ਨਾਰੀ ਦਿਵਸ ’ਤੇ ਦੁਨੀਆ ਦੀਆਂ ਨਾਰੀਆਂ ਜਦੋਂ ਆਪਣੇ ਮਸਲਿਆਂ ਨੂੰ ਲੈ ਕੇ ਚਰਚਾਵਾਂ ਵਿੱਚ ਜੁਟੀਆਂ ਹੋਈਆਂ ਸਨ, ਉਦੋਂ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਦਾ ਮਰਮ ਵਿਸਫੋਟਕ ਰੂਪ ਵਿੱਚ ਸਾਹਮਣੇ ਆਇਆ। ਉਨ੍ਹਾ ਬੰਗਾਲ ਦੇ ਆਪਣੇ ਇੱਕ ਪ੍ਰੋਗਰਾਮ ਵਿੱਚ ਰਾਜਪਾਲ ਤੇ ਮੁੱਖ ਮੰਤਰੀ ਦੀ ਗੈਰਮੌਜੂਦਗੀ ਨੂੰ ਆਪਣਾ ਅਪਮਾਨ ਕਰਾਰ ਦਿੱਤਾ। ਲੂਣ-ਮਿਰਚ ਲਾਉਣ ਵਿੱਚ ਮਾਹਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਨੂੰ ਆਦਿਵਾਸੀ ਨਾਰੀ ਸਣੇ ਤਮਾਮ ਨਾਰੀਆਂ ਦਾ ਅਪਮਾਨ ਦੱਸ ਦਿੱਤਾ, ਪਰ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇਸ ਦੇ ਟਾਕਰੇ ਵਿੱਚ ਉਹ ਤਸਵੀਰ ਪੇਸ਼ ਕਰ ਦਿੱਤੀ, ਜਦੋਂ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਦਾ ਅਪਮਾਨ ਕੀਤਾ ਸੀ। ਉਨ੍ਹਾ ਚੇਤੇ ਕਰਾਇਆ ਕਿ ਜਦੋਂ ਸਾਬਕਾ ਉਪ ਪ੍ਰਧਾਨ ਮੰਤਰੀ ਐੱਲ ਕੇ ਅਡਵਾਨੀ ਨੂੰ ਭਾਰਤ ਰਤਨ ਦਿੱਤਾ ਗਿਆ ਤਾਂ ਰਾਸ਼ਟਰਪਤੀ ਖੜ੍ਹੀ ਸੀ ਤੇ ਪ੍ਰਧਾਨ ਮੰਤਰੀ ਕੁਰਸੀ ’ਤੇ ਬੈਠੇ ਅਡਵਾਨੀ ਨਾਲ ਗੱਲਾਂਬਾਤਾਂ ਕਰ ਰਹੇ ਸਨ। ਇਸ ਨਾਲੋਂ ਵੱਡਾ ਸੰਵਿਧਾਨਕ ਅਪਮਾਨ ਰਾਸ਼ਟਰਪਤੀ ਦਾ ਕੀ ਹੋ ਸਕਦਾ ਸੀ? ਸੰਵਿਧਾਨ ਮੁਤਾਬਕ ਸਭ ਤੋਂ ਪਹਿਲਾਂ ਰਾਸ਼ਟਰਪਤੀ, ਉਸ ਦੇ ਬਾਅਦ ਉਪ ਰਾਸ਼ਟਰਪਤੀ ਤੇ ਤੀਜੇ ਨੰਬਰ ’ਤੇ ਪ੍ਰਧਾਨ ਮੰਤਰੀ ਨੂੰ ਨਾ ਸਿਰਫ ਬੈਠਣ, ਸਗੋਂ ਚੱਲਣ ਵਿੱਚ ਵੀ ਨਿਰਧਾਰਤ ਕੀਤਾ ਗਿਆ ਹੈ। ਰਾਸ਼ਟਰਪਤੀ ਦੇ ਭਾਸ਼ਣ ਨਾਲ ਹੀ ਸੰਸਦ ਅਜਲਾਸ ਸ਼ੁਰੂ ਹੁੰਦਾ ਹੈ, ਪਰ ਸੈਂਟਰਲ ਵਿਸਟਾ (ਨਵੇਂ ਸੰਸਦ ਭਵਨ) ਦੇ ਉਦਘਾਟਨ ਵੇਲੇ ਰਾਸ਼ਟਰਪਤੀ ਨੂੰ ਸੱਦਿਆ ਹੀ ਨਹੀਂ ਸੀ ਗਿਆ।
ਅਜੀਬ ਗੱਲ ਹੈ ਕਿ ਰਾਸ਼ਟਰਪਤੀ ਮੁਰਮੂ ਨੂੰ ਉਦੋਂ ਆਪਣੇ ਅਹੁਦੇ ਦੇ ਅਪਮਾਨ ਦਾ ਖਿਆਲ ਨਹੀਂ ਆਇਆ। ਅਜਿਹਾ ਤਾਂ ਕਈ ਵਾਰ ਹੋ ਚੁੱਕਾ ਹੈ, ਜਦੋਂ ਰਾਸ਼ਟਰਪਤੀ ਦੇ ਪ੍ਰੋਗਰਾਮਾਂ ਵਿੱਚ ਮੁੱਖ ਮੰਤਰੀ ਨਹੀਂ ਪੁੱਜੇ। ਇੱਥੋਂ ਤੱਕ ਕਿ ਭਾਜਪਾਈ ਮੁੱਖ ਮੰਤਰੀ ਵੀ ਨਹੀਂ ਪੁੱਜੇ। ਹਾਲ ਹੀ ਵਿੱਚ ਮਥੁਰਾ ਦੌਰੇ ਦੌਰਾਨ ਰਾਸ਼ਟਰਪਤੀ ਦੇ ਪ੍ਰੋਗਰਾਮ ਵਿੱਚ ਰਾਜਪਾਲ ਤੇ ਮੁੱਖ ਮੰਤਰੀ ਦੋਨੋਂ ਨਦਾਰਦ ਸਨ, ਉਦੋਂ ਉਨ੍ਹਾ ਅਪਮਾਨ ਮਹਿਸੂਸ ਨਹੀਂ ਕੀਤਾ। ਹਰਿਆਣਾ ਵਿੱਚ ਵੀ ਮਨੋਹਰ ਲਾਲ ਖੱਟਰ ਇਸ ਤਰ੍ਹਾਂ ਦਾ ਵਿਹਾਰ ਕਰ ਚੁੱਕੇ ਹਨ। ਪਿਛਲੇ ਮਹੀਨੇ 13 ਫਰਵਰੀ ਨੂੰ ਰਾਸ਼ਟਰਪਤੀ ਮੁਰਮੂ ਨੇ ਬ੍ਰਹਮਾ ਕੁਮਾਰੀਜ਼ ਦੀ ਆਲ ਇੰਡੀਆ ਕਾਨਫਰੰਸ ਦਾ ਉਦਘਾਟਨ ਕੀਤਾ ਤੇ ਇਸੇ ਦਿਨ ਰਾਸ਼ਟਰਪਤੀ ਨੇ ਗੁਰੂਗਰਾਮ ਸਥਿਤ ਓਮ ਸ਼ਾਂਤ ਰਿਟ੍ਰੀਟ ਸੈਂਟਰ ਦੀ ਸਿਲਵਰ ਜੁਬਲੀ ਦੇ ਸਮਾਰੋਹ ਦਾ ਆਰੰਭ ਵੀ ਕੀਤਾ। ਗੁਰੂਗਰਾਮ ਦੇ ਪ੍ਰੋਗਰਾਮ ਵਿੱਚ ਬਿਹਾਰ ਦੇ ਰਾਜਪਾਲ ਮੌਜੂਦ ਸਨ, ਪਰ ਸੂਬੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਹੀਂ ਆਏ। ਉਦੋਂ ਰਾਸ਼ਟਰਪਤੀ ਜਜ਼ਬਾਤੀ ਨਹੀਂ ਹੋਈ। ਆਦਿਵਾਸੀ ਮਹਿਲਾ ਰਾਸ਼ਟਰਪਤੀ ਉਦੋਂ ਵੀ ਭਾਵੁਕ ਨਹੀਂ ਹੋਈ, ਜਦੋਂ ਮਣੀਪੁਰ ਵਿੱਚ ਆਦਿਵਾਸੀ ਮਹਿਲਾਵਾਂ ਨੂੰ ਨਿਰਵਸਤਰ ਕਰਕੇ ਜਨਤਕ ਤੌਰ ’ਤੇ ਘੁਮਾਇਆ ਗਿਆ। ਕੌਮਾਂਤਰੀ ਜਗਤ ਵਿੱਚ ਨਾਮਣਾ ਖੱਟਣ ਵਾਲੀਆਂ ਮਹਿਲਾ ਭਲਵਾਨਾਂ ਨੂੰ ਘਸੀਟਿਆ ਗਿਆ। ਈਰਾਨ ਵਿੱਚ ਫੁੱਲਾਂ ਵਰਗੀਆਂ 150 ਤੋਂ ਵੱਧ ਵਿਦਿਆਰਥਣਾਂ ਨੂੰ ਅਮਰੀਕੀ ਰਾਸ਼ਟਰਪਤੀ ਟਰੰਪ ਦੀ ਫੌਜ ਨੇ ਮਾਰ ਦਿੱਤਾ, ਪਰ ਇੱਕ ਸ਼ਬਦ ਨਹੀਂ ਬੋਲਿਆ। ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪ੍ਰੋਗਰਾਮ ਵਿੱਚ ਨਾ ਆਉਣ ’ਤੇ ਖਿਝ ਲਾਹ ਕੇ ਤੇ ਆਪਣੇ ਅਪਮਾਨ ਦੀ ਗੱਲ ਕਰਕੇ ਰਾਸ਼ਟਰਪਤੀ ਨੇ ਆਪਣੇ ਪੈਰ ’ਤੇ ਹੀ ਕੁਹਾੜੀ ਮਾਰ ਲਈ ਹੈ। ਪੱਛਮੀ ਬੰਗਾਲ ਵਿੱਚ ਕੁਝ ਦਿਨਾਂ ਤੱਕ ਚੋਣਾਂ ਹੋਣ ਵਾਲੀਆਂ ਹਨ ਤੇ ਰਾਸ਼ਟਰਪਤੀ ਨੇ ਭਾਜਪਾ ਤੇ ਤਿ੍ਰਣਮੂਲ ਕਾਂਗਰਸ ਦੀ ਲੜਾਈ ਵਿੱਚ ਖੁਦ ਨੂੰ ਖਾਹਮਖਾਹ ਫਸਾ ਕੇ ਆਪਣਾ ਵੱਕਾਰ ਘਟਾਇਆ ਹੈ।




