ਭਾਰਤੀ ਜਨਤਾ ਪਾਰਟੀ ਦੀ ਰਾਜਸਥਾਨ ਵਿੱਚ ਸਰਕਾਰ ਬਣਨ ਤੋਂ ਬਾਅਦ ਉਸ ਨੇ ਪੂਰੇ ਜ਼ੋਰ-ਸ਼ੋਰ ਨਾਲ ਹਿੰਦੂਤਵ ਦੇ ਏਜੰਡੇ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਰਾਜਸਥਾਨ ਦੇ ਹੁਣ ਤੱਕ ਅਮਨ-ਅਮਾਨ ਨਾਲ ਚੱਲ ਰਹੇ ਸਕੂਲ ਪਿਛਲੇ ਹਫਤੇ ਤੋਂ ਯੁੱਧ ਦਾ ਮੈਦਾਨ ਬਣਾ ਦਿੱਤੇ ਗਏ ਹਨ।
ਗਣਤੰਤਰਤਾ ਦਿਵਸ ਦੇ ਮੌਕੇ ਉੱਤੇ ਭਾਜਪਾ ਵਿਧਾਇਕ ਬਾਲਮੁਕੰਦ ਅਚਾਰੀਆ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਕੁਝ ਲੜਕੀਆਂ ਦੇ ਹਿਜਾਬ ਪਹਿਨਣ ਕਾਰਨ ਉਹ ਸਕੂਲ ਦੇ ਇੱਕ ਅਧਿਆਪਕ ਨੂੰ ਬੁਰਾ-ਭਲਾ ਕਹਿ ਰਹੇ ਹਨ।
ਬਾਅਦ ਵਿੱਚ ਸਾਹਮਣੇ ਆਏ ਇੱਕ ਵੀਡੀਓ ਵਿੱਚ ਵਿਧਾਇਕ ਸਕੂਲ ਪ੍ਰਬੰਧਕਾਂ ਨੂੰ ਮੁਸਲਿਮ ਲੜਕੀਆਂ ਨੂੰ ਹਿਜਾਬ ਪਹਿਨ ਕੇ ਆਉਣ ਤੋਂ ਰੋਕਣ ਲਈ ਕਹਿੰਦੇ ਹਨ। ਇਹੋ ਨਹੀਂ, ਵੀਡੀਓ ਵਿੱਚ ਉਹ ਕੁਝ ਵਿਦਿਆਰਥੀਆਂ ਦੀ ਅਗਵਾਈ ਕਰਦੇ ਹੋਏ ਉਨ੍ਹਾਂ ਤੋਂ ਭਾਰਤ ਮਾਤਾ ਦੀ ਜੈ ਤੇ ਸਰਸਵਤੀ ਮਾਤਾ ਦੀ ਜੈ ਦੇ ਨਾਅਰੇ ਲਵਾਉਦੇ ਹਨ। ਉਹ ਸਕੂਲ ਵਿੱਚ ਘੁੰਮ-ਘੁੰਮ ਕੇ ਵਿਦਿਆਰਥੀਆਂ ਨੂੰ ਜੈ ਸ੍ਰੀ ਰਾਮ ਦਾ ਨਾਅਰਾ ਲਾਉਣ ਲਈ ਕਹਿੰਦੇ ਹਨ। ਵਿਧਾਇਕ ਦੀ ਇਸ ਹਰਕਤ ਵਿਰੁੱਧ ਮੁਸਲਿਮ ਵਿਦਿਆਰਥੀਆਂ ਦੇ ਮਾਪਿਆਂ ਨੇ ਸਥਾਨਕ ਥਾਣੇ ਅੱਗੇ ਮੁਜ਼ਾਹਰਾ ਕਰਕੇ ਵਿਧਾਇਕ ਨੂੰ ਸਕੂਲਾਂ ਦਾ ਮਹੌਲ ਖਰਾਬ ਕਰਨ ਤੋਂ ਰੋਕਣ ਦੀ ਮੰਗ ਕੀਤੀ ਸੀ। ਬਾਅਦ ਵਿੱਚ ਪੁਲਸ ਵੱਲੋਂ ਸਮਝੌਤਾ ਕਰਾ ਦੇਣ ਬਾਅਦ ਮੁਜ਼ਾਹਰਾਕਾਰੀ ਚਲੇ ਗਏ, ਪਰ ਇਹ ਵਿਵਾਦ ਰੁਕਣ ਵਾਲਾ ਨਹੀਂ।
ਵਿਧਾਇਕ ਅਚਾਰੀਆ ਨੇ ਆਪਣੀ ਸਫਾਈ ਦਿੰਦਿਆਂ ਕਿਹਾ ਸੀ ਕਿ ਉਨ੍ਹਾ ਸਕੂਲ ਪਿ੍ਰੰਸੀਪਲ ਨੂੰ ਪੁੱਛਿਆ ਸੀ ਕਿ ਕੀ ਉਨ੍ਹਾਂ ਦੇ ਸਕੂਲ ਵਿੱਚ ਦੋ ਡਰੈੱਸ ਕੋਡ ਹਨ? ਜੇ ਅਜਿਹਾ ਹੈ ਤਾਂ ਸਾਡੇ ਬੱਚੇ ਵੀ ਲਹਿੰਗਾ-ਚੁੰਨੀ ਪਾ ਕੇ ਆਉਣਗੇ।
ਹਵਾ ਮਹਿਲ ਸੀਟ ਤੋਂ ਜਿੱਤਣ ਬਾਅਦ ਅਚਾਰੀਆ ਲਗਾਤਾਰ ਝਗੜੇ ਖੜ੍ਹੇ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੱਤਣ ਤੋਂ ਕੁਝ ਘੁੰਟੇ ਪਿੱਛੋਂ ਹੀ ਉਹ ਖੇਤਰ ਦੀਆਂ ਮਾਸ ਵੇਚਣ ਵਾਲੀਆਂ ਦੁਕਾਨਾਂ ਉੱਤੇ ਗਏ ਤੇ ਲਾਇਸੰਸ ਨਾ ਹੋਣ ਉੱਤੇ ਨਤੀਜੇ ਭੁਗਤਣ ਦੀ ਧਮਕੀ ਦੇ ਆਏ ਸਨ।
ਕਾਂਗਰਸ ਦੇ ਜੈਪੁਰ ਤੋਂ ਵਿਧਾਇਕ ਰਫੀਕ ਖਾਨ ਨੇ ਕਿਹਾ ਕਿ ਅਚਾਰੀਆ ਨੂੰ ਸਮਝਣਾ ਚਾਹੀਦਾ ਹੈ ਕਿ ਉਹ ਸਭ ਜਾਤੀਆਂ ਤੇ ਧਰਮਾਂ ਦੇ ਵਿਧਾਇਕ ਹਨ। ਰਾਜਸਥਾਨ ਵਿੱਚ ਅਜਿਹੀਆਂ ਫੁੱਟਪਾਊ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਕਾਂਗਰਸ ਵਿਧਾਇਕਾਂ ਵੱਲੋਂ ਅਚਾਰੀਆ ਦੇ ਵਿਰੋਧ ਪਿੱਛੋਂ ਭਾਜਪਾ ਦੇ ਕਈ ਸੀਨੀਅਰ ਆਗੂ ਉਸ ਦੇ ਹੱਕ ਵਿੱਚ ਨਿੱਤਰ ਪਏ। ਖੇਤੀ ਮੰਤਰੀ ਕਿਰੋੜੀ ਲਾਲ ਮੀਣਾ ਨੇ ਕਿਹਾ ਕਿ ਮੁਸਲਿਮ ਭਾਈਚਾਰਾ ਕੱਟੜਤਾ ਤੇ ਕਾਂਗਰਸ ਦੀ ਤੁਸ਼ਟੀਕਰਨ ਦੀ ਨੀਤੀ ਕਾਰਨ ਤਰੱਕੀ ਨਹੀਂ ਕਰ ਸਕਿਆ। ਸਕੂਲਾਂ ਵਿੱਚ ਡਰੈੱਸ ਕੋਡ ਦੀ ਪਾਲਣਾ ਜ਼ਰੂਰੀ ਹੈ। ਸਿੱਖਿਆ ਮੰਤਰੀ ਮਦਨ ਦਿਲਾਵਰ ਨੇ ਕਿਹਾ ਕਿ ਰਾਜਸਥਾਨ ਦੇ ਸਕੂਲਾਂ ਵਿੱਚ ਡਰੈੱਸ ਕੋਡ ਜਲਦੀ ਹੀ ਲਾਗੂ ਕਰ ਦਿੱਤਾ ਜਾਵੇਗਾ।
ਹਿਜਾਬ ਵਿਵਾਦ ਨਾਲ ਹੀ ਸਕੂਲਾਂ ਵਿੱਚ ਸੂਰਜ ਨਮਸਕਾਰ ਲਾਗੂ ਕਰਨ ਦੀ ਵੀ ਯੋਜਨਾ ਹੈ। ਰਾਜਸਥਾਨ ਸਰਕਾਰ ਨੇ ਹੁਕਮ ਦਿੱਤਾ ਹੈ ਕਿ 15 ਫਰਵਰੀ ਨੂੰ ਸਪਤਮੀ ਦੇ ਮੌਕੇ ਉੱਤੇ ਸਭ ਸਕੂਲਾਂ ਵਿੱਚ ਸਕੂਲ ਨਮਸਕਾਰ ਦਾ ਅਭਿਆਸ ਹੋਣਾ ਚਾਹੀਦਾ ਹੈ। ਸਿੱਖਿਆ ਮੰਤਰੀ ਨੇ ਕਿਹਾ ਹੈ ਕਿ ਸੂਰਜ ਨਮਸਕਾਰ ਸਵੇਰ ਦੀ ਪ੍ਰਾਰਥਨਾ ਦੇ ਸ਼ੁਰੂ ਵਿੱਚ ਕੀਤਾ ਜਾਵੇਗਾ ਤੇ ਨਿਰਧਾਰਤ ਦਿਨ ਤੋਂ ਬਾਅਦ ਇਸ ਨੂੰ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਲਿਆ ਜਾਵੇਗਾ। ਸੂਰਜ ਨਮਸਕਾਰ ਦੌਰਾਨ ਮੰਤਰਾਂ ਦਾ ਜਾਪ ਹੁੰਦਾ ਹੈ, ਜਿਸ ਨੇ ਮੁਸਲਿਮ ਤੇ ਈਸਾਈ ਵਰਗਾਂ ਦੇ ਲੋਕਾਂ ਨੂੰ ਚਿੰਤਤ ਕਰ ਦਿੱਤਾ ਹੈ।
ਹਿਜਾਬ ਵਿਵਾਦ ਤੇ ਸੂਰਜ ਨਮਸਕਾਰ ਸਪੱਸ਼ਟ ਤੌਰ ਉੱਤੇ ਲੋਕ ਸਭਾ ਚੋਣਾਂ ਲਈ ਧਰੁਵੀਕਰਨ ਨੂੰ ਤੇਜ਼ ਕਰਨ ਦੀ ਇੱਕ ਸੋਚੀ-ਸਮਝੀ ਸਾਜ਼ਿਸ਼ ਹੈ। ਮੁੱਖ ਮੰਤਰੀ ਭਜਨ ਲਾਲ ਦੇ ਆਉਣ ਬਾਅਦ ਸ਼ਾਸਨ ਵਿੱਚ ਅਜਿਹਾ ਕੁਝ ਨਹੀਂ ਬਦਲਿਆ, ਜਿਸ ਨੂੰ ਸ਼ਾਨਦਾਰ ਕਿਹਾ ਜਾ ਸਕਦਾ ਹੈ। ਵੰਡਪਾਊ ਮੁੱਦਿਆਂ ਨੂੰ ਉਛਾਲ ਕੇ ਭਾਜਪਾ ਸਰਕਾਰ ਦੀਆਂ ਕਮੀਆਂ ਤੋਂ ਲੋਕਾਂ ਦਾ ਧਿਆਨ ਭਟਕਾਉਣਾ ਚਾਹੁੰਦੀ ਹੈ।



