ਚੰਡੀਗੜ੍ਹ : ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ, ਜ਼ਿਲ੍ਹਾ ਚੰਡੀਗੜ੍ਹ ਦੇ ਸਕੱਤਰ ਰਾਜ ਕੁਮਾਰ ਅਤੇ ਪ੍ਰਸਿੱਧ ਟਰੇਡ ਯੂਨੀਅਨ ਆਗੂ ਦੇਵੀ ਦਿਆਲ ਸ਼ਰਮਾ ਨੇ ਸਾਂਝਾ ਬਿਆਨ ਜਾਰੀ ਕਰਕੇ ਚੰਡੀਗੜ੍ਹ ਮੇਅਰ ਚੋਣਾਂ ਵਿਚ ਭਾਜਪਾ ਵੱਲੋਂ ਕੀਤੇ ਫਰਾਡ, ਜਿਸ ਵਿਚ ਇੰਡੀਆ ਬਲਾਕ ਦੀਆਂ ਅੱਠ ਵੋਟਾਂ ਰੱਦ ਕਰਕੇ 20 ਵੋਟਾਂ ਵਾਲੇ ਗਠਜੋੜ ਨੂੰ ਹਰਾਇਆ ਗਿਆ ਅਤੇ 16 ਵਾਲੇ ਨੂੰ ਮੇਅਰ ਦੀ ਕੁਰਸੀ ’ਤੇ ਬਿਠਾ ਦਿਤਾ ਗਿਆ ਹੈ, ਨੂੰ ਲੋਕਤੰਤਰ ਦਾ ਕਤਲ ਆਖ ਕੇ ਸਖਤ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਸ਼ਰੇਆਮ ਬਹੁਗਿਣਤੀ ਦੇ ਵੋਟ ਰੱਦ ਕੀਤੇ ਗਏ, ਜਿਸ ਲਈ ਪ੍ਰੀਜ਼ਾਈਡਿੰਗ ਅਫਸਰ ਭਾਜਪਾ ਦੇ ਅਹੁਦੇਦਾਰ ਨੂੰ ਬਣਾਇਆ ਗਿਆ ਸੀ। ਕਮਿਊਨਿਸਟ ਆਗੂਆਂ ਨੇ ਮੰਗ ਕੀਤੀ ਕਿ ਇਸ ‘ਫਰਾਡੀ ਚੋਣ’ ਨੂੰ ਰੱਦ ਕੀਤਾ ਜਾਵੇ ਅਤੇ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਵਿਚ ਆਜ਼ਾਦ ਤੇ ਨਿਆਂਪੂਰਨ ਚੋਣ ਕਰਵਾਈ ਜਾਵੇ। ਉਹਨਾਂ ਚੰਡੀਗੜ੍ਹ ਦੇ ਲੋਕਾਂ ਅਤੇ ਜਮਹੂਰੀ ਸ਼ਕਤੀਆਂ ਨੂੰ ਇਕਮੁੱਠ ਹੋ ਕੇ ਭਾਜਪਾ ਵੱਲੋਂ ਸੰਵਿਧਾਨ, ਜਮਹੂਰੀਅਤ ਦਾ ਘਾਣ ਕੀਤੇ ਜਾਣ ਵਿਰੁਧ ਲੋਕ ਲਹਿਰ ਖੜ੍ਹੀ ਕਰਨ ਦੀ ਅਪੀਲ ਕੀਤੀ ਹੈ।