ਸ੍ਰੀ ਮੁਕਤਸਰ ਸਾਹਿਬ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਪੰਜਾਬ (ਏਟਕ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਡੈਲੀਗੇਟ ਅਜਲਾਸ ਬੁੱਧਵਾਰ ਪ੍ਰੇਮ ਭਵਨ ਉੱਚਾ ਵਿਹੜਾ ਦਫਤਰ ਮੁਕਤਸਰ ਵਿਖੇ ਕਰਕੇ ਜ਼ਿਲ੍ਹੇ ਦੀ ਚੋਣ ਕੀਤੀ ਗਈ। ਇਹ ਅਜਲਾਸ ਕਰਵਾਉਣ ਲਈ ਹੀਰਾ ਸਿੰਘ ਆਦਨੀਆਂ, ਬਿੰਦਰ ਸਿੰਘ ਖੁੰਨਣ ਕਲਾਂ ਤੇ ਸੁਰਜੀਤ ਸਿੰਘ ਨੇ ਪ੍ਰਧਾਨਗੀ ਕੀਤੀ। ਇਸ ਵਿੱਚ ਜ਼ਿਲ੍ਹੇ ਦੇ ਚਾਰ ਬਲਾਕਾਂ ਨੇ ਹਿੱਸਾ ਲਿਆ, ਜਿਸ ਵਿੱਚ ਮੁਕਤਸਰ, ਗਿੱਦੜਬਾਹਾ, ਮਲੋਟ, ਲੰਬੀ ਬਲਾਕ ਦੇ ਨਰੇਗਾ ਮਜ਼ਦੂਰਾਂ ਨੇ ਹਾਜ਼ਰੀ ਲਵਾਈ। ਅਜਲਾਸ ਨੂੰ ਕਰਾਉਣ ਵਾਸਤੇ ਪੰਜਾਬ ਦੇ ਨਰੇਗਾ ਮਜ਼ਦੂਰ ਯੂਨੀਅਨ ਦੇ ਸੈਕਟਰੀ ਜਗਸੀਰ ਸਿੰਘ ਖੋਸਾ ਨੇ ਜ਼ਿੰਮੇਵਾਰੀ ਨਿਭਾਈ। ਉਦਘਾਟਨੀ ਭਾਸ਼ਣ ਦਿੰਦਿਆਂ ਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਦੇ ਸਲਾਹਕਾਰ ਜਗਰੂਪ ਸਿੰਘ ਨੇ ਕਿਹਾ ਕਿ ਮੌਜੂਦਾ ਸਰਕਾਰ ਨਰੇਗਾ ਕਨੂੰਨ ਨੂੰ ਫੇਲ੍ਹ ਕਰਕੇ ਮਜ਼ਦੂਰਾਂ ਨੂੰ ਭੁੱਖੇ ਮਰਨ ਵਾਸਤੇ ਮਜਬੂਰ ਕਰਨਾ ਚਾਹੁੰਦੀ ਹੈ । ਉਹਨਾ ਕਿਹਾ ਕਿ ਨਰੇਗਾ ਕਨੂੰਨ ਤਹਿਤ ਕੰਮ ਕਰਦੇ ਮੁਲਾਜ਼ਮਾਂ ਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਕਿ ਜੇ ਇਸ ਕਨੂੰਨ ਨੂੰ ਖਤਮ ਕੀਤਾ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਨੌਕਰੀ ਖਤਮ ਹੋਵੇਗੀ ਅਤੇ ਉਹਨਾਂ ਨੂੰ ਸੜਕਾਂ ’ਤੇ ਆਉਣਾ ਪਵੇਗਾ। ਇਸ ਵਾਸਤੇ ਨਰੇਗਾ ਦੇ ਮੁਲਾਜ਼ਮਾਂ ਨੂੰ ਪਿੰਡਾਂ ਵਿੱਚ ਇਸ ਕਨੂੰਨ ਬਾਰੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ।
ਪੰਜਾਬ ਸੈਕਟਰੀ ਜਗਸੀਰ ਸਿੰਘ ਖੋਸਾ ਨੇ ਕਿਹਾ ਕਿ ਮਜ਼ਦੂਰ ਲੋਕਾਂ ਦੀ ਆਰਥਕ ਹਾਲਤ ਵਧੀਆ ਕਰਨ ਵਾਸਤੇ ਅਤੇ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਾਸਤੇ ਇਹ ਕਨੂੰਨ ਕਮਿਊਨਿਸਟ ਪਾਰਟੀਆਂ ਨੇ 2005 ਵਿੱਚ ਹੋਂਦ ਵਿੱਚ ਲਿਆਉਣ ਵਾਸਤੇ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਸੀ, ਪਰ ਅੱਜ ਦੀ ਪੰਜਾਬ ਅਤੇ ਕੇਂਦਰ ਸਰਕਾਰ ਮਜ਼ਦੂਰ ਵਿਰੋਧੀ ਹੋਣ ਕਰਕੇ ਇਸ ਕਨੂੰਨ ਨੂੰ ਖਤਮ ਕਰ ਦੇਣਾ ਚਾਹੁੰਦੀਆਂ ਹਨ, ਜੋ ਮਜ਼ਦੂਰ ਲੋਕ ਕਦੇ ਵੀ ਬਰਦਾਸਤ ਨਹੀਂ ਕਰਨਗੇ। ਯੂਨੀਅਨ ਨਰੇਗਾ ਨੂੰ ਇੱਕ ਸਾਲ ਵਿੱਚ ਦੋ ਸੌ ਦਿਨ ਦਾ ਕੰਮ ਕਰਨ ਅਤੇ ਨਰੇਗਾ ਕਾਮਿਆਂ ਦੀ ਇੱਕ ਦਿਨ ਦੀ ਮਜ਼ਦੂਰੀ ਇੱਕ ਹਜ਼ਾਰ ਕਰਨ ਵਾਸਤੇ ਸੰਘਰਸ਼ ਕਰ ਰਹੀ ਹੈ।
ਉਹਨਾ ਦੱਸਿਆ ਕਿ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਤਿੰਨ ਸੌ ਤਿੰਨ ਰੁਪਏ ਨਰੇਗਾ ਮਜ਼ਦੂਰਾਂ ਨੂੰ ਮਜ਼ਦੂਰੀ ਦਿੱਤੀ ਜਾ ਰਹੀ ਹੈ, ਜਦੋਂ ਕਿ ਮਜ਼ਦੂਰੀ ਦਾ ਕਨੂੰਨ ਚਾਰ ਸੌ ਇਕੱਤੀ ਰੁਪਏ ਮਜ਼ਦੂਰਾਂ ਨੂੰ ਪ੍ਰਤੀ ਦਿਨ ਮਜ਼ਦੂਰੀ ਦੇਣ ਦੀ ਗੱਲ ਕਰਦਾ ਹੈ।
ਇਸ ਵਾਸਤੇ ਆਮ ਲੋਕਾਂ ਦੀ ਸਰਕਾਰ ਕਹਾਉਣ ਵਾਲੀ ਮਾਨ ਸਰਕਾਰ ਮਜ਼ਦੂਰਾਂ ਨਾਲ ਬੇਇਨਸਾਫੀ ਕਰ ਰਹੀ ਹੈ, ਜੋ ਯੂਨੀਅਨ ਕਦੇ ਬਰਦਾਸ਼ਤ ਨਹੀਂ ਕਰੇਗੀ। ਆਉਣ ਵਾਲੀ 16 ਫਰਵਰੀ ਦੇ ਭਾਰਤ ਬੰਦ ਵਿੱਚ ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵੱਲੋਂ ਸ਼ਾਮਲ ਹੋਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ 45 ਮੈਂਬਰੀ ਜ਼ਿਲ੍ਹਾ ਕੌਂਸਲ ਅਤੇ 11 ਮੈਂਬਰੀ ਸਕੱਤਰੇਤ ਬਣਾਇਆ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ ਤੇ ਜ਼ਿਲ੍ਹਾ ਸੈਕਟਰੀ ਸ਼ਮਸ਼ੇਰ ਸਿੰਘ ਥਾਂਦੇਵਾਲਾ, ਜ਼ਿਲਾ ਕੈਸ਼ੀਅਰ ਹਰਵਿੰਦਰ ਸਿੰਘ, ਨਰੇਗਾ ਦੇ ਜ਼ਿਲ੍ਹਾ ਸਲਾਹਕਾਰ ਹਰਲਾਭ ਸਿੰਘ ਨੂੰ ਨਿਯੁਕਤ ਕੀਤਾ ਗਿਆ। ਚੁਣੇ ਗਏ 11 ਮੈਂਬਰੀ ਸਕੱਤਰੇਤ ’ਚ ਮੀਤ ਪ੍ਰਧਾਨ ਚੰਬਾ ਸਿੰਘ ਵਾੜਾ ਕਿਸ਼ਨਪੁਰਾ, ਬੋਹੜ ਸਿੰਘ ਖੁੰਨਣ ਕਲਾਂ, ਮਨਦੀਪ ਕੌਰ ਵਿਰਕਾਂ ਤੇ ਵੀਰਪਾਲ ਕੌਰ ਕੋਟਲੀ ਸੰਘਰ, ਮੀਤ ਸਕੱਤਰ ਰਿੰਕੂ ਰਾਣੀ ਸੰਗੂਧੌਣ, ਸੁਰਜੀਤ ਸਿੰਘ ਛਤਿਆਣਾ, ਬਿੰਦਰ ਸਿੰਘ ਖੁੰਨਣ ਕਲਾਂ ਤੇ ਮਨਜੀਤ ਸਿੰਘ ਬਰਕੰਦੀ ਆਦਿ ਸ਼ਾਮਲ ਹਨ।
ਅਖੀਰ ਵਿੱਚ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਹੀਰਾ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਨਵੀਂ ਬਣੀ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਮਜ਼ਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਫਰਜ਼ ਨਿਭਾਉਣਾ ਬਹੁਤ ਹੀ ਜ਼ਰੂਰੀ ਹੈ।




