ਸਰੀ : ਕੈਨੇਡਾ ’ਚ ਮਾਰੇ ਗਏ ਖਾਲਿਸਤਾਨੀ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੇ ਸਾਥੀ ਸਿਮਰਨਜੀਤ ਸਿੰਘ ਦੇ ਸਰੀ ਸਥਿਤ ਘਰ ’ਤੇ ਇਕ ਫਰਵਰੀ ਨੂੰ ਤੜਕੇ 1.21 ਵਜੇ ਕਈ ਗੋਲੀਆਂ ਚਲਾਈਆਂ ਗਈਆਂ। ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਦੱਖਣੀ ਸਰੀ ’ਚ ਵਾਪਰੀ ਘਟਨਾ ਦੀ ਪੁਸ਼ਟੀ ਕੀਤੀ ਹੈ। ਹਮਲੇ ’ਚ ਕਿਸੇ ਜਾਨੀ ਨੁਕਸਾਨ ਜਾਂ ਜ਼ਖਮੀ ਹੋਣ ਦੀ ਸੂਚਨਾ ਨਹੀਂ।
ਪੂਨਮ ਪਾਂਡੇ ਦੀ ਮੌਤ
ਮੁੰਬਈ : ਵਿਵਾਦਗ੍ਰਸਤ ਮਾਡਲ-ਕਮ-ਅਦਾਕਾਰਾ ਪੂਨਮ ਪਾਂਡੇ ਦੀ 32 ਸਾਲ ਦੀ ਉਮਰ ’ਚ ਕੈਂਸਰ ਕਾਰਨ ਮੌਤ ਹੋ ਗਈ। ਪਾਂਡੇ ਦੀ ਮੌਤ ਕਿੱਥੇ ਅਤੇ ਕਦੋਂ ਹੋਈ ਜਾਂ ਉਸ ਦੇ ਪਰਵਾਰ ਦਾ ਕੋਈ ਮੈਂਬਰ ਮੌਤ ਸਮੇਂ ਮੌਜੂਦ ਸੀ, ਬਾਰੇ ਵੇਰਵੇ ਨਹੀਂ ਮਿਲੇ। ਉਸ ਨੂੰ ਬਿੱਗ ਬੌਸ (2011) ’ਚ ਦੇਖਿਆ ਗਿਆ ਸੀ ਅਤੇ ਫਿਰ ਉਸ ਨੇ 2013 ’ਚ ਫਿਲਮ ਨਸ਼ਾ, ਜੀ ਐੱਸ ਟੀ-ਗਲਤੀ ਸਿਰਫ ਤੁਮਹਾਰੀ (2017) ਅਤੇ ਕੁਝ ਹੋਰ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਅਲ ਕੀਤੇ ਸਨ।
ਜੰਮੂ-ਸ੍ਰੀਨਗਰ ਸੜਕ ’ਤੇ 400 ਤੋਂ ਵੱਧ ਵਾਹਨ ਫਸੇ
ਸ੍ਰੀਨਗਰ : ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਢਿੱਗਾਂ ਡਿੱਗਣ ਕਾਰਨ ਸ਼ੁੱਕਰਵਾਰ ਦੂਜੇ ਦਿਨ ਵੀ ਆਵਾਜਾਈ ਲਈ ਬੰਦ ਰਿਹਾ। ਸੜਕ ਤੋਂ ਮਲਬੇ ਨੂੰ ਹਟਾਉਣ ਅਤੇ ਆਵਾਜਾਈ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਸਨ। 400 ਤੋਂ ਵੱਧ ਵਾਹਨ ਫਸੇ ਹੋਏ ਸਨ। ਢਿੱਗਾਂ ਡਿੱਗਣ ਬਾਅਦ ਵੀਰਵਾਰ 270 ਕਿਲੋਮੀਟਰ ਲੰਬੀ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ।