ਹੈਦਰਾਬਾਦ : ਸੀ ਪੀ ਆਈ ਦੀ ਕੌਮੀ ਕੌਂਸਲ ਮੀਟਿੰਗ, ਜੋ ਰਾਮਾ ਕਿ੍ਰਸ਼ਨ ਪਾਂਡਾ, ਨਿਸ਼ਾ ਸਿੱਧੂ ਤੇ ਸੰਮਬਸਿਵਾ ਰਾਓ ਦੀ ਪ੍ਰਧਾਨਗੀ ਹੇਠ ਹੈਦਰਾਬਾਦ ਵਿਖੇ ਚੱਲ ਰਹੀ ਹੈ, ਨੂੰ ਵਿਸ਼ੇਸ਼ ਤੌਰ ’ਤੇ ਸੰਬੋਧਨ ਕਰਨ ਲਈ ਸੀ ਪੀ ਆਈ ਦੇ ਸਾਬਕਾ ਕੌਮੀ ਜਨਰਲ ਸਕੱਤਰ ਸੁਧਾਰਕ ਰੈਡੀ ਪਹੁੰਚੇ। ਉਨ੍ਹਾ ਨੂੰ ਨੈਸ਼ਨਲ ਕੌਂਸਲ ਵੱਲੋਂ ਸਨਮਾਨਤ ਵੀ ਕੀਤਾ ਗਿਆ। ਮੀਟਿੰਗ ਦੇ ਆਖਰੀ ਦਿਨ ਪੰਜਾਬ ਇਸਤਰੀ ਸਭਾ ਦੀ ਸੂਬਾਈ ਜਨਰਲ ਸਕੱਤਰ ਨਰਿੰਦਰ ਕੌਰ ਸੋਹਲ, ਮਹੇਸ਼ ਰਾਠੀ, ਡਾਕਟਰ ਅਰੁਣ ਮਿੱਤਰਾ ਤੇ ਗੁਲਜ਼ਾਰ ਸਿੰਘ ਗੋਰੀਆ ਨੇ ਵਿਚਾਰ-ਚਰਚਾ ਵਿੱਚ ਹਿੱਸਾ ਲਿਆ।
ਮੀਟਿੰਗ ਦੀ ਸਮਾਪਤੀ ਤੋਂ ਬਾਅਦ ਸ਼ਾਮ ਨੂੰ ਮਹਿੰਗਾਈ, ਬੇਰੁਜ਼ਗਾਰੀ, ਫਲਸਤੀਨ ਤੇ ਇਜ਼ਰਾਈਲ ਦੇ ਮਸਲੇ ’ਤੇ ਆਲ ਪਾਰਟੀ ਰੈਲੀ ਹੋਈ, ਜਿਸ ਵਿੱਚ ਮੁੱਖ ਤੌਰ ’ਤੇ ਸੀ ਪੀ ਆਈ ਦੇ ਕੌਮੀ ਜਨਰਲ ਸਕੱਤਰ ਡੀ ਰਾਜਾ, ਸੀ ਪੀ ਐੱਮ ਦੇ ਸੂਬਾਈ ਆਗੂ ਤੇ ਇੰਡੀਆ ਫਰੰਟ ਵਿੱਚ ਸ਼ਾਮਲ ਪਾਰਟੀਆਂ ਦੇ ਆਗੂਆਂ ਨੇ ਵਿਚਾਰ ਰੱਖੇ। ਉਹਨਾ ਕਿਹਾ ਕਿ ਹਾਲਾਤ ਇਹ ਹਨ ਕਿ ਇਜ਼ਰਾਈਲ ਤੇ ਅਮਰੀਕਾ ਰਲ ਕੇ ਫਲਸਤੀਨ ਵਸੋਂ ਭਾਵ ਦੇਸ਼ ਦਾ ਨਾਮੋ-ਨਿਸ਼ਾਨ ਮਿਟਾਉਣ ’ਤੇ ਤੁਲੇ ਹੋਏ ਹਨ। ਇਜ਼ਰਾਈਲ ਦੀ ਵਸੋਂ ਜੋ ਯਹੂਦੀ ਨਸਲ ਨਾਲ ਸੰਬੰਧ ਰੱਖਦੀ ਹੈ, ਯੂਰਪ ਦਾ ਹਿੱਸਾ ਸੀ। ਈਸਾਈ ਬਰਾਦਰੀ ਨੇ ਇਨ੍ਹਾਂ ’ਤੇ ਘੋਰ ਜ਼ੁਲਮ ਕੀਤੇ ਤੇ ਵਸਦੀ-ਰਸਦੀ ਕੌਮ ਨੂੰ ਉਜਾੜ ਕੇ ਘਰੋਂ ਬੇਘਰ ਕਰ ਦਿੱਤਾ। ਈਸਾਈ ਭਾਈਚਾਰੇ ਨੇ ਯਹੂਦੀਆਂ ਨਾਲ ਨੀਚ ਜਾਤ ਵਾਲਾ ਵਿਹਾਰ ਕੀਤਾ, ਜਿਸ ਤਰ੍ਹਾਂ ਹਿੰਦੂ ਧਰਮ ਨੇ ਮਨੁੱਖ ਨੂੰ ਚਾਰ ਵਰਣਾਂ ਵਿੱਚ ਵੰਡ ਕੇ ਕੀਤਾ ਸੀ। ਇਨ੍ਹਾਂ ਚਾਰ ਵਰਣਾਂ ਵਿੱਚ ਨੀਚ ਸਭ ਤੋਂ ਥੱਲੇ ਵਾਲੇ ਮੰਨੇ ਜਾਂਦੇ ਸਨ। ਉੱਚੇ ਵਰਣ ਦੇ ਲੋਕ ਉਨ੍ਹਾਂ ਤੋਂ ਨੀਵੇਂ ਕੰਮ ਕਰਾਉਂਦੇ ਸਨ। ਇਹ ਨੀਚ ਲੋਕ ਉੱਚੀ ਜਾਤੀ ਵਾਲਿਆਂ ਦਾ ਮਲ-ਮੂਤਰ ਸੁੱਟਦੇ ਸਨ। ਇਨ੍ਹਾਂ ਦੀ ਵਸੋਂ ਪਿੰਡ-ਸ਼ਹਿਰ ਤੋਂ ਬਾਹਰ ਹੁੰਦੀ ਸੀ। ਉੱਚੀ ਜਾਤੀ ਵਾਲਿਆਂ ਦੇ ਇਨ੍ਹਾਂ ਨੀਚਾਂ ਨੂੰ ਪਿੰਡ ਤੋਂ ਬਾਹਰ ਰੱਖਣ ਪਿੱਛੇ ਵੀ ਦੋ ਮਕਸਦ ਸਨ। ਇੱਕ ਇਹ ਕਿ ਸਾਡੀ ਬਾਹਰਲੇ ਹਮਲਾਵਰਾਂ ਤੋਂ ਰਾਖੀ ਕਰਨ ਤੇ ਦੂਜਾ ਸਾਡਾ ਮਲਮੂਤਰ ਸੁੱਟਣ। ਇਸੇ ਤਰ੍ਹਾਂ ਹੀ ਈਸਾਈ ਬਰਾਦਰੀ ਨੇ ਯਹੂਦੀਆਂ ਨਾਲ ਕੀਤਾ ਸੀ। ਯਹੂਦੀ ਯੂਰਪ ਦੀ ਵਸੋਂ ਸੀ ਤੇ ਇਨ੍ਹਾਂ ਨੂੰ ਯੂਰਪ ਵਿੱਚੋਂ ਕੱਢ ਦਿੱਤਾ ਗਿਆ। ਯਹੂਦੀ ਥਾਂ-ਥਾਂ ਭਟਕਦੇ ਫਿਰ ਰਹੇ ਸਨ। ਅੰਗਰੇਜ਼ਾਂ ਨੇ ਬੜੀ ਯੋਜਨਾ ਨਾਲ ਇਨ੍ਹਾਂ ਨੂੰ ਫਲਸਤੀਨ ਵਿੱਚ ਵਸਾ ਕੇ ਇਜ਼ਰਾਈਲ ਦੇਸ਼ ਬਣਾ ਦਿੱਤਾ। ਉਸ ਵਕਤ ਫਲਸਤੀਨੀਆਂ ਦੀ ਵਸੋਂ 80 ਫੀਸਦੀ ਸੀ ਤੇ ਯਹੂਦੀਆਂ ਦੀ ਸਿਰਫ 20 ਫੀਸਦੀ। ਬਰਤਾਨੀਆ ਦੀ ਇਜ਼ਰਾਈਲ ਦੇਸ਼ ਬਣਾਉਣ ਪਿੱਛੇ ਨੀਤੀ ਇਹ ਸੀ ਕਿ ਯਹੂਦੀਆਂ ਰਾਹੀਂ ਅਰਬ ਤੇ ਏਸ਼ੀਆਈ ਦੇਸ਼ਾਂ ਵਿੱਚ ਦਖਲ ਦਿੱਤਾ ਜਾਵੇ। ਹੁਣ ਅਮਰੀਕਾ ਬਰਤਾਨੀਆਂ ਵਾਲੀ ਨੀਤੀ ’ਤੇ ਚੱਲ ਰਿਹਾ ਹੈ, ਜੋ ਸੰਸਾਰ ਲਈ ਬੜੀ ਘਾਤਕ ਹੈ। ਚਾਹੀਦਾ ਇਹ ਹੈ ਕਿ ਫਲਸਤੀਨ ਤੇ ਇਜ਼ਰਾਈਲ ਵਿੱਚ ਸ਼ਾਂਤੀ ਕਾਇਮ ਹੋਵੇ ਤੇ ਇਹ ਦੋਵੇਂ ਦੇਸ਼ ਤਰੱਕੀ ਕਰਨ ਤੇ ਖੁਸ਼ਹਾਲ ਹੋਣ। ਬੱਚਿਆਂ ਨੂੰ ਵਿਦਿਆ, ਜਵਾਨੀ ਨੂੰ ਰੁਜ਼ਗਾਰ, ਸਾਰਿਆਂ ਨੂੰ ਸਿਹਤ ਸਹੂਲਤ ਤੇ ਰਹਿਣ ਲਈ ਘਰ ਮਿਲਣ। ਮੀਟਿੰਗ ਵਿੱਚ ਸੀ ਪੀ ਆਈ ਪੰਜਾਬ ਦੇ ਸਕੱਤਰ ਬੰਤ ਸਿੰਘ ਬਰਾੜ, ਹਰਦੇਵ ਅਰਸ਼ੀ, ਨਿਰਮਲ ਸਿੰਘ ਧਾਲੀਵਾਲ ਤੇ ਪਿ੍ਰਥੀਪਾਲ ਸਿੰਘ ਮਾੜੀਮੇਘਾ ਵੀ ਹਾਜ਼ਰ ਸਨ।




