਾ।
ਪੁੱਠਾ ਕੰਮ ਕਰਦਾ ਮਾਸਟਰ ਨੱਪਿਆ
ਨਾਗਪੁਰ : ਮਹਾਰਾਸ਼ਟਰ ਦੇ ਨਾਗਪੁਰ ਵਿਚ ਉਦਯੋਗਿਕ ਪ੍ਰਦਰਸ਼ਨੀ ਵਾਲੀ ਥਾਂ ’ਤੇ ਪਖਾਨਿਆਂ ਵਿਚ ਘੱਟੋ-ਘੱਟ 12 ਔਰਤਾਂ ਦੀ ਵੀਡੀਓ ਬਣਾਉਣ ਦੇ ਦੋਸ਼ ਵਿਚ ਪੁਲਸ ਨੇ ਸਕੂਲ ਅਧਿਆਪਕ ਨੂੰ ਗਿ੍ਰਫਤਾਰ ਕੀਤਾ ਹੈ। ਇਹ ਔਰਤਾਂ ਪ੍ਰੋਗਰਾਮ ’ਚ ਹਿੱਸਾ ਲੈਣ ਆਈਆਂ ਸਨ। ਮੁਲਜ਼ਮ ਮੰਗੇਸ਼ ਵਿਨਾਇਕਰਾਓ ਖਾਪਰੇ (37) ਨਾਗਪੁਰ ਦੇ ਕਾਸਰਪੁਰਾ ਦਾ ਵਾਸੀ ਹੈ। ਉਸ ਨੇ ਆਪਣੇ ਮੋਬਾਇਲ ’ਤੇ ਪਖਾਨੇ ਦੀ ਖਿੜਕੀ ਤੋਂ ਔਰਤਾਂ ਦੀਆਂ ਵੀਡੀਓਜ਼ ਰਿਕਾਰਡ ਕੀਤੀਆਂ ਸਨ।