ਮੇਰਠ : ਯੂ ਪੀ ਦੇ ਦਹਿਸ਼ਤਗਰਦੀ ਵਿਰੋਧੀ ਸਕੁਐਡ (ਏ ਟੀ ਐੱਸ) ਨੇ ਮਾਸਕੋ ਸਥਿਤ ਭਾਰਤੀ ਅੰਬੈਸੀ ’ਚ ਕੰਮ ਕਰ ਰਹੇ ਇਕ ਸ਼ਖਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ ਐੱਸ ਆਈ ਦੇ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ’ਚ ਗਿ੍ਰਫਤਾਰ ਕੀਤਾ ਹੈ। ਏ ਟੀ ਐੱਸ ਨੇ ਕਿਹਾ ਕਿ ਕਾਬੂ ਕੀਤਾ ਵਿਅਕਤੀ ਪਾਕਿਸਤਾਨ ਦੀ ਸੂਹੀਆ ਏਜੰਸੀ ਨਾਲ ਦੇਸ਼ ਵਿਰੋਧੀ ਸਰਗਰਮੀਆਂ ’ਚ ਸ਼ਾਮਲ ਸੀ ਤੇ ਉਸ ਨੂੰ ਰੱਖਿਆ ਮੰਤਰਾਲੇ, ਵਿਦੇਸ਼ ਮੰਤਰਾਲੇ ਤੇ ਭਾਰਤੀ ਫੌਜੀ ਟਿਕਾਣਿਆਂ ਦੀਆਂ ਰਣਨੀਤਕ ਸਰਗਰਮੀਆਂ ਬਾਰੇ ਖੁਫੀਆ ਜਾਣਕਾਰੀ ਮੁਹੱਈਆ ਕਰਵਾ ਰਿਹਾ ਸੀ। ਗਿ੍ਰਫਤਾਰ ਕੀਤੇ ਵਿਅਕਤੀ ਦੀ ਪਛਾਣ ਸਤੇੇਂਦਰ ਸਿਵਾਲ ਪੁੱਤਰ ਜੈਵੀਰ ਸਿੰਘ ਵਾਸੀ ਪਿੰਡ ਸ਼ਾਹਮਹੀਉਦਦੀਨਪੁਰ, ਜ਼ਿਲ੍ਹਾ ਹਾਪੁੜ ਵਜੋਂ ਦੱਸੀ ਗਈ ਹੈ। ਸਿਵਾਲ ਵਿਦੇਸ਼ ਮੰਤਰਾਲੇ ਲਈ ਕੰਮ ਕਰਦਾ ਸੀ ਤੇ ਮੌਜੂਦਾ ਸਮੇਂ ਮਾਸਕੋ ਸਥਿਤ ਭਾਰਤੀ ਅੰਬੈਸੀ ’ਚ ਤਾਇਨਾਤ ਸੀ। ਸਿਵਾਲ ਨੂੰ ਏ ਟੀ ਐੱਸ ਦੀ ਮੇਰਠ ਸਥਿਤ ਫੀਲਡ ਯੂਨਿਟ ’ਚ ਸੱਦ ਕੇ ਪੁੱਛ-ਪੜਤਾਲ ਕੀਤੀ ਗਈ। ਇਸ ਦੌਰਾਨ ਜਦੋਂ ਉਹ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ। ਸਿਵਾਲ ਖਿਲਾਫ ਲਖਨਊ ਸਥਿਤ ਏ ਟੀ ਐੱਸ ਪੁਲਸ ਥਾਣੇ ਵਿਚ ਆਈ ਪੀ ਸੀ ਦੀ ਧਾਰਾ 121-ਏ ਤੇ ਸਰਕਾਰੀ ਭੇਤ ਐਕਟ 1923 ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਮਾਸਕੋ ਵਿਚ ਭਾਰਤੀ ਅੰਬੈਸੀ ’ਚ ਆਈ ਬੀ ਐੱਸ ਏ (ਭਾਰਤ ਅਧਾਰਤ ਸੁਰੱਖਿਆ ਸਹਾਇਕ) ਵਜੋਂ ਕੰਮ ਕਰ ਰਿਹਾ ਸੀ।





