ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੋਮਵਾਰ ਲੋਕ ਸਭਾ ਵਿਚ ਇਹ ਭਵਿੱਖਬਾਣੀ ਕਰਨ ਕਿ ਆਉਦੀਆਂ ਲੋਕ ਸਭਾ ਚੋਣਾਂ ਵਿਚ ਭਾਜਪਾ ਘੱਟੋ-ਘੱਟ 370 ਸੀਟਾਂ ਜਿੱਤੇਗੀ ਤੇ ਐੱਨ ਡੀ ਏ 400 ਸੀਟਾਂ ਟੱਪ ਜਾਵੇਗਾ, ਉੱਤੇ ਮੰਗਲਵਾਰ ਕਾਂਗਰਸ ਸਾਂਸਦ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਜੇ ਅਜਿਹਾ ਹੀ ਹੋਣਾ ਹੈ ਤਾਂ ਫਿਰ ਚੋਣਾਂ ਕਰਾਉਣ ਦੀ ਲੋੜ ਹੀ ਨਹੀਂ। ਉਨ੍ਹਾ ਕਿਹਾ ਕਿ ਲੋਕਤੰਤਰ ਵਿਚ ਫੈਸਲਾ ਲੋਕ ਕਰਦੇ ਹਨ। ਉਨ੍ਹਾ ਨੂੰ ਪੂਰਾ ਭਰੋਸਾ ਹੈ ਕਿ ਲੋਕ ਤਾਨਾਸ਼ਾਹ ਸਰਕਾਰ ਨੂੰ ਚਲਦਾ ਕਰ ਦੇਣਗੇ।
ਕਾਂਗਰਸ ਦੇ ਲੋਕ ਸਭਾ ਵਿਚ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਈ ਵੀ ਐੱਮ ਵਿਚ ਕੁਝ ਰਾਜ਼ ਲੁਕਿਆ ਹੋਇਆ ਹੈ, ਨਹੀਂ ਤਾਂ ਮੋਦੀ ਜੀ ਨੂੰ ਕਿਵੇਂ ਪਤਾ ਲੱਗ ਗਿਆ ਕਿ ਭਾਜਪਾ 370 ਸੀਟਾਂ ਜਿੱਤੇਗੀ? ਇਸ ਦਾ ਮਤਲਬ ਹੈ ਕਿ ਮੋਦੀ ਜੀ ਦੀ ਵੋਟਿੰਗ ਮਸ਼ੀਨਾਂ ਤੱਕ ਪਹੁੰਚ ਹੈ। ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਕੋਲ ਜਾਦੂਈ ਚਿਰਾਗ ਹੈ, ਸੋ ਜੋ ਉਨ੍ਹਾ ਕਿਹਾ, ਉਹ ਸ਼ਾਇਦ ਸੱਚ ਹੋ ਜਾਵੇ। ਰਾਜਦ ਦੇ ਆਗੂ ਮਨੋਜ ਝਾਅ ਨੇ ਕਿਹਾ ਕਿ ਸਟੀਕ ਨੰਬਰ ਦੱਸ ਕੇ ਮੋਦੀ ਨੇ ਵੋਟਿੰਗ ਮਸ਼ੀਨਾਂ ਦੀ ਫੰਕਸ਼ਨਿੰਗ ਬਾਰੇ ਸ਼ੰਕੇ ਪੈਦਾ ਕੀਤੇ ਹਨ। ਮੋਦੀ ਦੀ ਭਵਿੱਖਬਾਣੀ ਦਾ ਮਤਲਬ ਹੈ ਕਿ ਵੋਟਿੰਗ ਮਸ਼ੀਨਾਂ ਸੈੱਟ ਹਨ। ਮੋਦੀ ਪ੍ਰਧਾਨ ਮੰਤਰੀ ਹਨ, ਉਹ ਇਹ ਕਹਿ ਸਕਦੇ ਸਨ ਕਿ ਜ਼ਬਰਦਸਤ ਬਹੁਮਤ ਨਾਲ ਜਿੱਤਾਂਗੇ, ਪਰ ਜਦੋਂ ਸਟੀਕ ਨੰਬਰ ਦੱਸਦੇ ਹਨ ਤਾਂ ਸ਼ੱਕ ਪੈਦਾ ਹੋਣਾ ਸੁਭਾਵਕ ਹੈ।





