ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਪੁਲਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (ਏ ਜੀ ਟੀ ਐੱਫ) ਨੇ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਵਿਦੇਸ਼ ਅਧਾਰਤ ਗੈਂਗਸਟਰ ਗੋਲਡੀ ਬਰਾੜ ਦੇ ਤਿੰਨ ਸਾਥੀਆਂ ਨੂੰ ਗੋਰਖਪੁਰ ਤੋਂ ਗਿ੍ਰਫ਼ਤਾਰ ਕਰਕੇ ਚੰਡੀਗੜ੍ਹ ਗੋਲੀ ਕਾਂਡ ਦੇ ਸਨਸਨੀਖੇਜ ਕੇਸ ਦੀ ਗੁੱਥੀ ਸੁਲਝਾ ਦਿੱਤੀ ਹੈ। ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮਿ੍ਰਤਪਾਲ ਸਿੰਘ ਉਰਫ਼ ਗੁੱਜਰ ਵਾਸੀ ਕਲੋਲੀ, ਬਨੂੜ, ਕਮਲਪ੍ਰੀਤ ਸਿੰਘ ਵਾਸੀ ਦੇਵੀਨਗਰ ਅਬਰਾਵਾਂ, ਬਨੂੜ ਅਤੇ ਪ੍ਰੇਮ ਸਿੰਘ ਵਾਸੀ ਅਮਰਾਲਾ, ਡੇਰਾਬਸੀ ਵਜੋਂ ਹੋਈ ਹੈ। ਬੀਤੀ 19 ਜਨਵਰੀ ਨੂੰ ਚੰਡੀਗੜ੍ਹ ਦੇ ਸੈਕਟਰ-5 ਸਥਿਤ ਇਕ ਵਪਾਰੀ ਦੇ ਘਰ ਅਣਪਛਾਤੇ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ।
ਡੀ ਜੀ ਪੀ ਨੇ ਦੱਸਿਆ ਕਿ ਏ ਡੀ ਜੀ ਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏ ਜੀ ਟੀ ਐੱਫ ਪੰਜਾਬ ਦੀ ਜਾਣਕਾਰੀ ’ਤੇ ਕਾਰਵਾਈ ਕਰਦਿਆਂ ਏ ਆਈ ਜੀ ਸੰਦੀਪ ਗੋਇਲ ਦੀ ਨਿਗਰਾਨੀ ਹੇਠ ਅਤੇ ਡੀ ਐੱਸ ਪੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀਆਂ ਪੁਲਸ ਟੀਮਾਂ ਨੇ ਚੰਡੀਗੜ੍ਹ ਪੁਲਸ ਨਾਲ ਮਿਲ ਕੇ ਪਤਾ ਲਾਇਆ ਕਿ ਉਕਤ ਮੁਲਜ਼ਮ ਬਿਹਾਰ ਤੋਂ ਯੂ ਪੀ ਜਾ ਰਹੇ ਹਨ ਅਤੇ ਪੁਲਸ ਟੀਮਾਂ ਨੇ ਗੋਰਖਪੁਰ ਪੁਲਸ ਦੀ ਮਦਦ ਨਾਲ ਗੋਰਖਪੁਰ ਰੇਲਵੇ ਸਟੇਸ਼ਨ ’ਤੇ ਉਨ੍ਹਾਂ ਨੂੰ ਕਾਬੂ ਕਰ ਲਿਆ।
ਮੁੱਢਲੀ ਤਫਤੀਸ਼ ਅਨੁਸਾਰ ਮੁਲਜ਼ਮ ਅੰਮਿ੍ਰਤਪਾਲ ਸਿੰਘ ਅਤੇ ਕਮਲਪ੍ਰੀਤ ਸਿੰਘ ਨੇ ਸੈਕਟਰ-5 ਚੰਡੀਗੜ੍ਹ ਸਥਿਤ ਰਿਹਾਇਸ਼ੀ ਇਲਾਕੇ ਵਿੱਚ ਸਥਿਤ ਵਪਾਰੀ ਦੇ ਘਰ ਗੋਲੀਆਂ ਚਲਾਈਆਂ, ਜਦਕਿ ਪ੍ਰੇਮ ਸਿੰਘ ਉਨ੍ਹਾਂ ਨੂੰ ਆਪਣੀ ਵਰਨਾ ਕਾਰ ਵਿੱਚ ਵਾਰਦਾਤ ਵਾਲੇ ਸਥਾਨ ਤੋਂ ਭਜਾ ਕੇ ਆਪਣੇ ਘਰ ਲੈ ਗਿਆ।
ਡੀ ਜੀ ਪੀ ਨੇ ਦੱਸਿਆ ਕਿ ਇਸ ਉਪਰੰਤ ਗੋਲਡੀ ਬਰਾੜ ਦੇ ਨਿਰਦੇਸ਼ਾਂ ’ਤੇ ਤਿੰਨੇ ਮੁਲਜ਼ਮ 27 ਜਨਵਰੀ ਨੂੰ ਬਿਹਾਰ ਭੱਜ ਗਏ ਅਤੇ ਗੋਲਡੀ ਬਰਾੜ ਵੱਲੋਂ ਬਿਹਾਰ ਦੇ ਪਿੰਡ ਛਿਤੌਲੀ ਵਿਖੇ ਦੱਸੇ ਗਈ ਛੁਪਣਗਾਹ ਵਿੱਚ ਜਾਣ ਤੋਂ ਪਹਿਲਾਂ ਦੋ ਦਿਨ ਗੁਰਦੁਆਰਾ ਪਟਨਾ ਸਾਹਿਬ ਵਿਖੇ ਰਹੇ। ਉਨ੍ਹਾ ਦੱਸਿਆ ਕਿ 4 ਫਰਵਰੀ ਦੀ ਸਵੇਰ ਉਨ੍ਹਾਂ ਕਿਸੇ ਨਵੀਂ ਜਗ੍ਹਾ ’ਤੇ ਜਾਣ ਲਈ ਛੁਪਣਗਾਹ ਨੂੰ ਛੱਡ ਦਿੱਤਾ।



