ਬਠਿੰਡਾ (ਬਖਤੌਰ ਢਿੱਲੋਂ, ਪਰਵਿੰਦਰ ਸ਼ਰਮਾ)
ਬੀਤੀ 4 ਫਰਵਰੀ (ਐਤਵਾਰ) ਵਕਤ ਸ਼ਾਮ ਦੇ ਕਰੀਬ 4 ਵਜੇ ਦਾ ਹੋਵੇਗਾ, ਆਪਣੇ ਬਾਪ ਨਾਲ ਗੱਲ ਕਰਨ ਉਪਰੰਤ ਅਪੋਲੋ ਹਸਪਤਾਲ ਦਿੱਲੀ ਵਿਖੇ ਨੌਕਰੀ ਕਰ ਰਹੀ 24 ਸਾਲਾ ਲੜਕੀ ਨਿਕਤਾ ਸ਼ਰਮਾ ਜਦ ਆਪਣਾ ਸਮਾਰਟ ਫੋਨ ਪਰਸ ’ਚ ਪਾਉਣ ਲੱਗੀ ਤਾਂ ਇੱਕ ਲੁਟੇਰਾ ਖੋਹ ਕੇ ਫਰਾਰ ਹੋ ਜਾਂਦਾ ਹੈ। ਇਹ ਘਟਨਾ ਹੰਸ ਰੋਡ ਬਠਿੰਡਾ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਵਾਪਰਦੀ ਹੈ। ਇੱਕ ਹਿੰਦੀ ਅਖ਼ਬਾਰ ਦੇ ਪੱਤਰਕਾਰ ਦੀ ਇਹ ਧੀ ਤੁਰੰਤ 112 ਨੰਬਰ ’ਤੇ ਕਾਲ ਕਰਨ ਤੋਂ ਇਲਾਵਾ ਸਥਾਨਕ ਕੈਨਾਲ ਕਲੋਨੀ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੰਦੀ ਹੈ, ਪਰ ਮੌਕੇ ’ਤੇ ਕੋਈ ਕਰਮਚਾਰੀ ਨਹੀਂ ਪੁੱਜਦਾ। ਕੁਝ ਸਮੇਂ ਬਾਅਦ ਥਾਣੇ ’ਚੋਂ ਬਿਆਨ ਦਰਜ ਕਰਵਾਉਣ ਲਈ ਕਾਲ ਆਉਂਦੀ ਹੈ। ਥਾਣੇ ਦੇ ਅੰਦਰ ਦਾਖ਼ਲ ਹੋਣ ਲਈ ਨਿਕਤਾ ਤੇ ਉਸ ਦੀ ਮਾਂ ਨੂੰ ਕਾਫ਼ੀ ਜੱਦੋਜਹਿਦ ਕਰਨੀ ਪੈਂਦੀ ਹੈ, ਕਿਉਂਕਿ ਡਿਊਟੀ ’ਤੇ ਤਾਇਨਾਤ ਸੰਤਰੀ ਹੀ ਆਪਣੇ ਪੱਧਰ ’ਤੇ ਪੀੜਤਾ ਤੋਂ ਪੁੱਛ-ਪੜਤਾਲ ਸ਼ੁਰੂ ਕਰ ਦਿੰਦਾ ਹੈ। ਸਮਾਂ ਬੀਤਦਾ ਜਾ ਰਿਹੈ, ਪਰ ਪੁਲਸ ਦੀ ਹਰਕਤ ਨਾ ਮਹਿਸੂਸ ਹੁੰਦੀ ਹੈ ਤੇ ਨਾ ਹੀ ਪੀੜਤ ਪਰਵਾਰ ਦੇ ਨਜ਼ਰ ਪੈਂਦੀ ਹੈ। ਕੌਮੀ ਰਾਜਧਾਨੀ ਦੇ ਵਾਤਾਵਰਣ ਤੋਂ ਸੁਚੇਤ ਮੁਟਿਆਰ ਸਿਸਟਮ ਅਤੇ ਪੱਤਰਕਾਰਤਾ ਨੂੰ ਲੈ ਕੇ ਆਪਣੇ ਬਾਪ ਨੂੰ ਸੁਆਲ ਕਰਦੀ ਹੈ, ਤਾਂ ਆਮ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲਾ ਸਮਝਿਆ ਜਾਂਦਾ ਅਖ਼ਬਾਰ ਦਾ ਪੱਤਰਕਾਰ ਧੀ ਸਾਹਮਣੇ ਨਿਰਉੱਤਰ ਹੁੰਦਾ ਹੈ।
ਮੁਟਿਆਰ ਆਪਣੇ ਪੱਧਰ ’ਤੇ ਆਧੁਨਿਕ ਤਕਨੀਕ ਨਾਲ ਲੁਟੇਰੇ ਦੀ ਸ਼ਨਾਖ਼ਤ ਕਰਨ ਤੋਂ ਇਲਾਵਾ ਐਕਟਿਵਾ ਦੀ ਆਨਲਾਈਨ ਟਰੇਸਿੰਗ ਕਰਕੇ ਉਸ ਦੇ ਘਰ ਤੱਕ ਜਾ ਪੁੱਜਦੀ ਹੈ। ਕਿਸੇ ਕਿਸਮ ਦੇ ਝਮੇਲੇ ਤੋਂ ਬਚਣ ਦਾ ਹਵਾਲਾ ਦੇ ਕੇ ਬਾਪ ਆਪਣੀ ਬੇਟੀ ਨੂੰ ਕਾਨੂੰਨ ਆਪਣੇ ਹੱਥ ’ਚ ਨਾ ਲੈਣ ਤੋਂ ਵਰਜਦਾ ਹੋਇਆ ਪੱਤਰਕਾਰ ਭਾਈਚਾਰੇ ਕੋਲ ਪਹੁੰਚ ਕਰਦਾ ਹੈ। ਡਿਪਟੀ ਕਮਿਸ਼ਨਰ, ਬਠਿੰਡਾ ਸ਼ਹਿਰੀ ਤੋਂ ਆਪ ਦੇ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਦੀ ਪ੍ਰੈੱਸ ਕਾਨਫਰੰਸ ਵਿੱਚ ਸ਼ਾਮਲ ਹੋਣ ਉਪਰੰਤ ਪੱਤਰਕਾਰ ਭਾਈਚਾਰਾ ਫਰਿਆਦ ਲੈ ਕੇ ਐੱਸ ਐੱਸ ਪੀ ਹਰਮਨਬੀਰ ਸਿੰਘ ਗਿੱਲ ਦੇ ਦਫ਼ਤਰ ਪਹੁੰਚ ਕਰਦਾ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦੀ ਮੌਜੂਦਗੀ ’ਚ ਪੱਤਰਕਾਰ ਆਪਣੇ ਸਾਥੀ ਦੀ ਬੇਟੀ ਨਾਲ ਵਾਪਰੀ ਘਟਨਾ ਤੋਂ ਜਾਣੂ ਕਰਵਾਉਂਦਾ ਹੋਇਆ ਕਾਰਵਾਈ ਦੀ ਮੰਗ ਕਰਦਾ ਹੈ। ਪੁਲਸ ਮੁਖੀ ਐਕਸ਼ਨ ਦਾ ਭਰੋਸਾ ਦਿੰਦੇ ਹੋਏ ਨਾਗਰਿਕਾਂ ਨੂੰ ਖ਼ੁਦ ਸੁਚੇਤ ਰਹਿਣ ਦਾ ਮਸ਼ਵਰਾ ਦੇਣ ਤੋਂ ਇਲਾਵਾ ਇਹ ਵੀ ਇਕਬਾਲ ਕਰਦੇ ਹਨ ਕਿ ਖੋਹ-ਖਿੰਝ ਦੇ ਛੋਟੇ ਮਾਮਲਿਆਂ ਨੂੰ ਰੋਕਿਆ ਨਹੀਂ ਜਾ ਸਕਦਾ। ਜੇਕਰ ਪੁਲਸ ਨੂੰ ਸਿਰਫ਼ ਇਸੇ ਪਾਸੇ ਲਾ ਦਿੱਤਾ ਜਾਵੇ ਤਾਂ ਵੱਡੇ ਅਪਰਾਧਿਕ ਮਾਮਲਿਆਂ ਨੂੰ ਠੱਲ੍ਹ ਪਾਉਣੀ ਅਸੰਭਵ ਹੋ ਜਾਵੇਗੀ। ਬਿਲਕੁਲ ਉਸੇ ਸਮੇਂ ਵੀਰਵਾਰ ਸਵੇਰੇ ਪੱਤਰਕਾਰ ਦੀ ਪੀੜਤ ਤੇ ਬਹਾਦਰ ਬੇਟੀ ਖ਼ੁਦ ਲੁਟੇਰੇ ਦੇ ਘਰ ਪਹੁੰਚਦੀ ਹੈ। ਬਿਜਲੀ ਦੀ ਗਰਜ ਤੇ ਚਮਕ ਵਾਂਗ ਜਦ ਨਿਕਤਾ ਲੁਟੇਰੇ ਨੂੰ ਟੁੱਟ ਕੇ ਪੈਂਦੀ ਹੈ ਤਾਂ ਜਿਸ ਮੋਬਾਇਲ ਫੋਨ ਨੂੰ ਪੁਲਸ ਚਾਰ ਦਿਨਾਂ ਤੋਂ ਬਰਾਮਦ ਨਹੀਂ ਸੀ ਕਰ ਸਕੀ, ਨਿਕਤਾ ਉਹ ਲੁਟੇਰੇ ਤੋਂ ਪ੍ਰਾਪਤ ਕਰ ਲੈਂਦੀ ਹੈ। ਜ਼ਿਕਰਯੋਗ ਹੈ ਕਿ ਪੀੜਤ ਪਰਵਾਰ ਨੇ ਲੁਟੇਰੇ ਦੀ ਲਾਈਵ ਲੁਕੇਸ਼ਨ ਤੇ ਉਸ ਦੇ ਘਰ ਦਾ ਅਤਾ-ਪਤਾ ਵੀ ਪੁਲਸ ਨੂੰ ਦੇ ਦਿੱਤਾ ਸੀ, ਪਰ ਇਸ ਨੂੰ ਪੁਲਸ ਦੀ ਮੁਸਤੈਦੀ ਕਿਹਾ ਜਾਵੇ ਜਾਂ ਅਸਫ਼ਲਤਾ ਕਿ ਜੋ ਕਾਮਯਾਬੀ ਨਿਕਤਾ ਨੇ ਹਾਸਲ ਕੀਤੀ, ਪੁਲਿਸ ਅਜਿਹਾ ਕਿਉਂ ਨਹੀਂ ਕਰ ਸਕੀ? ਕੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸੰਬੰਧੀ ਜਵਾਬਤਲਬੀ ਕਰਕੇ ਬਣਦੀ ਕਾਰਵਾਈ ਕਰਨਗੇ? ਇਹ ਸੁਆਲ ਸ਼ਹਿਰ ਦੇ ਹਰ ਬਾਸ਼ਿੰਦੇ ਦੀ ਜ਼ੁਬਾਨ ’ਤੇ ਹੈ।




