ਨਵੀਂ ਦਿੱਲੀ : ਨਵੀਂ ਖੋਜ ਵਿਚ ਸਾਹਮਣੇ ਆਇਆ ਹੈ ਕਿ ਦਸਤਾਰ ਹਾਦਸੇ ਦੀ ਸੂਰਤ ਵਿਚ ਖੋਪੜੀ ’ਚ ਫਰੈਕਚਰ ਤੋਂ ਕਾਫੀ ਬਚਾਅ ਕਰ ਦਿੰਦੀ ਹੈ। ਇੰਪੀਰੀਅਲ ਕਾਲਜ ਲੰਡਨ ਤੇ ਸਿੱਖ ਸਾਇੰਟਿਸਟਸ ਨੈੱਟਵਰਕ ਦੇ ਖੋਜੀਆਂ ਨੇ ਕਿਹਾ ਹੈ ਕਿ ਦੁਮਾਲਾ ਤਾਂ ਹੋਰ ਵੀ ਜ਼ਿਆਦਾ ਬਚਾਅ ਕਰਦਾ ਹੈ। ਉਨ੍ਹਾਂ ਡੰਮੀ ਸਿਰ ’ਤੇ ਵੱਖ-ਵੱਖ ਸਟਾਈਲ ਦੀਆਂ ਦਸਤਾਰਾਂ ਬੰਨ੍ਹ ਕੇ ਟੈੱਸਟ ਕੀਤੇ ਹਨ। ਖੋਜਾਰਥੀਆਂ ਨੇ ਕਿਹਾ ਹੈਸਿੱਖ ਸਦੀਆਂ ਤੋਂ ਦਸਤਾਰ ਬੰਨ੍ਹ ਰਹੇ ਹਨ, ਪਰ ਦੁਨੀਆ ਦੀ ਇਸ 0.5 ਫੀਸਦੀ ਆਬਾਦੀ ਨੂੰ ਵੱਖ-ਵੱਖ ਥਾਈਂ ਹਾਦਸਿਆਂ ਦੇ ਖਤਰੇ ਕਾਰਨ ਦਸਤਾਰ ਦੀ ਥਾਂ ਹੈਲਮਟ ਪਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਖੋਜਾਰਥੀਆਂ ਨੇ ਪੰਜ ਵੱਖ-ਵੱਖ ਦਸਤਾਰਾਂ ਨੂੰ ਟੈੱਸਟ ਕੀਤਾ। ਇਨ੍ਹਾਂ ਦੇ ਬੰਨ੍ਹਣ ਦੇ ਸਟਾਈਲਾਂ ਤੋਂ ਪਤਾ ਲਾਇਆ ਕਿ ਇਹ ਸੱਟ ਤੋਂ ਕਿੰਨਾ ਬਚਾਅ ਕਰਦੀਆਂ ਹਨ। ਉਨ੍ਹਾਂ ਇਨ੍ਹਾਂ ਦਾ ਸਾਈਕਲ ਦੇ ਹੈਲਮਟਾਂ ਨਾਲ ਮੁਕਾਬਲਾ ਕੀਤਾ। ਉਨ੍ਹਾਂ ਪਤਾ ਲਾਇਆ ਕਿ ਰੂਬੀਆ ਵਾਇਲ ਦੀ ਤਿੰਨ ਮੀਟਰ ਲੰਮੀ ਤੇ ਦੋ ਮੀਟਰ ਚੌੜੀ ਦਸਤਾਰ ਸੱਟ ਦਾ 23 ਫੀਸਦੀ ਰਿਸਕ ਘਟਾ ਦਿੰਦੀ ਹੈ। 10 ਮੀਟਰ ਲੰਮੀ ਤੇ ਇਕ ਮੀਟਰ ਚੌੜੀ ਦੁਮਾਲਾ ਸਟਾਈਲ ਦੀ ਦਸਤਾਰ 59 ਫੀਸਦੀ ਤੱਕ ਰਿਸਕ ਘਟਾਉਦੀ ਹੈ। ਖੋਜ ਕਰਨ ਵਾਲਿਆਂ ਵਿਚ ਸ਼ਾਮਲ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਮੀਦ ਹੈ ਕਿ ਵਿਗਿਆਨਕ ਭਾਈਚਾਰਾ ਸੱਟ ਤੋਂ ਬਚਾਅ ਲਈ ਅਜਿਹੀਆਂ ਫੈਬਰਿਕਾਂ ਵਾਲੀਆਂ ਦਸਤਾਰਾਂ ਬਣਾਉਣ ਦੀ ਸੋਚੇਗਾ, ਜਿਨ੍ਹਾਂ ਨਾਲ ਰਿਸਕ ਹੋਰ ਘਟੇ। ਉਹ ਫੈਬਰਿਕ ਵਿਚ ਅਜਿਹਾ ਮਟੀਰੀਅਲ ਪਾਏਗਾ, ਜਿਸ ਨਾਲ ਸੱਟ ਦਾ ਅਸਰ ਹੋਰ ਘਟੇ।





