ਅੰਮਿ੍ਰਤਸਰ (ਨਵਾਂ ਜ਼ਮਾਨਾ ਸਰਵਿਸ)
ਇੱਥੇ ਜ਼ਿਲ੍ਹਾ ਕਚਹਿਰੀ ਵਿਖੇ ਮਾਈਕਰੋ ਫਾਇਨਾਂਸ ਕੰਪਨੀਆਂ ਵੱਲੋਂ ਗਰੀਬ/ਦਲਿਤ ਪਰਵਾਰਾਂ ਨੂੰ ਮਾਰੂ ਕਰਜ਼ਿਆਂ ਦੇ ਜਾਲ ਵਿੱਚ ਫਸਾਉਣ ਦੇ ਵਿਰੋਧ ਵਿੱਚ ਵਿਸ਼ਾਲ ਰੈਲੀ ਕੀਤੀ ਗਈ। ਰੈਲੀ ਨੂੰ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ, ਪੰਜਾਬ ਏਟਕ ਦੇ ਡਿਪਟੀ ਜਨਰਲ ਸਕੱਤਰ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ ਘਰੇਲੂ ਮਜ਼ਦੂਰਾਂ ਦੀ ਫੈਡਰੇਸ਼ਨ ਦੀ ਕੁੱਲ ਹਿੰਦ ਪ੍ਰਧਾਨ, ਵਿਜੇ ਕਪੂਰ ਸਕੱਤਰ ਸੀ ਪੀ ਆਈ ਅੰਮਿ੍ਰਤਸਰ ਸ਼ਹਿਰੀ, ਰਸ਼ਪਾਲ ਕੈਲੇ ਜ਼ਿਲ੍ਹਾ ਸਕੱਤਰ ਸੀ ਪੀ ਆਈ ਜਲੰਧਰ, ਅਸ਼ੋਕ ਕੌਂਸਲ ਜ਼ਿਲ੍ਹਾ ਸਕੱਤਰ ਸੀ ਪੀ ਆਈ ਫਰੀਦਕੋਟ ਆਦਿ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੱਸਿਆ ਕਿ ਕਿਵੇਂ ਮਾਈਕਰੋ ਫਾਇਨਾਂਸ ਕੰਪਨੀਆਂ ਗਰੀਬਾਂ ਅਤੇ ਦਲਿਤ ਪਰਵਾਰਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੀਆਂ ਹਨ। ਇਨ੍ਹਾਂ ਕੰਪਨੀਆਂ ਵੱਲੋਂ ਗਰੀਬ ਅਤੇ ਦਲਿਤ ਪਰਵਾਰਾਂ ਨੂੰ ਆਪਣੇ ਕਰਜ਼ੇ ਦੇ ਜਾਲ ਵਿੱਚ ਫਸਾ ਕੇ ਉਨ੍ਹਾਂ ਕੋਲੋਂ ਅਣਅਧਿਕਾਰਤ/ਗੈਰ-ਕਾਨੂੰਨੀ ਵਸੂਲੀਆਂ ਕੀਤੀਆਂ ਜਾ ਰਹੀਆਂ ਹਨ।
ਕਰਜ਼ਾ ਦੇਣ ਸਮੇਂ ਹੀ ਕਰਜ਼ੇ ਦੀ ਰਕਮ ਦਾ ਕਾਫ਼ੀ ਹਿੱਸਾ ਵਿਚੋਲਿਆਂ ਨੂੰ ਦਿੱਤਾ ਜਾਂਦਾ ਹੈ, ਪਰ ਕਰਜ਼ੇ ਦਾ ਸਾਰਾ ਬੋਝ ਕਰਜ਼ਧਾਰੀ ਉਪਰ ਹੀ ਪਾਇਆ ਜਾਂਦਾ ਹੈ। ਹਫ਼ਤਾਵਾਰੀ ਕਿਸ਼ਤਾਂ ਰਾਹੀਂ ਵਿਆਜ ਦੀ ਰਕਮ ਅਤੇ ਮੂਲ ਦਾ ਕੁਝ ਹਿੱਸਾ ਵਸੂਲਿਆ ਜਾਂਦਾ ਹੈ। ਸਾਰਾ ਹੀ ਕਾਰੋਬਾਰ/ ਵਸੂਲੀ ਨਗਦੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਕਿਤੇ ਵੀ ਉਸ ਦਾ ਰਿਕਾਰਡ ਨਹੀਂ ਦਿੱਤਾ ਜਾਂਦਾ। ਕਰਜ਼ਦਾਰ ਨੂੰ ਇਹ ਦੱਸਿਆ ਹੀ ਨਹੀਂ ਜਾਂਦਾ ਕਿ ਵਿਆਜ ਦੀ ਦਰ ਕਿੰਨੇ ਪ੍ਰਤੀਸ਼ਤ ਹੈ। ਵਸੂਲ ਕੀਤੀ ਰਕਮ ਦਾ ਕੋਈ ਵੀ ਹਿਸਾਬ ਨਹੀਂ ਦਿੱਤਾ ਜਾਂਦਾ। ਇੱਕ-ਇੱਕ ਵਿਅਰਤੀ ਨੂੰ 20,000 ਰੁਪਏ ਤੋਂ ਲੈ ਕੇ ਇੱਕ ਲੱਖ ਰੁਪਏ ਤੱਕ ਦੇ 4-4, 5-5 ਅਤੇ 6-6 ਕਰਜ਼ੇ ਦਿੱਤੇ ਜਾਂਦੇ ਹਨ। ਗਰੀਬ ਲੋਕ ਵਿਆਜ ਦੇ ਪੈਸੇ ਦੇਣ ਲਈ ਵੀ ਮੁੜ ਕਰਜ਼ੇ ਲੈ ਰਹੇ ਹਨ। ਕਰਜ਼ਧਾਰੀਆਂ ਨੂੰ ਘਰਾਂ ਦੇ ਖਰਚੇ ਚਲਾਉਣੇ ਮੁਸ਼ਕਲ ਹੋ ਰਹੇ ਹਨ। ਇਹ ਕਾਰੋਬਾਰ ਮੁੱਖ ਤੌਰ ਤੇ ਗਰੀਬ/ ਦਲਿਤ ਆਬਾਦੀਆਂ ਵਿੱਚ ਹੀ ਚੱਲ ਰਿਹਾ ਹੈ।
ਰੈਲੀ ਤੋਂ ਬਾਅਦ 26000 ਤੋਂ ਵਧੇਰੇ ਕਰਜ਼ਧਾਰੀਆਂ ਦੇ ਦਸਤਖਤਾਂ ਵਾਲੀਆਂ ਦਰਖਾਸਤਾਂ ਦਾ ਵੱਡਾ ਬੰਡਲ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਦਿੱਤਾ ਗਿਆ, ਜੋ ਮੁੱਖ ਮੰਤਰੀ ਪੰਜਾਬ ਦੇ ਨਾਂਅ ਦਰਖਾਸਤਨਾਮਾ ਹੈ, ਜਿਸ ਵਿੱਚ ਮੰਗ ਕੀਤੀ ਗਈ ਕਿ ਇਨ੍ਹਾਂ ਗਰੀਬ ਤੇ ਦਲਿਤ ਕਰਜ਼ਧਾਰੀਆਂ ਦਾ ਇਹ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ। ਇਸ ਤੋਂ ਪਹਿਲਾਂ 22 ਦਸੰਬਰ 2023 ਨੂੰ 9500 ਤੋਂ ਵਧੇਰੇ ਦਸਤਖਤਾਂ ਦਾ ਬੰਡਲ ਰੈਲੀ ਕਰਕੇ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਰਾਹੀਂ ਮੁੱਖ ਮੰਤਰੀ ਨੂੰ ਭੇਜਿਆ ਗਿਆ ਸੀ।
ਇੱਕ ਵੱਖਰਾ ਮੰਗ ਪੱਤਰ ਡਿਪਟੀ ਕਮਿਸ਼ਨਰ ਅੰਮਿ੍ਰਤਸਰ ਨੂੰ ਦਿੱਤਾ ਗਿਆ, ਜਿਸ ਵਿੱਚ ਮੰਗ ਕੀਤੀ ਗਈ ਕਿ ਕੀ ਉਕਤ ਕੰਪਨੀਆਂ ਆਰ ਬੀ ਆਈ ਵੱਲੋਂ ਮਾਨਤਾ ਪ੍ਰਾਪਤ ਹਨ, ਉਕਤ ਕੰਪਨੀਆਂ ਦੇ ਵਿਆਜ ਦੀ ਦਰ ਚੈਕ ਕੀਤੀ ਜਾਵੇ। ਕਰਜ਼ੇ ਦੀਆਂ ਕਿਸ਼ਤਾਂ ਦੀ ਉਗਰਾਹੀ ਲਈ ਕੰਪਨੀਆਂ ਦੇ ਕਰਿੰਦਿਆਂ ਦੇ ਰੂਪ ਵਿੱਚ ਗੁੰਡਿਆਂ ਨੂੰ ਕਰਜ਼ਧਾਰੀਆਂ ਦੇ ਘਰਾਂ ਵਿੱਚ ਜਾਣ ਦੀ ਪੂਰਨ ਮਨਾਹੀ ਕੀਤੀ ਜਾਵੇ। ਉਕਤ ਕੰਪਨੀਆਂ ਦੇ ਕੋਲ ਫੰਡਾਂ ਦਾ ਕੀ ਸਰੋਤ ਹੈ, ਇਸ ਦੀ ਵੀ ਪੜਤਾਲ ਕਰਵਾਈ ਜਾਵੇ।
ਇਸ ਮੌਕੇ ਹਰਜਿੰਦਰ ਸਿੰਘ ਮੌਜੀ ਜਲੰਧਰ ਤੋਂ, ਪ੍ਰੇਮ ਸਿੰਘ, ਸਤਨਾਮ ਸਿੰਘ, ਸ਼ਮਸ਼ੇਰ ਨਾਥ, ਜਸਬੀਰ ਸਿੰਘ, ਕੁਲਵੰਤ ਸਿੰਘ ਬਾਵਾ, ਹਰਸ਼ੀ ਕੈਲੇ, ਰਾਜੇਸ਼ ਕੁਮਾਰ, ਬ੍ਰਹਮ ਦੇਵ ਸ਼ਰਮਾ ਆਦਿ ਹਾਜ਼ਰ ਸਨ।