ਦੇਹਰਾਦੂਨ : ਉੱਤਰਾਖੰਡ ਸਰਕਾਰ ਵੱਲੋਂ ਸਾਂਝਾ ਸਿਵਲ ਕੋਡ (ਯੂ ਸੀ ਸੀ) ਦਾ ਖਰੜਾ ਤਿਆਰ ਕਰਨ ਲਈ ਕਾਇਮ ਕਮੇਟੀ ਨੇ ਸ਼ੁੱਕਰਵਾਰ ਇਥੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਖਰੜੇ ਦੇ ਦਸਤਾਵੇਜ਼ ਸੌਂਪੇ। ਪੰਜ ਮੈਂਬਰੀ ਕਮੇਟੀ ਦੀ ਚੇਅਰਪਰਸਨ ਤੇ ਸੁਪਰੀਮ ਕੋਰਟ ਦੀ ਸਾਬਕਾ ਜੱਜ ਰੰਜਨਾ ਪ੍ਰਕਾਸ਼ ਦੇਸਾਈ ਨੇ ਧਾਮੀ ਨੂੰ ਖਰੜਾ ਸੌਂਪਿਆ। ਕੋਡ ਰਾਜ ’ਚ ਸਾਰੇ ਨਾਗਰਿਕਾਂ ਲਈ ਇਕਸਾਰ ਵਿਆਹ, ਤਲਾਕ, ਜ਼ਮੀਨ, ਜਾਇਦਾਦ ਅਤੇ ਵਿਰਾਸਤ ਕਾਨੂੰਨਾਂ ਲਈ ਸਾਂਝਾ ਕਾਨੂੰਨੀ ਢਾਂਚਾ ਪ੍ਰਦਾਨ ਕਰੇਗਾ, ਚਾਹੇ ਉਨ੍ਹਾਂ ਦਾ ਧਰਮ ਕੋਈ ਵੀ ਹੋਵੇ। ਜੇ ਇਸ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਉੱਤਰਾਖੰਡ ਆਜ਼ਾਦੀ ਤੋਂ ਬਾਅਦ ਅਜਿਹਾ ਕੋਡ ਅਪਣਾਉਣ ਵਾਲਾ ਦੇਸ਼ ਦਾ ਪਹਿਲਾ ਰਾਜ ਬਣ ਜਾਵੇਗਾ। ਯੂ ਸੀ ਸੀ ਗੋਆ ’ਚ ਪੁਰਤਗਾਲੀ ਸ਼ਾਸਨ ਦੇ ਦਿਨਾਂ ਤੋਂ ਲਾਗੂ ਹੈ।
ਮਜੀਠੀਆ ਦੇ ਦੋ ਕਰੀਬੀਆਂ ਤੋਂ ਪੁੱਛਗਿੱਛ
ਪਟਿਆਲਾ : ਨਸ਼ਾ ਤਸਕਰੀ ਸੰਬੰਧੀ ਕੇਸ ’ਚ ਸਿੱਟ ਵੱਲੋਂ ਤਲਬ ਕੀਤੇ ਅਕਾਲੀ ਆਗੂ ਬਿਕਰਮ ਮਜੀਠੀਆ ਦੇ ਚਾਰ ਨਜ਼ਦੀਕੀਆਂ ਵਿੱਚੋਂ ਸ਼ੁੱਕਰਵਾਰ ਦੋ ਪੁੱਛ-ਪੜਤਾਲ ਲਈ ਪੇਸ਼ ਹੋਏ। ਇਨ੍ਹਾਂ ਤੋਂ ਡੀ ਆਈ ਜੀ ਹਰਚਰਨ ਭੁੱਲਰ ਦੀ ਅਗਵਾਈ ਹੇਠਲੀ ਸਿੱਟ ਵੱਲੋਂ ਪੁੱਛ-ਪੜਤਾਲ ਕੀਤੀ ਗਈ। ਪੇਸ਼ ਹੋਣ ਵਾਲੇ ਕਰਤਾਰ ਸਿੰਘ ਅਤੇ ਤਰਨਵੀਰ ਸਿੰਘ ਗਿੱਲ ਹਨ।