ਨਵੀਂ ਦਿੱਲੀ : ਸੰਸਦ ਦੀ ਸੁਰੱਖਿਆ ਵਿਚ ਸੰਨ੍ਹ ਲਾਉਣ ਦੇ ਦੋਸ਼ ਵਿਚ ਫੜੇ ਛੇ ਵਿੱਚੋਂ ਪੰਜ ਵਿਅਕਤੀਆਂ ਨੇ ਦਿੱਲੀ ਦੀ ਅਦਾਲਤ ’ਚ ਦਿੱਤੀ ਅਰਜ਼ੀ ਵਿਚ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਜੁਰਮ ਕਬੂਲ ਕਰਨ ਤੇ ਆਪੋਜ਼ੀਸ਼ਨ ਪਾਰਟੀਆਂ ਦੇ ਸਾਥੀ ਹੋਣਾ ਮੰਨਣ ਲਈ ਕਰੰਟ ਲਾਇਆ ਗਿਆ ਤੇ ਤਸੀਹੇ ਦਿੱਤੇ ਗਏ। ਮਨੋਰੰਜਨ ਡੀ, ਸਾਗਰ ਸ਼ਰਮਾ, ਲਲਿਤ ਝਾਅ, ਅਮੋਲ ਸ਼ਿੰਦੇ ਤੇ ਮਹੇਸ਼ ਕੁਮਾਵਤ ਨੇ ਆਪਣੀ ਅਰਜ਼ੀ ਵਿਚ ਇਹ ਦੋਸ਼ ਵੀ ਲਾਇਆ ਕਿ ਉਨ੍ਹਾਂ ਸਭ ਤੋਂ ਪੁਲਸ ਨੇ ਧੱਕੇ ਨਾਲ ਕਰੀਬ 70 ਕੋਰੇ ਕਾਗਜ਼ਾਂ ’ਤੇ ਦਸਤਖਤ ਕਰਵਾਏ। ਛੇਵੀਂ ਮੁਲਜ਼ਮ ਨੀਲਮ ਆਜ਼ਾਦ ਨੇ ਪੋਲੀਗ੍ਰਾਫ ਟੈੱਸਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਐਡੀਸ਼ਨਲ ਸੈਸ਼ਨ ਜੱਜ ਹਰਦੀਪ ਕੌਰ ਅੱਗੇ ਪੇਸ਼ ਅਰਜ਼ੀ ਵਿਚ ਕਿਹਾ ਗਿਆ ਹੈ ਕਿ ਮੁਲਜ਼ਮਾਂ ਨੂੰ ਸੋਸ਼ਲ ਮੀਡੀਆ ਅਕਾਊਂਟ, ਈ-ਮੇਲ ਤੇ ਫੋਨਾਂ ਦੇ ਪਾਸਵਰਡ ਦੇਣ ਲਈ ਮਜਬੂਰ ਕੀਤਾ ਗਿਆ। ਜਿਨ੍ਹਾਂ ਪੋਲੀਗ੍ਰਾਫ ਟੈੱਸਟ ਜਾਂ ਨਾਰਕੋ ਟੈੱਸਟ ਕੀਤਾ, ਉਨ੍ਹਾਂ ਮੁਲਜ਼ਮਾਂ ਤੋਂ ਸਿਆਸੀ ਪਾਰਟੀ ਜਾਂ ਲੀਡਰ ਨਾਲ ਮਿਲੇ ਹੋਣਾ ਕਬੂਲ ਕਰਨ ਲਈ ਦਬਾਅ ਪਾਇਆ। ਕੋਰਟ ਨੇ ਸਭ ਦਾ ਜੁਡੀਸ਼ੀਅਲ ਰਿਮਾਂਡ ਇਕ ਮਾਰਚ ਤੱਕ ਵਧਾਉਦਿਆਂ ਉਨ੍ਹਾਂ ਦੀ ਅਰਜ਼ੀ ’ਤੇ ਦਿੱਲੀ ਪੁਲਸ ਤੋਂ ਜਵਾਬ ਮੰਗਦਿਆਂ 17 ਫਰਵਰੀ ਨੂੰ ਸੁਣਵਾਈ ਕਰਨ ਦਾ ਫੈਸਲਾ ਕੀਤਾ। ਹਾਲ ਹੀ ਵਿਚ ਕੋਰਟ ਨੇ ਨੀਲਮ ਆਜ਼ਾਦ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਇਸ ਤੋਂ ਪਹਿਲਾਂ ਉਸ ਨੇ ਦਿੱਲੀ ਪੁਲਸ ਨੂੰ ਨੀਲਮ ਨੂੰ ਐੱਫ ਆਈ ਆਰ ਦੀ ਕਾਪੀ ਮੁਹੱਈਆ ਕਰਾਉਣ ਦੀ ਹਦਾਇਤ ਕੀਤੀ ਸੀ। ਦਿੱਲੀ ਪੁਲਸ ਨੇ ਇਸ ਨੂੰ ਹਾਈ ਕੋਰਟ ਵਿਚ ਚੈਲੰਜ ਕੀਤਾ ਤੇ ਹਾਈ ਕੋਰਟ ਨੇ ਕਾਪੀ ਮੁਹੱਈਆ ਕਰਾਉਣ ਦੀ ਹਦਾਇਤ ਸਟੇਅ ਕਰ ਦਿੱਤੀ।