ਜੰਮੂ : ਪੁਣਛ ਜ਼ਿਲ੍ਹੇ ’ਚ ਸ਼ਨੀਵਾਰ ਕੰਟਰੋਲ ਰੇਖਾ ਦੇ ਨੇੜੇ ਮੇਂਢਰ ਦੇ ਸਭਰਾ ਗਲੀ ਇਲਾਕੇ ’ਚ ਫੌਜ ਦੇ ਜਵਾਨਾਂ ਨੇ ਸ਼ੱਕੀ ਹਰਕਤ ਦੇਖ ਕੇ ਗੋਲਾਬਾਰੀ ਕੀਤੀ। ਆਖਰੀ ਰਿਪੋਰਟਾਂ ਮਿਲਣ ਤੱਕ ਬਰਫ ਨਾਲ ਘਿਰੇ ਮੇਂਢਰ ਦੇ ਸਰਹੱਦ ਨਾਲ ਲੱਗਦੇ ਪਿੰਡ ’ਚ ਤਲਾਸ਼ੀ ਮੁਹਿੰਮ ਚੱਲ ਰਹੀ ਹੈ।
ਫੈਕਟਰੀ ’ਚ ਅੱਗ ਨਾਲ ਮਰਨ ਵਾਲਿਆਂ ਦੀ ਗਿਣਤੀ 5
ਸ਼ਿਮਲਾ : ਬੱਦੀ ’ਚ ਕਾਸਮੈਟਿਕ ਫੈਕਟਰੀ ’ਚ ਸ਼ੁੱਕਰਵਾਰ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋ ਗਈ ਹੈ। ਇਸ ਤੋਂ ਪਹਿਲਾਂ ਹਿਮਾਚਲ ਦੇ ਡੀ ਜੀ ਪੀ ਸੰਜੇ ਕੁੰਡੂ ਨੇ ਕਿਹਾ ਕਿ ਘਟਨਾ ਦੇ ਸਮੇਂ 85 ਜਣੇ ਇਮਾਰਤ ਦੇ ਅੰਦਰ ਸਨ। ਪਹਿਲਾਂ ਇੱਕ ਔਰਤ ਦੇ ਮਰਨ ਦੀ ਸੂਚਨਾ ਮਿਲੀ ਸੀ ਤੇ ਪਤਾ ਲੱਗਾ ਸੀ ਕਿ 30 ਹਸਪਤਾਲ ’ਚ ਹਨ ਅਤੇ 13 ਲਾਪਤਾ ਹਨ। ਰਾਤ ਪਲਾਂਟ ਮੈਨੇਜਰ ਨੂੰ ਗਿ੍ਰਫਤਾਰ ਕਰ ਲਿਆ ਗਿਆ ਸੀ ਅਤੇ ਉਸ ਨੇ ਮੰਨਿਆ ਕਿ 85 ਵਿਅਕਤੀ ਇਮਾਰਤ ਦੇ ਅੰਦਰ ਸਨ। ਹੁਣ ਸਿਰਫ ਨੌਂ ਵਿਅਕਤੀ ਲਾਪਤਾ ਹਨ ਅਤੇ ਉਨ੍ਹਾਂ ਦਾ ਪਤਾ ਲਗਾਉਣ ਲਈ ਅਪਰੇਸ਼ਨ ਚੱਲ ਰਿਹਾ ਹੈ।
ਜਾਗਰੂਕਤਾ ਪੈਦਾ ਕਰਨ ਦਾ ਪੂਨਮ ਪਾਂਡੇ ਸਟਾਈਲ
ਮੁੰਬਈ : ਸਰਵਾਈਕਲ ਕੈਂਸਰ ਕਾਰਨ ਹੋਈ ਮੌਤ ਦੀਆਂ ਖਬਰਾਂ ਤੋਂ ਬਾਅਦ ਅਦਾਕਾਰਾ-ਮਾਡਲ ਪੂਨਮ ਪਾਂਡੇ ਨੇ ਸ਼ਨੀਵਾਰ ਕਿਹਾ ਕਿ ਉਹ ਜ਼ਿੰਦਾ ਹੈ। 32 ਸਾਲਾ ਪੂਨਮ ਪਾਂਡੇ ਨੇ ਇੰਸਟਾਗ੍ਰਾਮ ’ਤੇ ਵੀਡੀਓ ਪੋਸਟ ਕਰਕੇ ਕਿਹਾਮੈਂ ਤੁਹਾਡੇ ਸਾਰਿਆਂ ਨਾਲ ਕੁਝ ਮਹੱਤਵਪੂਰਨ ਮੁੱਦਾ ਸਾਂਝਾ ਕਰਨ ਲਈ ਮਜਬੂਰੀ ’ਚ ਆਪਣੀ ਮੌਤ ਦੀ ਅਫਵਾਹ ਉਡਾਈ ਸੀ। ਮੈਨੂੰ ਸਰਵਾਈਕਲ ਕੈਂਸਰ ਨਹੀਂ ਹੈ, ਪਰ ਅਫਸੋਸ ਦੀ ਗੱਲ ਹੈ ਕਿ ਇਸ ਨੇ ਹਜ਼ਾਰਾਂ ਔਰਤਾਂ ਦੀ ਜਾਨ ਲੈ ਲਈ ਹੈ, ਜਿਨ੍ਹਾਂ ਕੋਲ ਇਸ ਬਿਮਾਰੀ ਨਾਲ ਨਜਿੱਠਣ ਦੀ ਜਾਣਕਾਰੀ ਨਹੀਂ ਹੈ। ਇਸ ਬਿਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਹੀ ਮੈਂ ਮਰਨ ਦੀ ਅਫਵਾਹ ਉਡਾਈ ਸੀ।
ਮਮਤਾ ਕੇਂਦਰ ਖਿਲਾਫ ਧਰਨੇ ’ਤੇ ਰਾਤ-ਭਰ ਡਟੀ ਰਹੀ
ਕੋਲਕਾਤਾ : ਸਮਾਜ ਭਲਾਈ ਸਕੀਮਾਂ ਲਈ ਕੇਂਦਰ ਤੋਂ ਪੱਛਮੀ ਬੰਗਾਲ ਦੇ ਬਕਾਏ ਦੀ ਮੰਗ ਨੂੰ ਲੈ ਕੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਭੀਮ ਰਾਓ ਅੰਬੇਡਕਰ ਦੀ ਮੂਰਤੀ ਦੇ ਸਾਹਮਣੇ ਧਰਨਾ ਠੰਢ ਦੇ ਬਾਵਜੂਦ ਸਾਰੀ ਰਾਤ ਜਾਰੀ ਰਿਹਾ। ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਰਾਜ ਦੀਆਂ ਮਨਰੇਗਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਸਮੇਤ ਵੱਖ-ਵੱਖ ਭਲਾਈ ਸਕੀਮਾਂ ਲਈ ਹਜ਼ਾਰਾਂ ਕਰੋੜ ਰੁਪਏ ਦੀ ਦੇਣਦਾਰ ਹੈ। ਇਹ ਧਰਨਾ ਐਤਵਾਰ ਤੱਕ ਜਾਰੀ ਰਹੇਗਾ।