ਪੰਜਾਬੀ ’ਵਰਸਿਟੀ ਨੂੰ ਪੈਸੇ ਦੀ ਤੋਟ ਨਹੀਂ ਆਉਣ ਦੇਵਾਂਗੇ : ਚੀਮਾ

0
158

ਪਟਿਆਲਾ : ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਗਰਾਂਟ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸ਼ਨੀਵਾਰ ਇੱਥੇ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾ ਦੱਸਿਆ ਕਿ ਇਹ ‘ਆਪ’ ਸਰਕਾਰ ਹੀ ਹੈ ਜਿਸ ਵੱਲੋਂ ਪੰਜਾਬੀ ਯੂਨੀਵਰਸਿਟੀ ਦੀ ਗਰਾਂਟ ’ਚ ਰਿਕਾਰਡ ਵਾਧਾ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ 360 ਕਰੋੜ ਸਾਲਾਨਾ ਗਰਾਂਟ ਦੇਣ ਦੇ ਕੀਤੇ ਗਏ ਵਾਅਦੇ ਨੂੰ ਸਰਕਾਰ ਹਰ ਹਾਲਤ ’ਚ ਨਿਭਾਇਆ ਜਾ ਰਿਹਾ ਹੈ। ਉਨ੍ਹਾ ਯੂਨੀਵਰਸਿਟੀ ਦੀ ਦਸ਼ਾ ਸੁਧਾਰਨ ਲਈ ਯੂਨੀਵਰਸਿਟੀ ਦੇ ਵੀ ਸੀ ਪ੍ਰੋਫੈਸਰ ਅਰਵਿੰਦ ਵੱਲੋਂ ਕੀਤੇ ਯਤਨ ਦੀ ਸ਼ਲਾਘਾ ਵੀ ਕੀਤੀ। ਮੰਤਰੀ ਨੇ ਕਿਹਾ ਕਿ ਇਹ ਇੱਕ ਅਜਿਹੀ ਯੂਨੀਵਰਸਿਟੀ ਹੈ ਜੋ ਬਹੁਤ ਘੱਟ ਫੀਸਾਂ ’ਤੇ ਵਿਦਿਆਰਥੀਆਂ ਨੂੰ ਉੱਚ ਵਿਦਿਆ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਵੀ ਸੀ ਅਤੇ ਉਨ੍ਹਾ ਦੇ ਨਿੱਜੀ ਸਕੱਤਰ ਪ੍ਰੋਫੈਸਰ ਨਾਗਰ ਸਿੰਘ ਮਾਨ ਤੇ ਵਿੱਤ ਮੰਤਰੀ ਦੇ ਓ ਐੱਸ ਡੀ ਵੀ ਮੌਜੂਦ ਸਨ। ਯੂਨੀਵਰਸਿਟੀ ਦੀ ਤਰਫੋਂ ਵੀ ਸੀ ਤੇ ਹੋਰਾਂ ਨੇ ਵਿੱਤ ਮੰਤਰੀ ਨੂੰ ਸਨਮਾਨਤ ਵੀ ਕੀਤਾ।

LEAVE A REPLY

Please enter your comment!
Please enter your name here