ਚਮਰੋੜ ਪੱਤਣ ਵਿਖੇ ਜੈੱਟ ਸਕੀ, ਮੋਟਰ ਪੈਰਾ-ਗਲਾਈਡਿੰਗ ਤੇ ਹੌਟ ਏਅਰ ਬੈਲੂਨ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ

0
236

ਪਠਾਨਕੋਟ  (ਦਵਿੰਦਰ ਸਿੰਘ)
ਸੂਬੇ ਵਿੱਚ ਸੈਰ-ਸਪਾਟਾ ਖੇਤਰ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਚਮਰੋੜ ਪੱਤਣ ਵਿਖੇ ਜੈੱਟ ਸਕੀ, ਮੋਟਰ ਪੈਰਾ ਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਗਤੀਵਿਧੀਆਂ ਸ਼ੁਰੂ ਕਰਨ ਦਾ ਐਲਾਨ ਕੀਤਾ।
ਮੁੱਖ ਮੰਤਰੀ ਨੇ ਇਨ੍ਹਾਂ ਗਤੀਵਿਧੀਆਂ ਦਾ ਟਰਾਇਲ ਦੇਖਣ ਮਗਰੋਂ ਕਿਹਾ ਕਿ ਇਸ ਸੁੰਦਰ ਸਥਾਨ ’ਤੇ ਪਾਣੀ ਵਾਲੀਆਂ ਖੇਡਾਂ/ ਮਨੋਰੰਜਕ ਅਤੇ ਸਪੀਡ ਬੋਟਿੰਗ ਵਰਗੀਆਂ ਗਤੀਵਿਧੀਆਂ ਪਹਿਲਾਂ ਹੀ ਚੱਲ ਰਹੀਆਂ ਹਨ। ਹੁਣ ਇੱਥੇ ਜੈੱਟ ਸਕੀ, ਮੋਟਰ ਪੈਰਾ ਗਲਾਈਡਿੰਗ ਅਤੇ ਹੌਟ ਏਅਰ ਬੈਲੂਨ ਦਾ ਟਰਾਇਲ/ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਜਲਦੀ ਹੀ ਇਸ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਹ ਸਾਰੀਆਂ ਗਤੀਵਿਧੀਆਂ ਵਪਾਰਕ ਤੌਰ ’ਤੇ ਸ਼ੁਰੂ ਹੋਣਗੀਆਂ, ਜਿਸ ਨਾਲ ਸੈਰ-ਸਪਾਟਾ ਖੇਤਰ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਦੌਰਾਨ ਮੁੱਖ ਮੰਤਰੀ ਨੇ ਵਿਸ਼ਵ ਭਰ ’ਚ ਵਸਦੇ ਐੱਨ ਆਰ ਆਈ ਭਾਈਚਾਰੇ ਨੂੰ ਪੰਜਾਬ ਦੇ ਅਰਥਚਾਰੇ ਨੂੰ ਦੁਨੀਆ ਦੇ ਮੋਹਰੀ ਸੂਬੇ ਵਜੋਂ ਉਭਾਰਨ ਲਈ ਖੁੱਲ੍ਹੇ ਦਿਲ ਨਾਲ ਸਹਿਯੋਗ ਦੇਣ ਦਾ ਸੱਦਾ ਦਿੱਤਾ। ‘ਐਨ ਆਰ ਆਈ ਮਿਲਣੀ’ ਦੌਰਾਨ ਪਰਵਾਸੀ ਪੰਜਾਬੀ ਭਾਈਚਾਰੇ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਪਰਵਾਸੀ ਭਾਰਤੀਆਂ ਨੂੰ ਵੱਡੇ-ਵੱਡੇ ਪੈਲੇਸਾਂ ਅਤੇ ਹੋਟਲਾਂ ’ਚ ਬੁਲਾਇਆ ਜਾਂਦਾ ਸੀ, ਪਰ ਬਾਅਦ ’ਚ ਉਨ੍ਹਾਂ ਨੂੰ ਜ਼ਲਾਲਤ ਸਹਿਣੀ ਪੈਂਦੀ ਸੀ, ਕਿਉਂਕਿ ਕੋਈ ਵੀ ਉਨ੍ਹਾਂ ਦੀ ਪਰਵਾਹ ਨਹੀਂ ਕਰਦਾ ਸੀ। ਮੁੱਖ ਮੰਤਰੀ ਨੇ ਪ੍ਰਵਾਸੀ ਭਾਰਤੀ ਭਰਾਵਾਂ ਨੂੰ ਆਰਥਕ ਅਤੇ ਸਮਾਜਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਉਤਸ਼ਾਹਤ ਕਰਨ ਵਿੱਚ ਵੱਡਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਨ੍ਹਾ ਕਿਹਾ ਕਿ ਵਤਨ ਵਾਪਸੀ ਦਾ ਰੁਝਾਨ ਸ਼ੁਰੂ ਹੋ ਗਿਆ ਹੈ, ਜਿਸ ਨਾਲ ਸੁਨਹਿਰੇ ਸੁਪਨਿਆਂ ਦੀ ਭਾਲ ਵਿਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਪਰਵਾਸ ਕਰਨ ਦੇ ਉੱਭਰੇ ਰੁਝਾਨ ਨੂੰ ਠੱਲ੍ਹ ਪਏਗੀ, ਸਗੋਂ ਪਰਵਾਸੀ ਭਾਰਤੀ ਸੂਬੇ ਦੇ ਸਮਾਜਕ-ਆਰਥਕ ਵਿਕਾਸ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਹੋਣਗੇ। ਮੁੱਖ ਮੰਤਰੀ ਨੇ ਪਰਵਾਸੀ ਪੰਜਾਬੀਆਂ ਨੂੰ ਨਿਵੇਸ਼ ਕਰਕੇ, ਪਿੰਡਾਂ ਅਤੇ ਸ਼ਹਿਰਾਂ ਨੂੰ ਗੋਦ ਲੈ ਕੇ ਅਤੇ ਸਮਾਜ ਭਲਾਈ ਦੇ ਖੇਤਰ ’ਚ ਯੋਗਦਾਨ ਪਾ ਕੇ ਪੰਜਾਬ ’ਚ ਚੱਲ ਰਹੇ ਬੇਮਿਸਾਲ ਵਿਕਾਸ ’ਚ ਸਰਗਰਮ ਭਾਈਵਾਲ ਬਣਨ ਲਈ ਵੀ ਪ੍ਰੇਰਤ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਲਾਲ ਚੰਦ ਕਟਾਰੂ ਚੱਕ ਅਤੇ ਬ੍ਰਮ ਸ਼ੰਕਰ ਜਿੰਪਾ ਸਮੇਤ ਹੋਰ ਹਾਜ਼ਰ ਸਨ।

LEAVE A REPLY

Please enter your comment!
Please enter your name here