ਲਖਨਊ : ਯੂ ਪੀ ਦੇ ਬਲੀਆ ਜ਼ਿਲ੍ਹੇ ਵਿਚ ਸਮੂਹਕ ਵਿਆਹਾਂ ਵਿਚ ਹੋਏ ਫਰਾਡ ਦੇ ਸੰਬੰਧ ਵਿਚ ਦੋ ਸਰਕਾਰੀ ਮੁਲਾਜ਼ਮਾਂ ਸਣੇ ਘੱਟੋ-ਘੱਟ 15 ਲੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਫਰਾਡ ਦਾ ਪਤਾ ਲਾੜੀਆਂ ਵੱਲੋਂ ਖੁਦ ਹੀ ਵਰਮਾਲਾ ਪਾਉਦੀਆਂ ਦੀ ਵੀਡੀਓ ਵਾਇਰਲ ਹੋਣ ਨਾਲ ਲੱਗਿਆ। 25 ਜਨਵਰੀ ਨੂੰ ਹੋਏ ਪ੍ਰੋਗਰਾਮ ਵਿਚ ਕੁਝ ਲਾੜੇ ਮੂੰਹ ਢਕੀ ਨਜ਼ਰ ਆਏ। ਅਧਿਕਾਰੀਆਂ ਮੁਤਾਬਕ ਪ੍ਰੋਗਰਾਮ ਵਿਚ 568 ਜੋੜੇ ਸ਼ਾਮਲ ਹੋਏ। ਜਾਂਚ ਵਿਚ ਪਤਾ ਲੱਗਿਆ ਕਿ ਕਈ ਵਿਅਕਤੀਆਂ ਨੂੰ ਲਾੜਾ-ਲਾੜੀ ਬਣਨ ਲਈ 500 ਤੋਂ 2000 ਰੁਪਏ ਤੱਕ ਦਿੱਤੇ ਗਏ। 19 ਸਾਲਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਤਾਂ ਵਿਆਹ ਹੁੰਦੇ ਦੇਖਣ ਗਿਆ ਸੀ, ਪਰ ਉਸ ਨੂੰ ਉੱਥੇ ਬਿਠਾ ਲਿਆ ਗਿਆ ਤੇ ਕਿਹਾ ਗਿਆ ਕਿ ਉਸ ਨੂੰ ਪੈਸੇ ਮਿਲਣਗੇ। ਉਸ ਵਰਗੇ ਹੋਰ ਵੀ ਕਈ ਉੱਥੇ ਬੈਠੇ ਸਨ। ਸਮੂਹਕ ਵਿਆਹ ਸਮਾਰੋਹ ਦੀ ਮੁੱਖ ਮਹਿਮਾਨ ਕੇਤਕੀ ਸਿੰਘ ਨੇ ਕਿਹਾ ਕਿ ਉਸ ਨੂੰ ਇਸ ਬਾਰੇ ਦੋ ਦਿਨ ਪਹਿਲਾਂ ਦੱਸਿਆ ਗਿਆ ਸੀ। ਉਸ ਨੂੰ ਲੱਗਿਆ ਸੀ ਕਿ ਕੁਝ ਗੜਬੜ ਹੈ, ਪਰ ਹੁਣ ਜਾਂਚ ਕੀਤੀ ਜਾ ਰਹੀ ਹੈ।
ਯੂ ਪੀ ਸਰਕਾਰ ਦੀ ਸਕੀਮ ਤਹਿਤ 51 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। 35 ਹਜ਼ਾਰ ਰੁਪਏ ਲਾੜੀ ਨੂੰ ਦਿੱਤੇ ਜਾਂਦੇ ਹਨ, 10 ਹਜ਼ਾਰ ਰੁਪਏ ਵਿਆਹ ਦਾ ਸਮਾਨ ਖਰੀਦਣ ਲਈ ਦਿੱਤੇ ਜਾਂਦੇ ਹਨ ਅਤੇ 6 ਹਜ਼ਾਰ ਰੁਪਏ ਸਮਾਗਮ ਦਾ ਖਰਚ ਹੁੰਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਫਰਾਡ ਦਾ ਪਤਾ ਪੈਸੇ ਦੇਣ ਤੋਂ ਪਹਿਲਾਂ ਲੱਗ ਗਿਆ ਤੇ ਹੁਣ ਪੂਰੀ ਜਾਂਚ ਤੋਂ ਬਾਅਦ ਹੀ ਪੈਸੇ ਟਰਾਂਸਫਰ ਕੀਤੇ ਜਾਣਗੇ।





