ਰਾਂਚੀ : ਝਾਰਖੰਡ ਮੁਕਤੀ ਮੋਰਚਾ ਦੇ ਵਿਧਾਇਕ ਦਲ ਦੇ ਨਵੇਂ ਨੇਤਾ ਚੰਪਈ ਸੋਰੇਨ ਨੇ ਵੀਰਵਾਰ ਸ਼ਾਮ ਰਾਜਪਾਲ ਸੀ ਪੀ ਰਾਧਾ�ਿਸ਼ਨਨ ਨੂੰ ਮਿਲ ਕੇ ਨਵੀਂ ਸਰਕਾਰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਮੰਗ ਕੀਤੀ। ਉਨ੍ਹਾ ਰਾਜਪਾਲ ਨੂੰ ਦੱਸਿਆ ਕਿ ਬਿਨਾਂ ਮੁੱਖ ਮੰਤਰੀ ਤੋਂ ਸੂਬੇ ਵਿਚ ਭੰਬਲਭੂਸੇ ਵਾਲੀ ਹਾਲਤ ਹੈ। ਰਾਜਪਾਲ ਨੇ ਕਿਹਾ ਕਿ ਉਹ ਆਪਣਾ ਫੈਸਲਾ ਸ਼ੁੱਕਰਵਾਰ ਦੱਸਣਗੇ।
ਚੰਪਈ ਸੋਰੇਨ ਦੇ ਨਾਲ ਦੂਜੀਆਂ ਭਾਈਵਾਲ ਪਾਰਟੀਆਂ ਦੇ ਆਗੂ ਆਲਮਗੀਰ ਆਲਮ, ਬਾਦਲ ਪੱਤਰਲੇਖ, ਪ੍ਰਦੀਪ ਯਾਦਵ ਤੇ ਸੁਪਿ੍ਰਓ ਭੱਟਾਚਾਰੀਆ ਵੀ ਸਨ। ਪ੍ਰਦੀਪ ਯਾਦਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਜਪਾਲ ਨੇ ਸਰਕਾਰ ਗਠਨ ਦਾ ਸਮਾਂ ਨਹੀਂ ਦਿੱਤਾ। ਈ ਡੀ ਵੱਲੋਂ ਗਿ੍ਰਫਤਾਰ ਕਰਨ ਤੋਂ ਬਾਅਦ ਹੇਮੰਤ ਸੋਰੇਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ’ਤੇ ਬੁੱਧਵਾਰ ਚੰਪਈ ਸੋਰੇਨ ਨੂੰ ਨਵਾਂ ਨੇਤਾ ਚੁਣਿਆ ਗਿਆ ਸੀ।
ਰਾਜਪਾਲ ਵੱਲੋਂ ਸੱਦੇ ਜਾਣ ਤੋਂ ਪਹਿਲਾਂ ਚੰਪਈ ਸੋਰੇਨ ਨੇ ਦਿਨੇ ਕਿਹਾ ਸੀ ਕਿ ਉਨ੍ਹਾ ਦੀ ਪਾਰਟੀ ਨੇ 47 ਵਿਧਾਇਕਾਂ ਦੀ ਹਮਾਇਤ ਦਾ ਦਸਤਾਵੇਜ਼ ਸੌਂਪਿਆ ਸੀ ਪਰ ਰਾਜਪਾਲ ਦਾ ਸੱਦਾ ਉਡੀਕ ਰਹੇ ਹਾਂ। ਇਸੇ ਦੌਰਾਨ ਭਾਜਪਾ ਦੀ ਕਿਸੇ ਚਾਲ ਨੂੰ ਨਾਕਾਮ ਬਣਾਉਣ ਲਈ ਝਾਰਖੰਡ ਮੁਕਤੀ ਮੋਰਚਾ ਦੀ ਅਗਵਾਈ ਵਾਲੇ ਗੱਠਜੋੜ ਨੇ ਆਪਣੇ ਵਿਧਾਇਕਾਂ ਨੂੰ ਜਹਾਜ਼ ਰਾਹੀਂ ਹੈਦਰਾਬਾਦ ਭੇਜਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਰਾਜਪਾਲ ਦੇ ਦਫਤਰ ਨੇ ਸ਼ਾਮੀਂ ਦੱਸਿਆ ਕਿ ਕਾਨੂੰਨੀ ਸਲਾਹ-ਮਸ਼ਵਰਾ ਕੀਤਾ ਜਾ ਰਿਹਾ ਹੈ। ਰਾਜਪਾਲ ਛੇਤੀ ਹੀ ਢੁੱਕਵਾਂ ਫੈਸਲਾ ਕਰਨਗੇ। ਮੁੱਖ ਮੰਤਰੀ ਦੇ ਅਸਤੀਫੇ ਤੋਂ ਬਾਅਦ ਸੂਬੇ ਵਿਚ ਸੰਵਿਧਾਨਕ ਸੰਕਟ ਵਰਗੀ ਕੋਈ ਸਥਿਤੀ ਨਹੀਂ ਹੈ। ਸਮੁੱਚਾ ਪ੍ਰਸ਼ਾਸਨ ਰਾਜਪਾਲ ਦੇ ਨਾਂਅ ’ਤੇ ਚਲਦਾ ਹੈ।