ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਧਾਰਾ 295 ਰੱਦ ਕਰਨ ਦੀ ਮੰਗ

0
232

ਜਲੰਧਰਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਵਿਚਾਰ ਪ੍ਰਗਟਾਵੇ ਦੇ ਬੁਨਿਆਦੀ ਅਧਿਕਾਰ ਦਾ ਗਲਾ ਘੁਟਣ ਵਾਲੀ ਧਾਰਾ 295 ਅਤੇ ਇਸ ਦਾ ਵਿਸਤਾਰ 295-ਏ ਭਾਰਤੀ ਰਾਜ ਵੱਲੋਂ ਸਭਨਾਂ ਫਿਰਕੂ ਤਾਕਤਾਂ ਦੇ ਹੱਥ ਵਿੱਚ ਦਿੱਤਾ ਹੋਇਆ ਲੋਕ-ਦੋਖੀ ਹਥਿਆਰ ਹੈ। ਇਸ ਨੂੰ ਫਿਰਕਾਪ੍ਰਸਤੀ ਖਿਲਾਫ਼ ਆਵਾਜ਼ ਉਠਾਉਣ ਵਾਲੇ ਅਤੇ ਸਮਾਜ ਅੰਦਰਲੇ ਅੰਧ-ਵਿਸ਼ਵਾਸਾਂ ਨੂੰ ਰੱਦ ਕਰਕੇ ਵਿਗਿਆਨਕ ਵਿਚਾਰਾਂ ਦੇ ਚਾਨਣ ਦਾ ਛੱਟਾ ਦੇਣ ਵਾਲੇ ਹਿੱਸਿਆਂ ਖ਼ਿਲਾਫ਼ ਵਰਤਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਹਨਾਂ ਦਿਨਾਂ ’ਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸਰਗਰਮ ਆਗੂ ਸੁਰਜੀਤ ਦੌਧਰ ਸਮੇਤ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਚੜ੍ਹਦੇ ਸੂਰਜ ਇਹ ਧਾਰਾਵਾਂ ਮੜ੍ਹੀਆਂ ਜਾਣ ਦਾ ਸਿਲਸਿਲਾ ਫੌਰੀ ਬੰਦ ਕੀਤਾ ਜਾਏ।
ਦੇਸ਼ ਭਗਤ ਯਾਦਗਾਰ ਕਮੇਟੀ ਦਾ ਵਿਚਾਰ ਹੈ ਕਿ ਅਜਿਹੀਆਂ ਲੋਕਾਂ ਦੇ ਜਨਮ ਸਿੱਧ ਅਧਿਕਾਰਾਂ ’ਤੇ ਛਾਪੇ ਮਾਰਨ ਵਾਲੀਆਂ ਧਾਰਾਵਾਂ ਰੱਦ ਕਰਨ ਦੀ ਮੰਗ ਸਭਨਾਂ ਜਮਹੂਰੀ, ਇਨਸਾਫਪਸੰਦ ਤੇ ਅਗਾਂਹਵਧੂ ਲੋਕਾਂ ਦੀ ਸਾਂਝੀ ਮੰਗ ਹੈ। ਜਿਹੜੀ ਧਾਰਾ ਹੀ ਗੈਰ ਜਮਹੂਰੀ ਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਗਲ਼ ਘੁਟਦੀ ਹੈ, ਉਸ ਅਧੀਨ ਦਰਜ ਕੇਸ ਨੂੰ ਕਿਸੇ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ। ਕਮੇਟੀ ਦਾ ਕਹਿਣਾ ਹੈ ਕਿ ਗ਼ਦਰੀ ਦੇਸ਼ ਭਗਤਾਂ ਸਮੇਤ ਆਜ਼ਾਦੀ ਲਈ ਜੱਦੋਜਹਿਦ ਦੇ ਮੈਦਾਨ ਵਿੱਚ ਉੱਤਰੀਆਂ ਲਹਿਰਾਂ ਦੀ ਇਤਿਹਾਸਕ ਵਿਰਾਸਤ ਸਾਥੋਂ ਇਹ ਜ਼ੋਰਦਾਰ ਮੰਗ ਕਰਦੀ ਹੈ ਕਿ ਮੁਢਲੇ ਜਮਹੂਰੀ ਹੱਕਾਂ ਦੀ ਰਾਖੀ ਲਈ ਮਿਲ਼ ਕੇ ਆਵਾਜ਼ ਉਠਾਈ ਜਾਵੇ। ਉਹਨਾਂ ਆਪਣੇ ਬਿਆਨ ਵਿੱਚ ਜ਼ੋਰ ਦੇ ਕੇ ਕਿਹਾ ਹੈ ਕਿ ਸਮੂਹ ਲੋਕ-ਪੱਖੀ ਸੰਸਥਾਵਾਂ ਨੂੰ ਤੁਰੰਤ ਸਿਰ ਜੋੜ ਕੇ ਸਾਂਝੀ ਲੋਕ ਆਵਾਜ਼ ਬੁਲੰਦ ਕਰਨ ਦੀ ਲੋੜ ਹੈ, ਤਾਂ ਜੋ ਅਜਿਹੇ ਕਦਮਾਂ ਨੂੰ ਪਿਛਲ ਮੋੜਾ ਦਿੱਤਾ ਜਾ ਸਕੇ।

LEAVE A REPLY

Please enter your comment!
Please enter your name here