ਨਵੀਂ ਦਿੱਲੀ : ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਕਬਾਇਲੀ ਮਾਮਲਿਆਂ ਬਾਰੇ ਮੰਤਰੀ ਅਰਜੁਨ ਮੁੰਡਾ ਨੇ ਕਿਹਾ ਹੈ ਕਿ ਜੇ ਸਰ੍ਹੋਂ ਦੀ ਕੀਮਤ ਐੱਮ ਐੱਸ ਪੀ ਤੋਂ ਹੇਠਾਂ ਜਾਂਦੀ ਹੈ ਤਾਂ ਸਰਕਾਰ ਕਿਸਾਨਾਂ ਤੋਂ ਇਸ ਨੂੰ ਐੱਮ ਐੱਸ ਪੀ ’ਤੇ ਖਰੀਦੇਗੀ। ਉਨ੍ਹਾ ਕਿਹਾ ਕਿ ਇਸ ਲਈ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ। ਮੁੰਡਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ ਦੌਰਾਨ ਐੱਮ ਐੱਸ ਪੀ ਜਾਂ ਪੀ ਐੱਸ ਐੱਸ ਤਹਿਤ ਸਰ੍ਹੋਂ ਦੀ ਖਰੀਦ ਲਈ ਤਿਆਰੀਆਂ ਕੀਤੀਆਂ ਹਨ।
ਵਿਸ਼ਵ ਪੁਸਤਕ ਮੇਲਾ ਭਲਕ ਤੋਂ
ਨਵੀਂ ਦਿੱਲੀ : ਵਿਸ਼ਵ ਪੁਸਤਕ ਮੇਲਾ 10 ਤੋਂ 18 ਫਰਵਰੀ ਤੱਕ ਇਥੋਂ ਦੇ ਪ੍ਰਗਤੀ ਮੈਦਾਨ ’ਚ ਲੱਗੇਗਾ। ਨੈਸ਼ਨਲ ਬੁੱਕ ਟਰੱਸਟ ਨੇ ਦੱਸਿਆ ਕਿ ਮੇਲੇ ਦੌਰਾਨ ਹਰ ਭਾਰਤੀ ਭਾਸ਼ਾ ਦੀਆਂ ਕਿਤਾਬਾਂ, ਪ੍ਰਕਾਸ਼ਨ ਸੰਸਥਾਵਾਂ, ਸਾਹਿਤਕ ਸੰਸਥਾਵਾਂ ਸ਼ਮੂਲੀਅਤ ਕਰਨਗੀਆਂ। ਸਾਹਿਤਕ ਸਰਗਰਮੀਆਂ ਹੋਣਗੀਆਂ। ਬੱਚਿਆਂ ਤੇ ਨਵੇਂ ਉਭਰਦੇ ਸਾਹਿਤਕਾਰਾਂ ਲਈ ਸਮਾਗਮ ਉਲੀਕੇ ਗਏ ਹਨ।
ਭਾਰਤ ਅਮਰੀਕੀਆਂ ’ਤੇ ਭਰੋਸਾ ਨਹੀਂ ਕਰਦਾ : ਹੈਲੀ
ਵਾਸ਼ਿੰਗਟਨ : ਅਮਰੀਕਾ ਵਿਚ ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਬਣਨ ਦੀ ਦੌੜ ਵਿਚ ਸ਼ਾਮਲ ਨਿੱਕੀ ਹੈਲੀ ਨੇ ਕਿਹਾ ਹੈ ਕਿ ਭਾਰਤ ਅਮਰੀਕਾ ਦਾ ਭਾਈਵਾਲ ਬਣਨਾ ਚਾਹੁੰਦਾ ਹੈ, ਪਰ ਇਸ ਸਮੇਂ ਉਹ ਅਗਵਾਈ ਲਈ ਅਮਰੀਕੀਆਂ ’ਤੇ ਭਰੋਸਾ ਨਹੀਂ ਕਰਦਾ। ਭਾਰਤੀ-ਅਮਰੀਕੀ ਹੈਲੀ ਨੇ ਕਿਹਾ ਕਿ ਮੌਜੂਦਾ ਆਲਮੀ ਹਾਲਾਤ ’ਚ ਭਾਰਤ ਨੇ ਬਹੁਤ ਚਲਾਕੀ ਦਿਖਾਈ ਹੈ ਅਤੇ ਰੂਸ ਨਾਲ ਨਜ਼ਦੀਕੀ ਸੰਬੰਧ ਬਣਾਏ ਰੱਖੇ ਹਨ। ਹੈਲੀ ਨੇ ‘ਫਾਕਸ ਬਿਜ਼ਨਸ ਨਿਊਜ਼’ ਨੂੰ ਦਿੱਤੀ ਇੰਟਰਵਿਊ ’ਚ ਕਿਹਾ ਕਿ ਮੌਜੂਦਾ ਸਮੇਂ ’ਚ ਭਾਰਤ ਅਮਰੀਕਾ ਨੂੰ ਕਮਜ਼ੋਰ ਸਮਝਦਾ ਹੈ।

