‘ਆਪ’ ਨੇ ਆਸਾਮ ਤੋਂ ਤਿੰਨ ਉਮੀਦਵਾਰ ਐਲਾਨੇ

0
218

ਨਵੀਂ ਦਿੱਲੀ : ਆਮ ਆਦਮੀ ਪਾਰਟੀ ਨੇ ਵੀਰਵਾਰ ਆਸਾਮ ਤੋਂ ਲੋਕ ਸਭਾ ਦੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤੇ ਆਸ ਪ੍ਰਗਟਾਈ ਕਿ ਇੰਡੀਆ ਗੱਠਜੋੜ ਇਨ੍ਹਾਂ ’ਤੇ ਮੋਹਰ ਲਾਵੇਗਾ। ਰਾਜ ਸਭਾ ਸਾਂਸਦ ਸੰਦੀਪ ਪਾਠਕ ਨੇ ਪ੍ਰੈਸ ਕਾਨਫਰੰਸ ਵਿਚ ਕਿਹਾ ਕਿ ਡਿਬਰੂਗੜ੍ਹ ਤੋਂ ਮਨੋਜ ਧਨੋਹਰ, ਗੁਹਾਟੀ ਤੋਂ ਭਵੇਨ ਚੌਧਰੀ ਤੇ ਸੋਨਿਤਪੁਰ ਤੋਂ ਰਿਸ਼ੀ ਰਾਜ ਉਮੀਦਵਾਰ ਬਣਾਏ ਗਏ ਹਨ। ਉਨ੍ਹਾ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਵਕਤ ਥੋੜ੍ਹਾ ਰਹਿ ਗਿਆ ਹੈ ਤੇ ਇੰਡੀਆ ਗੱਠਜੋੜ ਨੂੰ ਸੀਟਾਂ ਦੀ ਵੰਡ ਦਾ ਕੰਮ ਛੇਤੀ ਨਿਬੇੜਨਾ ਚਾਹੀਦਾ ਹੈ।
ਈ ਐੱਮ ਆਈ ’ਚ ਕੋਈ ਬਦਲਾਅ ਨਹੀਂ ਹੋਣਾ
ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਵੀਰਵਾਰ ਲਗਾਤਾਰ ਛੇਵੀਂ ਵਾਰ ਨੀਤੀਗਤ ਦਰ ਰੈਪੋ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਿਆ। ਇਸ ਦਾ ਮਤਲਬ ਹੈ ਕਿ ਘਰ, ਵਾਹਨ ਸਮੇਤ ਵੱਖ-ਵੱਖ ਕਰਜ਼ਿਆਂ ’ਤੇ ਮਹੀਨਾਵਾਰ ਕਿਸ਼ਤ (ਈ ਐੱਮ ਆਈ) ’ਚ ਕੋਈ ਬਦਲਾਅ ਨਹੀਂ ਹੋਵੇਗਾ। ਨਾਲ ਹੀ ਅਗਲੇ ਵਿੱਤੀ ਸਾਲ 2024-25 ਲਈ ਵਿਕਾਸ ਦਰ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਮੌਜੂਦਾ ਵਿੱਤੀ ਸਾਲ ’ਚ ਪ੍ਰਚੂਨ ਮਹਿੰਗਾਈ ਦਰ 5.4 ਫੀਸਦੀ ਰਹਿਣ ਦੀ ਉਮੀਦ ਹੈ। ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾਂ ਬੈਠਕ ’ਚ ਲਏ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ-ਹਾਲਾਤ ਨੂੰ ਦੇਖਦੇ ਹੋਏ ਰੈਪੋ ਦਰ ਨੂੰ 6.5 ਫੀਸਦੀ ’ਤੇ ਬਰਕਰਾਰ ਰੱਖਣ ਦਾ ਫੈਸਲਾ ਕੀਤਾ ਗਿਆ ਹੈ।
ਲੋਕਤੰਤਰ ਦੀ ਗੱਲ ਛਿੜੇਗੀ ਤਾਂ ਮਨਮੋਹਨ ਸਿੰਘ ਯਾਦ ਆਉਣਗੇ : ਮੋਦੀ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਦੇਸ਼ ਲਈ ਯੋਗਦਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਜਦੋਂ ਵੀ ਲੋਕਤੰਤਰ ਦੀ ਗੱਲ ਕੀਤੀ ਜਾਵੇਗੀ ਤਾਂ ਉਨ੍ਹਾ ਦੇ ਯੋਗਦਾਨ ਨੂੰ ਯਾਦ ਕੀਤਾ ਜਾਵੇਗਾ। ਰਾਜ ਸਭਾ ਦੇ ਸੇਵਾਮੁਕਤ ਹੋ ਰਹੇ ਮੈਂਬਰਾਂ ਦੀ ਵਿਦਾਇਗੀ ਮੌਕੇ ਉਪਰਲੇ ਸਦਨ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਸਰੀਰਕ ਬਿਮਾਰੀ ਦੇ ਬਾਵਜੂਦ ਸਦਨ ਦੀ ਕਾਰਵਾਈ ’ਚ ਸ਼ਮੂਲੀਅਤ ਯਕੀਨੀ ਬਣਾਉਣ ਲਈ ਮਨਮੋਹਨ ਸਿੰਘ ਦੀ ਸ਼ਲਾਘਾ ਕੀਤੀ ਅਤੇ ਉਨ੍ਹਾ ਦੀ ਲੰਬੀ ਉਮਰ ਦੀ ਕਾਮਨਾ ਵੀ ਕੀਤੀ। ਮਨਮੋਹਨ ਸਿੰਘ ਸਮੇਤ ਉਪਰਲੇ ਸਦਨ ਦੇ 68 ਮੈਂਬਰ ਫਰਵਰੀ ਤੋਂ ਮਈ ਦਰਮਿਆਨ ਸੇਵਾਮੁਕਤ ਹੋ ਰਹੇ ਹਨ।

LEAVE A REPLY

Please enter your comment!
Please enter your name here