14.5 C
Jalandhar
Friday, November 22, 2024
spot_img

ਭਾਜਪਾ ਦੀ ਤਾਨਾਸ਼ਾਹੀ ਦੇਖ ਕੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੀਆਂ ਰੂਹਾਂ ਤੜਪ ਰਹੀਆਂ ਹੋਣਗੀਆਂ : ਭਗਵੰਤ ਮਾਨ

ਚੰਡੀਗੜ੍ਹ (ਗੁਰਜੀਤ ਬਿੱਲਾ)
ਚੰਡੀਗੜ੍ਹ ਮੇਅਰ ਚੋਣਾਂ ’ਚ ਧਾਂਦਲੀ ਦੇ ਖਿਲਾਫ ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ’ਚ ਭਾਜਪਾ ਹੈੱਡਕੁਆਰਟਰ ਨੇੜੇ ਵੱਡਾ ਪ੍ਰਦਰਸ਼ਨ ਕੀਤਾ। ਧਰਨੇ ਵਿੱਚ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਨਾਲ ਪੰਜਾਬ ਅਤੇ ਦਿੱਲੀ ਦੇ ਕਈ ਵਿਧਾਇਕ, ਸੰਸਦ ਮੈਂਬਰ ਅਤੇ ਮੰਤਰੀ ਵੀ ਮੌਜੂਦ ਸਨ।
ਧਰਨੇ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ 30 ਜਨਵਰੀ ਨੂੰ ਪੂਰੇ ਦੇਸ਼ ਨੇ ਦੇਖਿਆ ਕਿ ਕਿਸ ਤਰ੍ਹਾਂ ਭਾਜਪਾ ਦੇ ਪ੍ਰੀਜ਼ਾਈਡਿੰਗ ਅਫਸਰ ਨੇ ਕੈਮਰਿਆਂ ਦੇ ਸਾਹਮਣੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਦੇ ਬੈਲਟ ਪੇਪਰਾਂ ਨਾਲ ਜਾਣਬੁੱਝ ਕੇ ਛੇੜਛਾੜ ਕੀਤੀ, ਪਰ ਉੱਥੇ ਭਾਜਪਾ ਤੋਂ ਇਕ ਗਲਤੀ ਹੋ ਗਈ। ਕੰਮ ਉਸ ਦੀ ਯੋਜਨਾ ਅਨੁਸਾਰ ਨਹੀਂ ਹੋਇਆ, ਨਹੀਂ ਤਾਂ ਉਹ ਵੀਡੀਓ ਰਿਕਾਰਡਿੰਗ ਬੰਦ ਕਰਵਾ ਦਿੰਦੇ। ਇਹ ਪਹਿਲੀ ਵਾਰ ਨਹੀਂ, ਜਦੋਂ ਉਸ ਨੇ ਅਜਿਹਾ ਕੀਤਾ ਹੈ। ਉਹ ਹਰ ਛੋਟੀ-ਵੱਡੀ ਚੋਣ ਵਿੱਚ ਇਸ ਤਰ੍ਹਾਂ ਦੀ ਧਾਂਦਲੀ ਕਰਦੇ ਹਨ, ਪਰ ਕੈਮਰਿਆਂ ਕਾਰਨ ਉਹ ਚੰਡੀਗੜ੍ਹ ਵਿੱਚ ਪਹਿਲੀ ਵਾਰ ਅਜਿਹਾ ਕਰਦੇ ਫੜੇ ਗਏ ਹਨ।
ਮਾਨ ਨੇ ਕਿਹਾ ਕਿ ਭਾਜਪਾ ਨੂੰ ਚੋਣਾਂ ’ਚ ਸਮੱਸਿਆ ਹੈ। ਭਾਜਪਾ ਆਗੂ ਚਾਹੁੰਦੇ ਹਨ ਕਿ ਦੇਸ਼ ਵਿੱਚ ਚੋਣਾਂ ਨਾ ਹੋਣ। ਜੇਕਰ ਉਨ੍ਹਾਂ ਦਾ ਵਸ ਚੱਲਿਆ ਤਾਂ ਉਹ ਦੇਸ਼ ਦੀ ਚੋਣ ਪ੍ਰਕਿਰਿਆ ਨੂੰ ਤਬਾਹ ਕਰ ਦੇਣਗੇ। ਉਨ੍ਹਾ ਕਿਹਾ ਕਿ ਜੇਕਰ ਨਰਿੰਦਰ ਮੋਦੀ 2024 ਵਿੱਚ ਮੁੜ ਸੱਤਾ ਵਿੱਚ ਆਉਂਦੇ ਹਨ ਤਾਂ ਉਹ ਭਾਰਤ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕਾਨੂੰਨ ਨੂੰ ਲਾਗੂ ਕਰਨਗੇ। ਇਸ ਤੋਂ ਬਾਅਦ ਦੇਸ਼ ਵਿੱਚ ਚੋਣਾਂ ਨਹੀਂ ਹੋਣਗੀਆਂ। ਉਨ੍ਹਾ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਚੰਡੀਗੜ੍ਹ ਵਿੱਚ ਕੀਤਾ, ਉਸੇ ਤਰ੍ਹਾਂ ਉਹ ਲੋਕ ਸਭਾ ਅਤੇ ਰਾਜ ਸਭਾ ਵਿੱਚ ਬਿੱਲ ਪਾਸ ਕਰਵਾਉਂਦੇ ਹਨ। ਉਹ ਸੰਸਦ ’ਚ ਬਿੱਲਾਂ ’ਤੇ ਚਰਚਾ ਕਰਨ ਤੋਂ ਕਤਰਾਉਂਦੇ ਹਨ। ਉਹ ਬਿਨਾਂ ਕਿਸੇ ਚਰਚਾ ਜਾਂ ਸਲਾਹ-ਮਸ਼ਵਰੇ ਦੇ ਸਾਰੇ ਬਿੱਲਾਂ ਨੂੰ ਪਾਰਲੀਮੈਂਟ ਵਿੱਚ ਪਾਸ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ। ਮਾਨ ਨੇ ਕਿਹਾ ਕਿ ਮੈਂ ਸੂਰਬੀਰਾਂ ਅਤੇ ਸ਼ਹੀਦਾਂ ਦੀ ਧਰਤੀ ਪੰਜਾਬ ਤੋਂ ਹਾਂ। ਪੰਜਾਬ ਨੇ ਦੇਸ਼ ਲਈ ਸਭ ਤੋਂ ਵੱਡੀਆਂ ਲੜਾਈਆਂ ਲੜੀਆਂ ਹਨ। ਦੇਸ਼ ਦੀ ਆਜ਼ਾਦੀ ਲਈ 90 ਫੀਸਦੀ ਕੁਰਬਾਨੀਆਂ ਪੰਜਾਬੀਆਂ ਦੀਆਂ ਹਨ। ਅੱਜ ਵੀ ਬਹੁਤੇ ਪੰਜਾਬ ਬਾਰਡਰ ’ਤੇ ਖੜ੍ਹੇ ਹਨ। ਦੁਸ਼ਮਣ ਦੀਆਂ ਗੋਲੀਆਂ ਦਾ ਸਭ ਤੋਂ ਪਹਿਲਾਂ ਸਾਹਮਣਾ ਪੰਜਾਬੀਆਂ ਨੇ ਕੀਤਾ ਹੈ, ਪਰ ਅੱਜ ਸਾਡੇ ਸ਼ਹੀਦਾਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਰੂਹਾਂ ਭਾਜਪਾ ਦੀ ਤਾਨਾਸ਼ਾਹੀ ਅਤੇ ਧੱਕੇਸ਼ਾਹੀ ਨੂੰ ਦੇਖ ਕੇ ਤਰਸ ਰਹੀਆਂ ਹੋਣਗੀਆਂ। ਇਹ ਲੋਕ ਉਹਨਾਂ ਦੀ ਕੁਰਬਾਨੀ ਵਿਅਰਥ ਕਰਨ ਵਿੱਚ ਲੱਗੇ ਹੋਏ ਹਨ, ਪਰ ਅਸੀਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਅਜਾਈਂ ਨਹੀਂ ਜਾਣ ਦੇਵਾਂਗੇ। ਅਸੀਂ ਦੇਸ਼ ਦੇ ਲੋਕਤੰਤਰ ’ਤੇ ਹਮਲਾ ਕਰਨ ਵਾਲਿਆਂ ਵਿਰੁੱਧ ਪੂਰੀ ਤਾਕਤ ਨਾਲ ਲੜਾਂਗੇ। ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਦੁਨੀਆ ਦੀ ਸਭ ਤੋਂ ਵੱਡੀ ਪਾਰਟੀ ਇਕ ਛੋਟੇ ਜਿਹੇ ਮੇਅਰ ਦੀ ਚੋਣ ’ਚ ਵੋਟਾਂ ਚੋਰੀ ਕਰਦੇ ਹੋਏ ਰੰਗੇ ਹੱਥੀਂ ਫੜੀ ਗਈ ਹੈ। ਇਹ ਚੋਣ ਦਰਸਾਉਂਦੀ ਹੈ ਕਿ ਉਨ੍ਹਾਂ ਦੇ ਪਾਪ ਦਾ ਘੜਾ ਭਰ ਗਿਆ ਹੈ। ਉਨ੍ਹਾ ਗੀਤਾ ਦਾ ਇਕ ਸ਼ਲੋਕ ਸੁਣਾਇਆ ਅਤੇ ਕਿਹਾ ਕਿ ਜਦੋਂ ਪਾਪ ਦਾ ਘੜਾ ਭਰ ਜਾਂਦਾ ਹੈ ਤਾਂ ਉਪਰ ਵਾਲਾ ਆਪਣੇ ਝਾੜੂ ਨੂੰ ਸਾਫ ਕਰਨ ਲਈ ਵਰਤਦਾ ਹੈ। ਉਨ੍ਹਾ ਕਿਹਾ ਕਿ ਅਕਸਰ ਦੋਸ਼ ਲਾਏ ਜਾਂਦੇ ਹਨ ਕਿ ਭਾਜਪਾ ਧਾਂਦਲੀ ਕਰਕੇ ਚੋਣਾਂ ਜਿੱਤਦੀ ਹੈ, ਪਰ ਅੱਜ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ, ਪਰ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਉਨ੍ਹਾਂ ਖੁਦ ਇਹ ਸਾਬਤ ਕਰ ਦਿੱਤਾ। ਇਸ ਤੋਂ ਪਤਾ ਲੱਗਦਾ ਹੈ ਕਿ ਹੁਣ ਭਾਜਪਾ ਦੇ ਪਾਪਾਂ ਦਾ ਘੜਾ ਭਰ ਗਿਆ ਹੈ।

Related Articles

LEAVE A REPLY

Please enter your comment!
Please enter your name here

Latest Articles