ਮੈਗਸੇਸੇ ਐਵਾਰਡ ਜੇਤੂ ਤੇ ਲੱਦਾਖ ਲਈ ਵਿਸ਼ੇਸ਼ ਦਰਜੇ ਦੀ ਮੰਗ ਕਰਨ ਵਾਲਿਆਂ ਦੇ ਆਗੂ ਸੋਨਮ ਵਾਂਗਚੁੱਕ, ਜੋ ਕਿ ਪਰਿਆਵਰਣਵਾਦੀ ਵੀ ਹੈ, ਨੇ ਦੋਸ਼ ਲਾਇਆ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਦੇ ਚੁਣੇ ਹੋਏ ਨੁਮਾਇੰਦੇ ਖਿੱਤੇ ਦੇ ਕੁਦਰਤੀ ਸੋਮਿਆਂ ਦੀ ਲੁੱਟ ਕਰਾਉਣ ਵਿਚ ਵੱਡੀਆਂ ਸਨਅਤੀ ਲਾਬੀਆਂ ਨਾਲ ਰਲ ਗਏ ਹਨ। ਵਾਂਗਚੁੱਕ ਨੇ ਨਾਂਅ ਤਾਂ ਨਹੀਂ ਲਿਆ, ਪਰ ਲੱਦਾਖ ਤੋਂ ਲੋਕ ਸਭਾ ਮੈਂਬਰ ਜਾਮਯੰਗ ਸੇਰਿੰਗ ਨਾਮਗਯਾਲ ਭਾਜਪਾ ਦਾ ਹੈ। ਲੇਹ ਔਟੋਨੋਮਸ ਹਿਲ ਡਿਵੈੱਲਪਮੈਂਟ ਕੌਂਸਲ ’ਤੇ ਵੀ ਭਾਜਪਾ ਕਾਬਜ਼ ਹੈ। ਵਾਂਗਚੁੱਕ ਨੇ ਇਹ ਬਹੁਤ ਹੀ ਗੰਭੀਰ ਦੋਸ਼ ਸ਼ਨੀਵਾਰ ਸੰਵਿਧਾਨ ਦੇ ਛੇਵੇਂ ਸ਼ਡਿਊਲ ਤਹਿਤ ਲੱਦਾਖ ਨੂੰ ਰਾਜ ਬਣਾਉਣ ਤੇ ਵਿਸ਼ੇਸ਼ ਦਰਜਾ ਦੇਣ ਲਈ ਲੇਹ ਵਿਚ ਹੋਈ ਵਿਸ਼ਾਲ ਰੈੈਲੀ ਮੌਕੇ ਲਾਇਆ। ਇਸ ਦੇ ਹੁੰਗਾਰੇ ਵਿਚ ਲੋਕਾਂ ਨੇ ‘ਸ਼ੇਮ-ਸ਼ੇਮ’ ਦੇ ਨਾਅਰੇ ਲਾਏ। ਰੈਲੀ ਵਾਲੇ ਦਿਨ ਕਾਰਗਿਲ ਜ਼ਿਲ੍ਹੇ ਵਿਚ ਮੁਕੰਮਲ ਬੰਦ ਰਿਹਾ ਅਤੇ ਸਥਾਨਕ ਬੋਧੀ ਤੇ ਮੁਸਲਮ ਜਥੇਬੰਦੀਆਂ ਦੇ ਸਾਂਝੇ ਸੱਦੇ ’ਤੇ ਲੇਹ ਵਿਚ ਹਜ਼ਾਰਾਂ ਲੋਕ ਪੁੱਜੇ। ਦੋਹਾਂ ਜਥੇਬੰਦੀਆਂ ਨੇ ਇਸ ਕਰਕੇ ਹੱਥ ਮਿਲਾਇਆ ਹੈ ਕਿ ਬਾਹਰਲੇ ਲੋਕ ਉਨ੍ਹਾਂ ਦੀਆਂ ਜ਼ਮੀਨਾਂ ਤੇ ਨੌਕਰੀਆਂ ’ਤੇ ਕਬਜ਼ੇ ਕਰ ਲੈਣਗੇ। ਰੈਲੀ ਵਿਚ ਲੱਦਾਖ ਦੀ ਕਰੀਬ ਤਿੰਨ ਲੱਖ ਦੀ ਆਬਾਦੀ ਵਿੱਚੋਂ 30 ਹਜ਼ਾਰ ਮਰਦ ਤੇ ਔਰਤਾਂ ਸ਼ਾਮਲ ਹੋਏ। ਦਰਅਸਲ 2019 ਵਿਚ ਲੱਦਾਖ ਨੂੰ ਜੰਮੂ-ਕਸ਼ਮੀਰ ਤੋਂ ਵੱਖਰਾ ਕਰਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਵੇਲੇ ਕੇਂਦਰੀ ਹਾਕਮਾਂ ਨੇ ਲੱਦਾਖ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਦੀ ਹਮਾਇਤ ਕੀਤੀ ਸੀ, ਪਰ ਉਸ ਤੋਂ ਬਾਅਦ ਕੁਝ ਨਹੀਂ ਕੀਤਾ। ਵਿਸ਼ੇਸ਼ ਦਰਜਾ ਨਾ ਦੇਣ ਪਿੱਛੇ ਮੁੱਖ ਕਾਰਨ ਇਹ ਹੈ ਕਿ ਫਿਰ ਖਿੱਤੇ ਦੀ ਲੁੱਟਮਾਰ ਕਰਨ ਵਿਚ ਅੜਿੱਕਾ ਪਵੇਗਾ। ਵੱਡੀਆਂ ਸਨਅਤੀ ਲਾਬੀਆਂ ਲੱਦਾਖ ਦੇ ਪਹਾੜਾਂ ਤੇ ਵਾਦੀਆਂ ਵਿਚ ਖਣਨ ਕਰਕੇ ਮੋਟੀ ਕਮਾਈ ਕਰਨਾ ਚਾਹੁੰਦੀਆਂ ਹਨ। ਇਹ ਲਾਬੀਆਂ ਭਵਿੱਖ ਬਾਰੇ ਨਹੀਂ ਸੋਚਦੀਆਂ। ਉਨ੍ਹਾਂ ਨੂੰ ਆਪਣੀ ਕਮਾਈ ਨਾਲ ਮਤਲਬ ਹੈ। ਇਨ੍ਹਾਂ ਨੇ ਹਿਮਾਚਲ ਤੇ ਉੱਤਰਾਖੰਡ ਦਾ ਸਤਿਆਨਾਸ ਕਰ ਦਿੱਤਾ ਹੈ ਤੇ ਹੁਣ ਇਨ੍ਹਾਂ ਦੀ ਨਜ਼ਰ ਲੱਦਾਖ ’ਤੇ ਹੈ। ਲੱਦਾਖ ਦੇ ਕਈ ਚੁਣੇ ਹੋਏ ਨੁਮਾਇੰਦੇ ਵੀ ਇਨ੍ਹਾਂ ਨਾਲ ਰਲ ਗਏ ਹਨ। ਉਹ ਲੋਕਾਂ ਨੂੰ ਕਹਿ ਰਹੇ ਹਨ ਕਿ ਵਿਸ਼ੇਸ਼ ਦਰਜੇ ਦੀ ਮੰਗ ਕੁਝ ਕੁ ਲੋਕ ਕਰ ਰਹੇ ਹਨ। ਇਨ੍ਹਾਂ ਆਗੂਆਂ ਨੂੰ ਪਤਾ ਹੈ ਕਿ ਜੇ ਛੇਵੇਂ ਸ਼ਡਿਊਲ ਮੁਤਾਬਕ ਵਿਸ਼ੇਸ਼ ਦਰਜਾ ਨਾ ਮਿਲਿਆ ਤਾਂ ਸਨਅਤੀ ਘਰਾਣਿਆਂ ਨੂੰ ਲੁੱਟ ਕਰਨੀ ਆਸਾਨ ਰਹੇਗੀ। ਵਾਂਗਚੁੱਕ ਨੇ ਪਿਛਲੇ ਸਾਲ ਪੰਜ ਦਿਨ ਵਰਤ ਰੱਖ ਕੇ ਉਨ੍ਹਾਂ ਖਤਰਿਆਂ ਨੂੰ ਉਭਾਰਿਆ ਸੀ, ਜਿਨ੍ਹਾਂ ਦਾ ਬਾਹਰਲਿਆਂ ਦੀ ਆਮਦ ਨਾਲ ਲੱਦਾਖ ਦੇ ਚੌਗਿਰਦੇ ਨੂੰ ਸਾਹਮਣਾ ਕਰਨਾ ਪਵੇਗਾ।



