ਚੰਡੀਗੜ੍ਹ (ਗੁਰਜੀਤ ਬਿੱਲਾ/ਕਿ੍ਰਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮੋਹਾਲੀ ਵਿਖੇ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਪੀ ਆਈ ਐੱਲ ਬੀ ਐੱਸ) ਦੇ ਉਦਘਾਟਨੀ ਸਮਾਰੋਹ ਤੋਂ ਪਹਿਲਾਂ ਪੰਜਾਬ ਦੇ ਸਿਹਤ ਤੇ ਪਰਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਜਨਤਕ ਸਹੂਲਤ ਲਈ ਸੰਸਥਾ ਦੀ ਵੈੱਬਸਾਈਟ …. ਲਾਂਚ ਕੀਤੀ। ਇਹ ਵੈੱਬਸਾਈਟ ਸੰਸਥਾ ਦੇ ਡਾਇਰੈਕਟਰ ਪ੍ਰੋ. ਵਰਿੰਦਰ ਸਿੰਘ, ਜੋ ਕਿ ਹੈਪੇਟੋਲੋਜੀ ਵਿਭਾਗ, ਪੀ ਜੀ ਆਈ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਅਤੇ ਮੁਖੀ ਹਨ, ਦੀ ਮੌਜੂਦਗੀ ਵਿੱਚ ਲਾਂਚ ਕੀਤੀ ਗਈ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸੰਸਥਾ, ਜੋ 3 ਬੀ 1, ਐੱਸ ਏ ਐੱਸ ਨਗਰ ਵਿਖੇ ਪਿਛਲੇ 8 ਮਹੀਨਿਆਂ ਤੋਂ ਓ ਪੀ ਡੀ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ, ਜਲਦ ਹੀ ਪੂਰੀ ਤਰ੍ਹਾਂ ਕਾਰਜਸ਼ੀਲ ਹੋ ਜਾਵੇਗੀ, ਕਿਉਂਕਿ ਸੰਸਥਾ ਵਿੱਚ ਸਾਰੇ ਅਤਿ-ਆਧੁਨਿਕ ਉਪਕਰਨ ਲਗਾਏ ਜਾ ਰਹੇ ਹਨ ਅਤੇ ਸੁਪਰ-ਸਪੈਸ਼ਲਿਸਟ ਡਾਕਟਰਾਂ ਅਤੇ ਹੋਰ ਪੈਰਾ-ਮੈਡੀਕਲ ਸਟਾਫ ਦੀ ਭਰਤੀ ਪ੍ਰਕਿਰਿਆ ਵੀ ਮੁਕੰਮਲ ਹੋ ਚੁੱਕੀ ਹੈ।
ਉਨ੍ਹਾ ਕਿਹਾ ਕਿ ਇਸ ਸੰਸਥਾ ਦੇ ਪੂਰੀ ਤਰ੍ਹਾਂ ਕਾਰਜਸੀਲ ਹੋਣ ਨਾਲ ਲਿਵਰ ਅਤੇ ਬਿਲੀਅਰੀ ਸੰਬੰਧੀ ਬਿਮਾਰੀਆਂ ਵਾਲੇ ਮਰੀਜ਼ ਪਹਿਲੇ ਦਰਜੇ ਦੀਆਂ ਡਾਕਟਰੀ ਦੇਖਭਾਲ ਸੇਵਾਵਾਂ ਦਾ ਲਾਭ ਲੈ ਸਕਣਗੇ। ਉਨ੍ਹਾ ਕਿਹਾ ਕਿ ਗੰਭੀਰ ਅਤੇ ਪੁਰਾਣੀ ਹੈਪੇਟਾਈਟਸ, ਸਿਰੋਸਿਸ, ਲਿਵਰ ਕੈਂਸਰ, ਸ਼ਰਾਬ ਕਾਰਨ ਹੋਣ ਵਾਲੀ ਲਿਵਰ ਦੀ ਬਿਮਾਰੀ, ਜਲਣ, ਵੱਖ-ਵੱਖ ਪੈਨਕ੍ਰੀਆਟਿਕ ਬਿਮਾਰੀਆਂ ਅਤੇ ਪਿੱਤੇ ਦੀ ਥੈਲੀ ਦੇ ਵਿਕਾਰ ਅਤੇ ਬਿਲੀਅਰੀ ਬਿਮਾਰੀਆਂ ਸਮੇਤ ਵੱਖ-ਵੱਖ ਕਿਸਮਾਂ ਦੀਆਂ ਲਿਵਰ ਦੀਆਂ ਬਿਮਾਰੀਆਂ ਵਾਲੇ ਮਰੀਜ ਇਲਾਜ ਕਰਵਾ ਸਕਣਗੇ। ਉਹਨਾ ਕਿਹਾ ਕਿ ਲੋਕ ਇਸ ਇੰਸਟੀਚਿਊਟ ਵਿੱਚ ਲਿਵਰ ਟਰਾਂਸਪਲਾਂਟ ਦਾ ਵੀ ਲਾਭ ਉਠਾ ਸਕਣਗੇ, ਜੋ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਅਰੀ ਸਾਇੰਸਿਜ਼ ਨਵੀਂ ਦਿੱਲੀ ਦੀ ਤਰਜ਼ ’ਤੇ ਸਥਾਪਤ ਕੀਤਾ ਜਾ ਰਿਹਾ ਹੈ। ਇਹ ਲਿਵਰ ਅਤੇ ਬਿਲੀਅਰੀ ਸਬੰਧੀ ਬਿਮਾਰੀਆਂ ਵਾਲੇ ਮਰੀਜ਼ਾਂ ਲਈ ਪਹਿਲੇ ਦਰਜੇ ਦੀਆਂ ਡਾਕਟਰੀ ਦੇਖਭਾਲ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲਾ ਦੇਸ਼ ਦਾ ਦੂਜਾ ਸਰਕਾਰੀ ਸੁਪਰ-ਸਪੈਸ਼ਲਿਟੀ ਇੰਸਟੀਚਿਊਟ ਹੈ। ਜ਼ਿਕਰਯੋਗ ਹੈ ਕਿ ਇਹ ਵੈੱਬਸਾਈਟ ਮਰੀਜ਼ਾਂ ਨੂੰ ਰੋਗਾਂ ਦੀ ਮੁੱਢਲੀ ਜਾਣਕਾਰੀ, ਰੋਕਥਾਮ ਉਪਾਵਾਂ ਅਤੇ ਸਿਹਤ ਸਿੱਖਿਆ ਦੇ ਨਾਲ-ਨਾਲ ਲੈਬ ਟੈਸਟਾਂ, ਆਨਲਾਈਨ ਰਿਪੋਰਟਿੰਗ, ਪ੍ਰਕਿਰਿਆਵਾਂ ਅਤੇ ਲਿਵਰ ਟ੍ਰਾਂਸਪਲਾਂਟ ਬਾਰੇ ਜਾਣਕਾਰੀ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। ਇਸ ਦੇ ਨਾਲ ਹੀ ਆਮ ਲੋਕਾਂ ਦੀ ਸਹੂਲਤ ਲਈ ਹਸਪਤਾਲ ਫੈਕਲਟੀ, ਓ ਪੀ ਡੀ ਸੇਵਾਵਾਂ ਵਾਲੇ ਦਿਨ ਅਤੇ ਵਿਸ਼ੇਸ਼ਤਾਵਾਂ ਸੰਬੰਧੀ ਵੇਰਵੇ ਵੈੱਬਸਾਈਟ ’ਤੇ ਉਪਲੱਬਧ ਹੋਣਗੇ। ਇਸ ਵੈੱਬਸਾਈਟ ’ਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਤੱਕ ਪਹੁੰਚ ਲਈ ਟੈਲੀ-ਮੈਡੀਸਨ ਸੰਬੰਧੀ ਵੇਰਵੇ ਵੀ ਹੋਣਗੇ।




