ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਲੁਭਾਊ ਐਲਾਨ ਤੋਂ ਬਚਦੇ ਹੋਏ ਸੁਧਾਰਾਂ ਨੂੰ ਅੱਗੇ ਵਧਾਉਂਦੇ ਹੋਏ ਵੀਰਵਾਰ ਅਗਲੇ ਵਿੱਤੀ ਸਾਲ ਲਈ ਅੰਤਿ੍ਰਮ ਬੱਜਟ ਪੇਸ਼ ਕੀਤਾ। ਉਨ੍ਹਾ ਨੇ 2024-25 ਲਈ 47.66 ਲੱਖ ਕਰੋੜ ਰੁਪਏ ਦੇ ਕੁੱਲ ਖਰਚੇ ਵਾਲਾ ਅੰਤਿ੍ਰਮ ਬੱਜਟ ਪੇਸ਼ ਕੀਤਾ ਹੈ। ਉਨ੍ਹਾ ਸਿੱਧੇ ਅਤੇ ਅਸਿੱਧੇ ਟੈਕਸ ਦੇ ਮੋਰਚੇ ’ਤੇ ਕੋਈ ਰਾਹਤ ਨਹੀਂ ਦਿੱਤੀ। ਨਵੀਂ ਸਰਕਾਰ ਵੱਲੋਂ ਪੂਰਾ ਬੱਜਟ ਪੇਸ਼ ਕੀਤਾ ਜਾਵੇਗਾ।
ਫਸਲਾਂ ਦਾ ਘੱਟੋ-ਘੱਟ ਇਮਦਾਦੀ ਭਾਅ (ਐੱਮ ਐੱਸ ਪੀ) ਨਹੀਂ ਵਧਾਇਆ ਗਿਆ। ਸਾਲ ਵਿਚ ਦਿੱਤੀ ਜਾਣ ਵਾਲੀ 6 ਹਜ਼ਾਰ ਰੁਪਏ ਕਿਸਾਨ ਸਨਮਾਨ ਨਿਧੀ ਵਿਚ ਵੀ ਵਾਧਾ ਨਹੀਂ ਕੀਤਾ ਗਿਆ। ਖੇਤੀ ਖੇਤਰ ਲਈ 1.27 ਲੱਖ ਕਰੋੜ ਰੁਪਏ ਰੱਖੇ ਗਏ ਹਨ। ਇਹ ਪਿਛਲੀ ਵਾਰ ਨਾਲੋਂ ਸਿਰਫ ਦੋ ਫੀਸਦੀ ਵੱਧ ਹਨ। ਪਿਛਲੇ ਬਜਟ ਵਿਚ 1.25 ਲੱਖ ਕਰੋੜ ਰੁਪਏ ਰੱਖੇ ਗਏ ਸਨ। ਸੀਤਾ ਰਮਨ ਨੇ ਆਯੂਸ਼ਮਾਨ ਭਾਰਤ ਤਹਿਤ ਸਾਰੀਆਂ ਆਸ਼ਾ ਅਤੇ ਆਂਗਣਵਾੜੀ ਵਰਕਰਾਂ ਨੂੰ ਸਿਹਤ ਸੰਭਾਲ ਦੇ ਦਾਇਰੇ ’ਚ ਲਿਆਉਣ ਦਾ ਐਲਾਨ ਕੀਤਾ। ਵਿੱਤ ਮੰਤਰੀ ਨੇ ਆਮਦਨ ਕਰ ਸਲੈਬ ’ਚ ਕੋਈ ਬਦਲਾਅ ਨਹੀਂ ਕੀਤਾ। ਸਿੱਧੇ ਅਤੇ ਅਸਿੱਧੇ ਟੈਕਸ ਦੀਆਂ ਦਰਾਂ ’ਚ ਵੀ ਕੋਈ ਬਦਲਾਅ ਨਹੀਂ ਕੀਤਾ।