ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ (ਆਰ ਬੀ ਆਈ) ਵੱਲੋਂ ਪੇਟੀਐੱਮ ਦੀ ਸਹਾਇਕ ਕੰਪਨੀ ਪੇਮੈਂਟਸ ਬੈਂਕ ਨੂੰ 29 ਫਰਵਰੀ ਤੋਂ ਬਾਅਦ ਨਵੇਂ ਡਿਪਾਜ਼ਿਟ ਪ੍ਰਵਾਨ ਕਰਨ ਤੋਂ ਰੋਕ ਦੇਣ ਤੋਂ ਬਾਅਦ ਕਾਂਗਰਸ ਨੇ ਸੋਮਵਾਰ ਸਵਾਲ ਕੀਤਾ ਕਿ ਇਸ ਰੋਕ ਤੋਂ ਬਾਅਦ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਕਿਉ ਹਰਕਤ ਵਿਚ ਨਹੀਂ ਆਈ। ਕਾਂਗਰਸ ਆਗੂ ਸੁਪਿ੍ਰਆ ਸ਼੍ਰੀਨੇਤ ਨੇ ਪੁੱਛਿਆ ਹੈ ਕਿ ਇਸ ਮੁੱਦੇ ’ਤੇ ਕੇਂਦਰ ਦਾ ਕੀ ਸਟੈਂਡ ਹੈ? ਪੇਟੀਐੱਮ ਬੈਂਕ ਪਿਛਲੇ ਸੱਤ ਸਾਲ ਬੇਲਗਾਮ ਕਿਉ ਚਲਦੀ ਰਹੀ? ਦਰਅਸਲ ਪੇਟੀਐੱਮ ਪੇਮੈਂਟਸ ਬੈਂਕ ਦਾ ਬਾਨੀ ਪ੍ਰਧਾਨ ਮੰਤਰੀ ਮੋਦੀ ਦਾ ਭਗਤ ਹੈ, ਉਨ੍ਹਾ ਨਾਲ ਸੈਲਫੀਆਂ ਲੈਂਦਾ ਹੈ ਤੇ ਪ੍ਰਧਾਨ ਮੰਤਰੀ ਦੇ ਹੱਕ ਵਿਚ ਇਸ਼ਤਿਹਾਰ ਛਪਾਉਦਾ ਹੈ। ਪ੍ਰਧਾਨ ਮੰਤਰੀ ਨੇ ਚੋਣ ਰੈਲੀਆਂ ਵਿਚ ਪੇਟੀਐੱਮ ਨੂੰ ਵਡਿਆਇਆ। ਸ਼੍ਰੀਨੇਤ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਦੇ ਸਾਥੀਆਂ ’ਤੇ ਦੋਸ਼ ਲਗਦੇ ਹਨ ਤਾਂ ਏਜੰਸੀਆਂ ਚੁੱਪ ਕਿਉ ਵੱਟ ਲੈਂਦੀਆਂ ਹਨ? ਈ ਡੀ ਕਿਉ ਚੁੱਪ ਹੈ? ਕਾਂਗਰਸ ਆਗੂ ਦੇ ਇਸ ਬਿਆਨ ਤੋਂ ਪਹਿਲਾਂ ਪੇਟੀਐੱਮ ਨੇ ਬਿਆਨ ਜਾਰੀ ਕੀਤਾ ਸੀ ਕਿ ਨਾ ਉਸ ਦੀ ਪਿਤਰੀ ਕੰਪਨੀ ਵਨ-97 ਕਮਿਊਨੀਕੇਸ਼ਨ ਤੇ ਨਾ ਉਸ ਦਾ ਬਾਨੀ ਵਿਜੇ ਸ਼ੇਖਰ ਸ਼ਰਮਾ ਈ ਡੀ ਦੀ ਜਾਂਚ ਦਾ ਸਾਹਮਣਾ ਕਰ ਰਹੇ ਹਨ। ਕੰਪਨੀ ਕਿਸੇ ਦੇ ਕਾਲੇ ਧਨ ਨੂੰ ਚਿੱਟਾ ਕਰਨ ਵਿਚ ਸ਼ਾਮਲ ਨਹੀਂ। ਉਹ ਭਾਰਤੀ ਕਾਨੂੰਨਾਂ ਤੇ ਨੇਮਾਂ ਦੀ ਪਾਲਣਾ ਕਰਦੀ ਹੈ।
ਦੋਸ਼ ਹੈ ਕਿ ਪੇਟੀਐੱਮ ਪੇਮੈਂਟਸ ਬੈਂਕ ਦੇ ਹਜ਼ਾਰਾਂ ਗਾਹਕਾਂ ਨੇ ਕੇ ਵਾਈ ਸੀ ਦਸਤਾਵੇਜ਼ ਨਹੀਂ ਦਿੱਤੇ ਅਤੇ ਕੁਝ ਮਾਮਲਿਆਂ ਵਿਚ ਹਜ਼ਾਰਾਂ ਗਾਹਕ ਰਜਿਸਟਰ ਕਰਨ ਲਈ ਇਕ ਦਸਤਾਵੇਜ਼ ਦੀ ਹੀ ਵਰਤੋਂ ਕੀਤੀ ਗਈ।
ਇਸੇ ਦੌਰਾਨ ਜਿਓ ਫਾਇਨੈਂਸ਼ੀਅਲ ਸਰਵਿਸਿਜ਼ ਦੇ ਸ਼ੇਅਰ ਸੋਮਵਾਰ 14 ਫੀਸਦੀ ਚੜ੍ਹ ਗਏ, ਜਦੋਂ ਇਕ ਅਖਬਾਰ ਨੇ ਖਬਰ ਦਿੱਤੀ ਕਿ ਹੋਂਦ ਨੂੰ ਖਤਰੇ ਦਾ ਸਾਹਮਣਾ ਕਰ ਰਹੀ ਵਨ-97 ਕਮਿਊਨੀਕੇਸ਼ਨ ਆਪਣਾ ਵੈਲੇਟ ਬਿਜ਼ਨਸ ਵੇਚਣ ਲਈ ਮੁਕੇਸ਼ ਅੰਬਾਨੀ ਦੀ ਐੱਨ ਬੀ ਐੱਫ ਸੀ ਤੇ ਐੱਚ ਡੀ ਐੱਫ ਸੀ ਬੈਂਕ ਨਾਲ ਗੱਲ ਕਰ ਰਹੀ ਹੈ।





