ਰਾਂਚੀ : ਝਾਰਖੰਡ ਮੁਕਤੀ ਮੋਰਚਾ ਵਿਧਾਇਕ ਦਲ ਦੇ ਆਗੂ ਚੰਪਈ ਸੋਰੇਨ ਵੱਲੋਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਦੇਰ ਬਾਅਦ ਹੀ ਮੋਰਚੇ ਦੀ ਅਗਵਾਈ ਵਾਲੇ ਗੱਠਜੋੜ ਦੇ ਵਿਧਾਇਕ ਹੈਦਰਾਬਾਦ ਲਈ ਰਵਾਨਾ ਹੋ ਗਏ। ਸੱਤਾਧਾਰੀ ਗੱਠਜੋੜ ਦੇ ਸੀਨੀਅਰ ਨੇਤਾ ਨੇ ਕਿਹਾ ਕਿ ਵਿਧਾਇਕਾਂ ਨੂੰ ਕਾਂਗਰਸ ਸ਼ਾਸਤ ਤਿਲੰਗਾਨਾ ਦੀ ਰਾਜਧਾਨੀ ਹੈਦਰਾਬਾਦ ’ਚ ਤਬਦੀਲ ਕਰਨ ਦਾ ਫੈਸਲਾ ਇਸ ਸੰਭਾਵਨਾ ਦੇ ਮੱਦੇਨਜ਼ਰ ਲਿਆ ਗਿਆ ਹੈ ਕਿ ਵਿਰੋਧੀ ਭਾਜਪਾ ਉਨ੍ਹਾਂ ਨੂੰ ਤੋੜ ਨਾ ਲਏ। ਸੀਨੀਅਰ ਨੇਤਾ ਨੇ ਕਿਹਾ-ਸਾਨੂੰ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ। ਅਸੀਂ ਇਸ ਸਮੇਂ ਦੌਰਾਨ ਕੋਈ ਖਤਰਾ ਨਹੀਂ ਲੈ ਸਕਦੇ, ਕਿਉਂਕਿ ਭਾਜਪਾ ਸਾਡੇ ਵਿਧਾਇਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਸਕਦੀ ਹੈ।
ਚੰਪਈ ਸੋਰੇਨ ਦੇ ਨਾਲ ਕਾਂਗਰਸ ਨੇਤਾ ਆਲਮਗੀਰ ਆਲਮ, ਆਰ ਜੇ ਡੀ ਨੇਤਾ ਸਤਿਆਨੰਦ ਭੋਕਤਾ ਨੇ ਮੰਤਰੀ ਵਜੋਂ ਸਹੁੰ ਚੁੱਕੀ। ਕਬਾਇਲੀ ਨੇਤਾ ਚੰਪਈ ਸੋਰੇਨ (67) ਰਾਜ ਦੇ 12ਵੇਂ ਮੁੱਖ ਮੰਤਰੀ ਹਨ।
ਮੰਤਰੀ ਆਲਮਗੀਰ ਨੇ ਕੈਬਨਿਟ ਮੀਟਿੰਗ ਤੋਂ ਬਾਅਦ ਕਿਹਾ ਕਿ ਦੋ ਦਿਨਾਂ ਅਸੰਬਲੀ ਅਜਲਾਸ ਦੇ ਪਹਿਲੇ ਦਿਨ ਸਰਕਾਰ ਪੰਜ ਫਰਵਰੀ ਨੂੰ ਭਰੋਸੇ ਦਾ ਵੋਟ ਲਵੇਗੀ।


