ਚੰਡੀਗੜ੍ਹ (ਗੁਰਜੀਤ ਬਿੱਲਾ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਆਪਣੇ ਨਿਵਾਸ ਸਥਾਨ ’ਤੇ 11 ਕੌਮਾਂਤਰੀ ਖਿਡਾਰੀਆਂ ਨੂੰ ਕਲਾਸ-ਵਨ ਦੀਆਂ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਸੌਂਪੇ। ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ, ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ ਅਤੇ ਸ਼ਾਟਪੁੱਟਰ ਤਜਿੰਦਰਪਾਲ ਸਿੰਘ ਤੂਰ ਡੀ ਐਸ ਪੀ ਵਜੋਂ, ਜਦਕਿ ਹਾਕੀ ਖਿਡਾਰੀ ਰੁਪਿੰਦਰਪਾਲ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ ਅਤੇ ਗੁਰਜੰਟ ਸਿੰਘ ਪੰਜਾਬ ਸਿਵਲ ਸਰਵਿਸਿਜ਼ (ਪੀ ਸੀ ਐੱਸ) ’ਚ ਸੇਵਾਵਾਂ ਨਿਭਾਉਣਗੇ।
ਮੋਗਾ ਦੀ ਹਰਮਨਪ੍ਰੀਤ ਕੌਰ ਭਾਰਤੀ ਮਹਿਲਾ ਕਿ੍ਰਕਟ ਟੀਮ ਦੀ ਕਪਤਾਨ ਹੈ। ਨਵੰਬਰ 2018 ’ਚ ਉਹ ਮਹਿਲਾ ਟੀ-20 ਕੌਮਾਂਤਰੀ ਮੈਚ ’ਚ ਸੈਂਕੜਾ ਲਗਾਉਣ ਵਾਲੀ ਪਹਿਲੀ ਭਾਰਤੀ ਖਿਡਾਰਨ ਬਣੀ ਸੀ। ਅੰਮਿ੍ਰਤਸਰ ਵਿਚ ਜਨਮ ਲੈਣ ਵਾਲੇ ਹਰਮਨਪ੍ਰੀਤ ਸਿੰਘ ਨੇ ਭਾਰਤੀ ਟੀਮ ਲਈ ਸਭ ਤੋਂ ਵੱਧ ਗੋਲ ਕੀਤੇ ਹਨ। ਜਲੰਧਰ ਵਿਚ ਪੈਦਾ ਹੋਇਆ ਮਨਦੀਪ ਭਾਰਤੀ ਹਾਕੀ ਟੀਮ ਤੋਂ ਇਲਾਵਾ ਦਿੱਲੀ ਵੇਵਰਾਈਡਰਜ਼ ਲਈ ਖੇਡ ਰਿਹਾ ਹੈ। ਅੰਮਿ੍ਰਤਸਰ ਦੇ ਬੁਤਾਲਾ ਵਿਚ ਪੈਦਾ ਹੋਇਆ ਦਿਲਪ੍ਰੀਤ ਸਿੰਘ 2018 ਤੋਂ ਭਾਰਤੀ ਹਾਕੀ ਟੀਮ ਨਾਲ ਹੈ। ਵਰੁਣ ਕੁਮਾਰ ਦਾ ਪਰਵਾਰ ਡਲਹੌਜ਼ੀ, ਹਿਮਾਚਲ ਦਾ ਰਹਿਣ ਵਾਲਾ ਹੈ। ਵਰੁਣ ਦਾ ਜਨਮ ਪੰਜਾਬ ’ਚ ਹੋਇਆ ਸੀ। ਉਹ 2017 ਤੋਂ ਹਾਕੀ ਟੀਮ ਲਈ 40 ਗੋਲ ਕਰ ਚੁੱਕਾ ਹੈ। ਅਟਾਰੀ ਵਿਚ ਜਨਮ ਲੈਣ ਵਾਲਾ ਸ਼ਮਸ਼ੇਰ ਸਿੰਘ 2019 ਤੋਂ ਭਾਰਤੀ ਹਾਕੀ ਟੀਮ ਨਾਲ ਹੈ। ਉਹ ਪੰਜਾਬ ਨੈਸ਼ਨਲ ਬੈਂਕ ’ਚ ਕੰਮ ਕਰ ਰਿਹਾ ਸੀ। ਫਰੀਦਕੋਟ ਵਿਚ ਪੈਦਾ ਹੋਣ ਵਾਲਾ ਡਿਫੈਂਡਰ ਰੁਪਿੰਦਰਪਾਲ ਸਿੰਘ ਭਾਰਤੀ ਹਾਕੀ ਟੀਮ ਦੀ ਕੰਧ ਹੈ। ਪੀਲੀਭੀਤ (ਯੂ ਪੀ) ਵਿਚ ਜਨਮ ਲੈਣ ਵਾਲੇ ਸਿਮਰਨਜੀਤ ਸਿੰਘ ਨੇ ਸੁਰਜੀਤ ਹਾਕੀ ਅਕੈਡਮੀ, ਜਲੰਧਰ ਤੋਂ ਸਿਖਲਾਈ ਲਈ। ਉਸ ਦਾ ਚਚੇਰਾ ਭਰਾ ਗੁਰਜੰਟ ਸਿੰਘ ਵੀ ਭਾਰਤੀ ਹਾਕੀ ਟੀਮ ਦਾ ਹਿੱਸਾ ਹੈ। ਗੁਰਜੰਟ ਸਿੰਘ ਦਾ ਜਨਮ ਅੰਮਿ੍ਰਤਸਰ ’ਚ ਹੋਇਆ ਸੀ। ਫਾਰਵਰਡ ਗੁਰਜੰਟ 2017 ਤੋਂ ਭਾਰਤੀ ਹਾਕੀ ਟੀਮ ਲਈ ਖੇਡ ਰਿਹਾ ਹੈ। ਹਾਰਦਿਕ ਦਾ ਜਨਮ ਖੁਸਰੋਪੁਰ, ਜਲੰਧਰ ’ਚ ਹੋਇਆ ਸੀ। ਮਿਡ ਫੀਲਡਰ ਹਾਰਦਿਕ 2018 ਤੋਂ ਭਾਰਤੀ ਹਾਕੀ ਟੀਮ ਲਈ ਖੇਡ ਰਿਹਾ ਹੈ। ਤਜਿੰਦਰਪਾਲ ਸਿੰਘ ਤੂਰ ਦਾ ਜਨਮ ਮੋਗਾ ਦੇ ਪਿੰਡ ਖੋਸਾ ਪਾਂਡੋ ਵਿਖੇ ਹੋਇਆ। ਉਸ ਨੇ ਏਸ਼ੀਆਈ ਖੇਡਾਂ-2023 ’ਚ ਸੋਨ ਤਮਗਾ ਜਿੱਤਿਆ ਸੀ।
ਦਰਅਸਲ, ਭਾਰਤੀ ਹਾਕੀ ਟੀਮ ਨੇ ਟੋਕੀਓ ਓਲੰਪਿਕ ’ਚ ਕਾਂਸੀ ਦਾ ਤਮਗਾ ਜਿੱਤਿਆ ਸੀ। ਇਸ ਟੀਮ ’ਚ 9 ਖਿਡਾਰੀ ਪੰਜਾਬ ਦੇ ਸਨ। ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਇਕ ਇਤਿਹਾਸਕ ਮੌਕਾ ਹੈ, ਜਿਸ ਕਾਰਨ ਉਨ੍ਹਾ ਇਹ ਸਮਾਗਮ ਕਰਵਾ ਕੇ ਆਪਣੀ ਸਰਕਾਰੀ ਰਿਹਾਇਸ਼ ਵਿੱਚ ਨਵੇਂ ਬਣੇ ਆਡੀਟੋਰੀਅਮ ਦਾ ਉਦਘਾਟਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾ ਕਿਹਾ ਕਿ ਰਾਸ਼ਟਰੀ ਖੇਡ ਹੋਣ ਦੇ ਬਾਵਜੂਦ ਪਹਿਲਾਂ ਲੋਕ ਹਾਕੀ ਦੀ ਖੇਡ ਪ੍ਰਤੀ ਉਦਾਸੀਨ ਸਨ। ਮਾਨ ਨੇ ਕਿਹਾ ਕਿ ਹੁਣ ਸੂਬਾ ਸਰਕਾਰ ਨੇ ਦੇਸ਼ ਅਤੇ ਸੂਬੇ ਵਿਚ ਇਸ ਖੇਡ ਦੀ ਪੁਰਾਣੀ ਸ਼ਾਨ ਬਹਾਲ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪਰਵਾਸ ਨੂੰ ਪੁੱਠਾ ਗੇੜ ਆਉਣ ਦੀ ਪ੍ਰਕਿਰਿਆ ਪਹਿਲਾਂ ਹੀ ਸੁਰੂ ਹੋ ਚੁੱਕੀ ਹੈ, ਕਿਉਂਕਿ ਵਿਦੇਸ਼ਾਂ ਵਿੱਚ ਵਸੇ ਨੌਜਵਾਨ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਵਾਪਸ ਆ ਰਹੇ ਹਨ। ਅੱਜ ਦੀ ਪਹਿਲਕਦਮੀ ਨਾਲ ਖੇਡਾਂ ਦੇ ਖੇਤਰ ਵਿੱਚ ਵੀ ਇਹੀ ‘ਉਲਟਾ ਰੁਝਾਨ’ ਸ਼ੁਰੂ ਹੋ ਜਾਵੇਗਾ, ਕਿਉਂਕਿ ਦੂਜੇ ਸੂਬਿਆਂ ਦੇ ਖਿਡਾਰੀ ਪੰਜਾਬ ਸਰਕਾਰ ਦਾ ਹਿੱਸਾ ਬਣਨ ਲਈ ਤਿਆਰ ਹੋਣਗੇ।
ਉਹਨਾ ਦੁਹਰਾਇਆ ਕਿ ਜਿਸ ਤਰ੍ਹਾਂ ਮਹਾਨ ਸ਼ਹੀਦਾਂ ਨੂੰ ਭਾਰਤ ਰਤਨ ਪੁਰਸਕਾਰ ਦੇਣ ਨਾਲ ਇਸ ਪੁਰਸਕਾਰ ਦਾ ਮਾਣ ਵਧਦਾ ਹੈ, ਉਸੇ ਤਰ੍ਹਾਂ ਸੂਬਾ ਸਰਕਾਰ ਖਿਡਾਰੀਆਂ ਨੂੰ ਸਨਮਾਨਤ ਕਰਨ ਲਈ ਵਚਨਬੱਧ ਹੈ। ਉਨ੍ਹਾ ਕਿਹਾ ਕਿ ਮਹਾਨ ਸ਼ਹੀਦ ਸੱਚਮੁੱਚ ਇਸ ਪੁਰਸਕਾਰ ਦੇ ਹੱਕਦਾਰ ਹਨ, ਕਿਉਂਕਿ ਉਨ੍ਹਾ ਦੇਸ਼ ਨੂੰ ਵਿਦੇਸ਼ੀ ਚੁੰਗਲ ਤੋਂ ਮੁਕਤ ਕਰਵਾਉਣ ਲਈ ਮਹਾਨ ਕੁਰਬਾਨੀਆਂ ਦਿੱਤੀਆਂ ਸਨ। ਮਾਨ ਨੇ ਕਿਹਾ ਕਿ ਨਾਮਵਰ ਖਿਡਾਰੀਆਂ ਨੂੰ ਇਹ ਨੌਕਰੀਆਂ ਦੇਣ ਨਾਲ ਇਨ੍ਹਾਂ ਨੌਕਰੀਆਂ ਦੀ ਵੁੱਕਤ ਵਧਦੀ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਅਤੇ ਨਸ਼ਾ ਵਿਰੋਧੀ ਮੁਹਿੰਮ ਨੂੰ ਆਪਸ ਵਿੱਚ ਜੋੜੇਗੀ, ਜਿਸ ਲਈ ਅਗਲੇ ਵਿੱਤੀ ਵਰ੍ਹੇ ਤੋਂ ਵੱਡਾ ਬਜਟ ਰੱਖਿਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਮੁੱਖ ਮੰਤਰੀ ਦੇ ਇਸ ਨਿਵੇਕਲੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਭਰਦੇ ਖਿਡਾਰੀਆਂ ਨੂੰ ਵੀ ਵਧੀਆ ਪ੍ਰਦਰਸਨ ਕਰਨ ਲਈ ਪ੍ਰੇਰਿਤ ਕਰੇਗਾ। ਹਾਕੀ ਖਿਡਾਰੀ ਹਰਮਨਪ੍ਰੀਤ ਸਿੰਘ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਉਸ ਲਈ ਬਹੁਤ ਵੱਡਾ ਦਿਨ ਹੈ। ਉਨ੍ਹਾ 2021 ਵਿੱਚ ਤਮਗਾ ਜਿੱਤਿਆ ਸੀ, ਪਰ ਅੱਜ ਇਹ ਨੌਕਰੀ ਮਿਲੀ ਹੈ। ਇਹ ਮੁੱਖ ਮੰਤਰੀ ਦੇ ਖੁਦ ਖੇਡ ਪ੍ਰੇਮੀ ਹੋਣ ਕਾਰਨ ਸੰਭਵ ਹੋਇਆ। ਹਰਮਨਪ੍ਰੀਤ ਸਿੰਘ ਨੇ ਸੂਬਾ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਦੀ ਪਹਿਲਕਦਮੀ ਦੀ ਵੀ ਸਲਾਘਾ ਕੀਤੀ। ਰੁਪਿੰਦਰਪਾਲ ਸਿੰਘ ਨੇ ਖਿਡਾਰੀਆਂ ਨੂੰ ਪੀ ਸੀ ਐੱਸ ਅਤੇ ਪੀ ਪੀ ਐੱਸ ਨੌਕਰੀਆਂ ਦੇਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਪਹਿਲੀ ਵਾਰ ਪੀ ਸੀ ਐੱਸ ਖਿਡਾਰੀਆਂ ਨੂੰ ਕਿਸੇ ਸੂਬਾ ਸਰਕਾਰ ਵੱਲੋਂ ਸਿੱਧੇ ਤੌਰ ’ਤੇ ਨਿਯੁਕਤ ਕੀਤਾ ਗਿਆ ਹੈ। ਰੁਪਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਨਾਲ ਖਿਡਾਰੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਅਤੇ ਦੇਸ਼ ਦਾ ਨਾਂਅ ਰੌਸ਼ਨ ਕਰਨ ਲਈ ਪ੍ਰੇਰਨਾ ਮਿਲੇਗੀ।




