25.8 C
Jalandhar
Monday, September 16, 2024
spot_img

10 ਸਾਲ ਅਨਿਆਏ ਕਾਲ

ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦੀਆਂ ਪਿਛਲੇ 10 ਸਾਲਾਂ ਦੀਆਂ ਨਾਕਾਮੀਆਂ ’ਤੇ ਵੀਰਵਾਰ ‘ਬਲੈਕ ਪੇਪਰ’ ਜਾਰੀ ਕੀਤਾ, ਜਿਸ ’ਚ ਪਾਰਟੀ ਨੇ ਬੇਰੁਜ਼ਗਾਰੀ, ਮਹਿੰਗਾਈ, ਕਿਸਾਨਾਂ ਦੀਆਂ ਸਮੱਸਿਆਵਾਂ ਤੇ ਸਰਕਾਰ ਦੀਆਂ ਨਾਕਾਮੀਆਂ ਨੂੰ ਸਾਹਮਣੇ ਲਿਆਂਦਾ ਹੈ। ਖੜਗੇ ਨੇ ਕਿਹਾ ਕਿ ਸਰਕਾਰ ਨੇ 2 ਕਰੋੜ ਨੌਕਰੀਆਂ ਦੇਣ ਤੇ ਕਿਸਾਨਾਂ ਲਈ ਘੱਟੋ-ਘੱਟ ਸਮਰਥਨ ਮੁੱਲ ਯਕੀਨੀ ਬਣਾਉਣ ਦੀ ਮੋਦੀ ਦੀ ਗਰੰਟੀ ਦਿੱਤੀ ਸੀ, ਪਰ ਅਜਿਹਾ ਨਹੀਂ ਹੋਇਆ ਤੇ ਹੁਣ ਉਹ ਨਵੀਂ ਗਰੰਟੀ ਦੀ ਗੱਲ ਕਰ ਰਹੇ ਹਨ। ਉਨ੍ਹਾ ਕਿਹਾ ਕਿ ਕਾਂਗਰਸ ਨੇ ਦੇਸ਼ ਦੀ ਆਜ਼ਾਦੀ ਨੂੰ ਯਕੀਨੀ ਬਣਾਇਆ ਅਤੇ 2024 ’ਚ ਦੇਸ਼ ਨੂੰ ਭਾਜਪਾ ਦੇ ਬੇਇਨਸਾਫੀ ਦੇ ਹਨੇਰੇ ਵਿੱਚੋਂ ਕੱਢੇਗੀ। ‘10 ਸਾਲ ਅਨਿਆਏ ਕਾਲ 2014-24’ ਨਾਂਅ ਦੇ ਬਲੈਕ ਪੇਪਰ ਵਿਚ ਕਿਹਾ ਗਿਆ ਹੈ ਕਿ ਮੋਦੀ ਰਾਜ ਵਿਚ ਅਰਥਵਿਵਸਥਾ ਬਰਬਾਦ ਹੋ ਗਈ, ਬੇਰੁਜ਼ਗਾਰੀ ਹੋਰ ਵਧ ਗਈ ਤੇ ਖੇਤੀਬਾੜੀ ਵੀ ਤਬਾਹ ਹੋ ਗਈ। ਇਸ ਨੇ ਮਹਿਲਾਵਾਂ ’ਤੇ ਅੱੱਤਿਆਚਾਰ ਵਧਾਇਆ ਅਤੇ ਘੱਟਗਿਣਤੀਆਂ ਨਾਲ ਘੋਰ ਬੇਇਨਸਾਫੀ ਕੀਤੀ। ਮੋਦੀ ਸਰਕਾਰ ਨੇ ਸਮਾਜੀ ਇਕਸੁਰਤਾ ਨੂੰ ਤੋੜਿਆ ਅਤੇ ਕੌਮੀ ਸੁਰੱਖਿਆ ਨਾਲ ਸਮਝੌਤਾ ਕੀਤਾ।
ਖੜਗੇ ਨੇ ਪ੍ਰਧਾਨ ਮੰਤਰੀ ਦੇ ਇਸ ਦਾਅਵੇ ਨੂੰ ਝੁਠਲਾਇਆ ਕਿ ਉਨ੍ਹਾ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਵਿਅਕਤੀ ਰਾਸ਼ਟਰਪਤੀ ਬਣਾਏ। ਖੜਗੇ ਨੇ ਕਿਹਾ-ਯੇ ਤੋ ਬਨਤੇ ਰਹਤੇ ਹੈਂ। ਕਾਂਗਰਸ ਨੇ ਭੀ ਅਨੁਸੂਚਿਤ ਜਾਤੀ ਦੇ ਵਿਅਕਤੀ (ਕੇ ਆਰ ਨਾਰਾਇਣਨ) ਨੂੰ ਰਾਸ਼ਟਰਪਤੀ ਬਣਾਇਆ ਸੀ। ਨਾਰਾਇਣਨ ਤੇ ਵਰਤਮਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਦੀ ਤੁਲਨਾ ਕਰਦਿਆਂ ਖੜਗੇ ਨੇ ਕਿਹਾ-ਮੈਂ ਰਾਸ਼ਟਰਪਤੀ ਮੁਰਮੂ ਦੀ ਅਲੋਚਨਾ ਨਹੀਂ ਕਰ ਰਿਹਾ, ਮੈਂ ਉਨ੍ਹਾ ਦੀ ਕਦਰ ਕਰਦਾ ਹਾਂ, ਪਰ ਕਾਂਗਰਸ ਨੇ ਚੰਗੇ, ਪੜ੍ਹੇ-ਲਿਖੇ, ਕੌਮਾਂਤਰੀ ਪੱਧਰ ’ਤੇ ਪ੍ਰਸਿੱਧ ਨੂੰ ਰਾਸ਼ਟਰਪਤੀ ਬਣਾਇਆ ਸੀ। ਨਾਰਾਇਣਨ ਪੱਤਰਕਾਰ ਤੇ ਰਾਜਦੂਤ ਰਹੇ, ਫਿਰ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਬਣੇ। ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਨੇ ਕਾਰਪੋਰੇਟੀਆਂ ਦੇ ਹਜ਼ਾਰਾਂ ਕਰੋੜ ਦੇ ਕਰਜ਼ੇ ਮੁਆਫ ਕੀਤੇ, ਪਰ ਨੌਜਵਾਨਾਂ ਨੂੰ ਨੌਕਰੀਆਂ ਨਹੀਂ ਦਿੱਤੀਆਂ। ਮੋਦੀ ਦੀ ਭਾਸ਼ਾ ਚੰਗੀ ਹੈ, ਪਰ ਇਸ ਨਾਲ ਆਰਥਿਕ ਸਥਿਤੀ ਨਹੀਂ ਸੁਧਰਦੀ ਅਤੇ ਨਾ ਹੀ ਕੀਮਤਾਂ ਘਟਦੀਆਂ ਹਨ ਤੇ ਨੌਕਰੀਆਂ ਪੈਦਾ ਹੁੰਦੀਆਂ ਹਨ। ਖੜਗੇ ਨੇ ਕਿਹਾ ਕਿ ਭਾਜਪਾ ਨੇ ਲੋਕਾਂ ਨੂੰ ਏਜੰਸੀਆਂ ਰਾਹੀਂ ਤੰਗ ਕਰਕੇ ਇਲੈਕਟੋਰਲ ਬਾਂਡਾਂ ਨਾਲ ਧਨ ਇਕੱਠਾ ਕੀਤਾ। ਉਸ ਨੇ ਜਮਹੂਰੀਅਤ ਨੂੰ ਤਬਾਹ ਕਰਨ ਲਈ ਧਨ ਦੀ ਵਰਤੋਂ ਕੀਤੀ। ਭਾਜਪਾ ਨੇ ਪਿਛਲੇ 10 ਸਾਲਾਂ ਵਿਚ ਸਰਕਾਰਾਂ ਤੋੜਨ ਲਈ 411 ਵਿਧਾਇਕਾਂ ਦੀ ਦਲਬਦਲੀ ਕਰਵਾਈ। ਕੇਂਦਰੀ ਫੰਡਾਂ ਦੇ ਮਾਮਲੇ ਵਿਚ ਮੋਦੀ ਵੱਲੋਂ ਕਾਂਗਰਸ ’ਤੇ ਦੇਸ਼ ਨੂੰ ਉੱਤਰ-ਦੱਖਣ ਵਿਚ ਵੰਡਣ ਦੇ ਦੋਸ਼ ਬਾਰੇ ਖੜਗੇ ਨੇ ਕਿਹਾ-ਮੁੱਖ ਮੰਤਰੀ ਹੁੰਦਿਆਂ ਮੋਦੀ ਨੇ ਮੰਗ ਕੀਤੀ ਸੀ ਕਿ ਯੂ ਪੀ ਏ ਸਰਕਾਰ ਗੁਜਰਾਤ ਵਿੱਚੋਂ ਇਕੱਠੇ ਕੀਤੇ ਜਾਣ ਵਾਲੇ ਫੰਡ ਵਿੱਚੋਂ ਅੱਧਾ ਮੋੜੇ। ਉਨ੍ਹਾ ਕਿਹਾ ਸੀ ਕਿ ਗੁਜਰਾਤ 48600 ਕਰੋੜ ਫੰਡ ਦਿੰਦਾ ਹੈ, ਪਰ ਉਸ ਨੂੰ ਵਾਪਸ ਢਾਈ ਫੀਸਦੀ ਮਿਲਦਾ ਹੈ। ਜਦੋਂ ਕੋਈ ਹੋਰ ਇਹ ਮੰਗ ਕਰਦਾ ਹੈ ਤਾਂ ਉਹ ਦੇਸ਼ਧ੍ਰੋਹੀ ਬਣ ਜਾਂਦਾ ਹੈ। ਦੇਸ਼ ਤੋੜਨ ਵਾਲਾ ਬਣ ਜਾਂਦਾ ਹੈ। ਖੜਗੇ ਨੇ ਕਿਹਾ ਕਿ ਮੋਦੀ ਦੇਸ਼ ਨੂੰ ਵੰਡ ਰਹੇ ਹਨ ਅਤੇ ਲੋਕਾਂ ਨੂੰ ਭੜਕਾਅ ਕੇ ਦੰਗੇ ਕਰਾਉਣਾ ਚਾਹੁੰਦੇ ਹਨ। ਇਸੇ ਦੌਰਾਨ ਮੋਦੀ ਨੇ ਕਾਂਗਰਸ ਦੇ ਬਲੈਕ ਪੇਪਰ ਨੂੰ ਆਪਣੇ ਲਈ ਕਾਲਾ ਟਿੱਕਾ ਕਰਾਰ ਦਿੱਤਾ ਹੈ।

Related Articles

LEAVE A REPLY

Please enter your comment!
Please enter your name here

Latest Articles