12 ਘੰਟੇ ਡਿਊਟੀ ਵਾਲਾ ਨੋਟੀਫਿਕੇਸ਼ਨ ਤੁਰੰਤ ਰੱਦ ਕਰਨ ਦੀ ਮੰਗ

0
150

ਅੰਮਿ੍ਰਤਸਰ (ਜਸਬੀਰ ਸਿੰਘ ਪੱਟੀ)
ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ 16 ਫਰਵਰੀ ਨੂੰ ਦੇਸ਼-ਵਿਆਪੀ ਹੜਤਾਲ ਅਤੇ ਪੇਂਡੂ ਭਾਰਤ ਬੰਦ ਕਰਨ ਦਾ ਸਾਂਝੇ ਤੌਰ ’ਤੇ ਐਲਾਨ ਕੀਤਾ ਹੈ । ਮੋਦੀ ਸਰਕਾਰ ਨੇ 13 ਮਹੀਨੇ ਚੱਲੇ ਦਿੱਲੀ ਕਿਸਾਨ ਮੋਰਚੇ ਅੱਗੇ ਝੁਕਦਿਆਂ ਮੰਗਾਂ ਤਾਂ ਮੰਗ ਲਈਆ ਸਨ, ਪਰ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੀ ਅਤੇ ਕਾਰਪੋਰੇਟ ਘਰਾਣਿਆਂ ਨੂੰ ਮਾਲਾਮਾਲ ਕਰਨ ਵਾਸਤੇ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਛੋਟੇ ਦੁਕਾਨਦਾਰਾਂ ਤੇ ਕਾਰੋਬਾਰੀਆਂ ਖਿਲਾਫ ਕਾਨੂੰਨ ਲਿਆ ਰਹੀ ਹੈ, ਜਿਸ ਨਾਲ ਦੇਸ਼ ਦੇ ਬਹੁਸੰਮਤੀ ਲੋਕਾਂ ਨੂੰ ਨੁਕਸਾਨ ਹੋਵੇਗਾ। ਜ਼ਿਕਰਯੋਗ ਹੈ ਕਿ ਬੜੀਆਂ ਕੁਰਬਾਨੀਆਂ ਦੇ ਕੇ ਬਣਾਏ ਗਏ ਲੇਬਰ ਕਾਨੂੰਨ ਸੋਧ ਦੇ ਬਹਾਨੇ ਤੋੜ ਕੇ ਕੇਂਦਰ ਸਰਕਾਰ 4 ਕੋਡ ਲਿਆ ਰਹੀ ਹੈ, ਜਿਸ ਨਾਲ ਪਹਿਲਾਂ ਹੀ ਮਹਿੰਗਾਈ, ਬੇਕਾਰੀ ਦੇ ਮਾਰੇ ਮਜ਼ਦੂਰਾਂ ਦਾ ਹੋਰ ਮਾੜਾ ਹਾਲ ਹੋਏਗਾ ਅਤੇ ਚੰਦ ਕਾਰਪੋਰੇਟ ਘਰਾਣੇ ਮਜ਼ਦੂਰਾਂ ਦੀ ਹੋਰ ਵੀ ਲੁੱਟ ਕਰਨਗੇ। ਐਤਵਾਰ ਟਰੇਡ ਯੂਨੀਅਨਾਂ ਏਟਕ, ਇੰਟਕ, ਐੱਚ ਐੱਮ ਐੱਸ ਅਤੇ ਸੀ ਟੀ ਯੂ (ਪੰਜਾਬ) ਦੀ ਸਾਂਝੀ ਮੀਟਿੰਗ ਏਕਤਾ ਭਵਨ ਪੁਤਲੀਘਰ ਵਿਖੇ ਕੀਤੀ ਗਈ। ਮੀਟਿੰਗ ਵਿਚ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਇੰਟਕ ਦੇ ਬਿੱਟੂ, ਅੱੈਚ ਐੱਮ ਐੱਸ ਦੇ ਕੁਲਵੰਤ ਸਿੰਘ ਬਾਵਾ ਅਤੇ ਸੀ ਟੀ ਯੂ (ਪੰਜਾਬ) ਦੇ ਜਗਤਾਰ ਸਿੰਘ ਕਰਮਪੁਰਾ ਤੇ ਕਿਰਪਾਲ ਸਿੰਘ ਗਿੱਲ ਨੇ ਹਿੱਸਾ ਲਿਆ। ਮੀਟਿੰਗ ਵਿੱਚ ਕੇਂਦਰ ਸਰਕਾਰ ਨੂੰ ਤਾੜਨਾ ਕੀਤੀ ਗਈ ਕਿ ਮਜ਼ਦੂਰਾਂ ਦੀ 12 ਘੰਟੇ ਡਿਊਟੀ ਵਾਲਾ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ, ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ ਅਤੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਗਈ ਕਿ ਅਣਸਿਖੇ ਮਜ਼ਦੂਰਾਂ ਦੀ ਘੱਟੋ-ਘੱਟ ਤਨਖਾਹ 26000 ਰੁਪਏ ਕੀਤੀ ਜਾਵੇ। ਬਣਾਏ ਗਏ 4 ਕੋਡ ਰੱਦ ਕੀਤੇ ਜਾਣ, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ । ਲੇਬਰ ਮਹਿਕਮੇ ਨੂੰ ਚੁਸਤ-ਦਰੁਸਤ ਕਰਨ ਵਾਸਤੇ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਮਨਰੇਗਾ ਮਜ਼ਦੂਰਾਂ ਨੂੰ ਸਾਲ ਵਿੱਚ 200 ਦਿਨ ਕੰਮ ਦਿੱਤਾ ਜਾਵੇ ਅਤੇ ਦਿਹਾੜੀ 700 ਰੁਪਏ ਕੀਤੀ ਜਾਏ।
ਆਗੂਆਂ ਐਲਾਨ ਕੀਤਾ ਕਿ ਪਾਵਰਲੂਮ ਦੇ ਵਰਕਰਾਂ ਦਾ ਐਗਰੀਮੈਂਟ 31 ਦਸੰਬਰ 2023 ਨੂੰ ਖਤਮ ਹੋ ਗਿਆ ਹੈ। ਰੇਟ ਵਧਾਉਣ ਵਾਸਤੇ ਤੁਰੰਤ ਮਾਲਕਾਂ ਦੀ ਐਸੋਸੀਏਸ਼ਨ ਨੂੰ ਮੰਗ ਪੱਤਰ ਦਿੱਤਾ ਜਾਵੇਗਾ । ਇਨ੍ਹਾਂ ਮੰਗਾਂ ਤੋਂ ਇਲਾਵਾ ਇਸ ਬੰਦ ਵਿੱਚ ਵੱਖ ਵੱਖ ਕੈਟਾਗਰੀਆਂ ਦੀਆਂ ਮੰਗਾਂ ਸ਼ਾਮਲ ਹਨ।
ਬੰਦ ਨੂੰ ਸਫਲ ਕਰਨ ਵਾਸਤੇ ਟੈਕਸਟਾਇਲ ਦੇ ਵਰਕਰ, ਭੱਠਿਆਂ ’ਤੇ ਕੰਮ ਕਰਨ ਵਾਲੇ ਮਜ਼ਦੂਰ, ਟਰਾਂਸਪੋਰਟ ਕਾਮੇ, ਵਿਦਆਰਥੀ, ਨੌਜਵਾਨ, ਔਰਤਾਂ ਅਤੇ ਹੋਰ ਵੀ ਜਥੇਬੰਦੀਆਂ 16 ਫਰਵਰੀ ਦੀ ਹੜਤਾਲ ਨੂੰ ਸਫਲ ਕਰਨ ਲਈ ਬੜੀ ਸੰਜੀਦਗੀ ਨਾਲ ਤਿਆਰੀ ਕਰ ਰਹੇ ਹਨ । 16 ਫਰਵਰੀ ਨੂੰ ਕਿਸਾਨ ਉਸ ਦਿਨ ਸਬਜ਼ੀਆਂ, ਦੁੱਧ ਵਗੈਰਾ ਸ਼ਹਿਰਾਂ ਵਿੱਚ ਨਹੀਂ ਆਉਣ ਦੇਣਗੇ। ਟਰਾਂਸਪੋਰਟ ਕਾਮੇ ਬੱਸਾਂ ਬੰਦ ਰੱਖਣਗੇ ਅਤੇ ਮਜ਼ਦੂਰ ਆਪਣੇ-ਆਪਣੇ ਅਦਾਰਿਆਂ ਵਿੱਚ ਹੜਤਾਲ ਕਰਕੇ 16 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਸਮੇਂ ਭੰਡਾਰੀ ਪੁਲ ’ਤੇ ਠੀਕ 12 ਵਜੇ ਲਾਮਿਸਾਲ ਇਕੱਠ ਕਰਨਗੇ। ਉਕਤ ਯੂਨੀਅਨਾਂ ਨੇ ਆਪਣੀਆਂ-ਆਪਣੀਆਂ ਇਕਾਈਆਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਵਿਰੋਧੀ ਤੇ ਫਾਸ਼ੀਵਾਦੀ ਤਾਕਤਾਂ ਨੂੰ ਭਾਜ ਦੇਣ ਲਈ ਇੱਕਮੁੱਠ ਹੋ ਕੇ ਲੋਕਾਂ ਨੂੰ ਲਾਮਬੰਦ ਕਰਕੇ ਭੰਡਾਰੀ ਪੁਲ ’ਤੇ ਕੀਤੇ ਜਾ ਰਹੇ ਇਕੱਠ ਵਿਚ ਸ਼ਾਮਲ ਹੋਣ।

LEAVE A REPLY

Please enter your comment!
Please enter your name here