25 C
Jalandhar
Sunday, September 8, 2024
spot_img

ਹੱਕ ਲੈਣ ਲਈ ਇਤਿਹਾਸਕ ਪ੍ਰਦਰਸ਼ਨ

ਨਵੀਂ ਦਿੱਲੀ : ਕੇਰਲਾ ਦੇ ਖੱਬੇ ਜਮਹੂਰੀ ਮੋਰਚੇ (ਐੱਲ ਡੀ ਐੱਫ) ਦੇ ਨੇਤਾਵਾਂ ਅਤੇ ਸੰਸਦ ਮੈਂਬਰਾਂ ਨੇ ਵੀਰਵਾਰ ਇੱਥੇ ਜੰਤਰ-ਮੰਤਰ ’ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਅਗਵਾਈ ’ਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ। ਵਿਜਯਨ ਨੇ ਕੇਂਦਰ ਸਰਕਾਰ ’ਤੇ ਰਾਜਾਂ ਨੂੰ ਟੈਕਸਾਂ ਵਿਚ ਉਨ੍ਹਾਂ ਦਾ ਬਣਦਾ ਹਿੱਸਾ ਨਾ ਦੇਣ ਅਤੇ ਵਿਰੋਧੀ ਪਾਰਟੀਆਂ ਦੇ ਸ਼ਾਸਨ ਵਾਲੇ ਰਾਜਾਂ ਵਿਚ ਰਾਜਪਾਲਾਂ ਰਾਹੀਂ ਸਰਕਾਰ ਦੇ ਕੰਮਕਾਜ ਵਿਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ। ਇਸ ਪ੍ਰਦਰਸ਼ਨ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ, ਡੀ ਐੱਮ ਕੇ ਆਗੂ ਤਿਰੂਚੀ ਸ਼ਿਵਾ ਅਤੇ ਪਲਾਨੀਵੇਲ ਥਿਆਗਰਾਜਨ, ਸੀ ਪੀ ਆਈ (ਐੱਮ) ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ ਅਤੇ ਸੀ ਪੀ ਆਈ ਦੇ ਜਨਰਲ ਸਕੱਤਰ ਡੀ ਰਾਜਾ ਵੀ ਸ਼ਾਮਲ ਹੋਏ।
ਵਿਜਯਨ ਨੇ ਆਪਣੇ ਸੰਬੋਧਨ ’ਚ ਇਨ੍ਹਾਂ ਦੋਸ਼ਾਂ ਨੂੰ ਵੀ ਰੱਦ ਕੀਤਾ ਕਿ ਇਹ ਪ੍ਰਦਰਸ਼ਨ ਉੱਤਰ ਅਤੇ ਦੱਖਣ ਵਿਚਾਲੇ ਪਾੜਾ ਵਧਾਏਗਾ। ਉਨ੍ਹਾ ਕਿਹਾ ਕਿ ਇਹ ਪ੍ਰਦਰਸ਼ਨ ਇਸ ਲਈ ਹੈ ਤਾਂ ਜੋ ਰਾਜ ਦੇ ਲੋਕਾਂ ਦੇ ਹਿੱਤਾਂ ਵੱਧ ਧਿਆਨ ਦਿੱਤਾ ਜਾਵੇ।
ਵਿਜਯਨ ਨੇ ਕਿਹਾ ਕਿ 8 ਫਰਵਰੀ 2024 ਭਾਰਤੀ ਗਣਰਾਜ ਦੇ ਇਤਿਹਾਸ ਵਿਚ ਲਾਲ ਅੱਖਰਾਂ ਨਾਲ ਲਿਖਿਆ ਜਾਵੇਗਾ। ਉਨ੍ਹਾ ਕਿਹਾ ਕਿ ਭਾਰਤ ਨੂੰ ‘ਰਾਜਾਂ ਦਾ ਸੰਘ’ ਬਣਾਇਆ ਗਿਆ ਸੀ, ਪਰ ਹੌਲੀ-ਹੌਲੀ ਗੈਰਜਮਹੂਰੀ ਰਾਜਾਂ ਦਾ ਸੰਘ ਬਣਾਇਆ ਜਾ ਰਿਹਾ ਹੈ। ਖਾਸ ਕਰਕੇ ਆਪੋਜ਼ੀਸ਼ਨ ਦੀਆਂ ਸਰਕਾਰਾਂ ਵਾਲੇ ਰਾਜਾਂ ਨਾਲ ਘੋਰ ਵਿਤਕਰਾ ਕੀਤਾ ਜਾ ਰਿਹਾ ਹੈ। ਉਹ ਇੱਥੇ ਇਸ ਵਿਰੁੱਧ ਤਕੜਾ ਪ੍ਰੋਟੈੱਸਟ ਕਰਨ ਤੇ ਭਾਰਤ ਦਾ ਸੰਘੀ ਢਾਂਚਾ ਬਚਾਉਣ ਲਈ ਆਏ ਹਨ। ਉਨ੍ਹਾ ਕਿਹਾ-ਅੱਜ ਅਸੀਂ ਲੜਾਈ ਦੀ ਮੁੜ ਸ਼ੁਰੂਆਤ ਕਰ ਰਹੇ ਹਾਂ, ਜਿਹੜੀ ਰਾਜਾਂ ਨਾਲ ਬਰਾਬਰ ਦਾ ਸਲੂਕ ਯਕੀਨੀ ਬਣਾਉਣ ਦਾ ਸੂਰਜ ਚੜ੍ਹਾਏਗੀ। ਇਹ ਲੜਾਈ ਕੇਂਦਰ ਤੇ ਰਾਜਾਂ ਵਿਚਾਲੇ ਰਿਸ਼ਤਿਆਂ ਵਿਚ ਸੰਤੁਲਨ ਵੀ ਯਕੀਨੀ ਬਣਾਏਗੀ। ਕੇਂਦਰ ਸਰਕਾਰ ਦੀਆਂ ਕਾਰਵਾਈਆਂ ਕੋਆਪ੍ਰੇਟਿਵ ਫੈਡਰਲਿਜ਼ਮ ਨੂੰ ਕਮਜ਼ੋਰ ਕਰ ਰਹੀਆਂ ਹਨ।
ਕੇਜਰੀਵਾਲ ਨੇ ਕਿਹਾ ਕਿ ਆਪੋਜ਼ੀਸ਼ਨ ਪਾਰਟੀਆਂ ਦੇਸ਼ ਦੇ 70 ਕਰੋੜ ਲੋਕਾਂ ਦੀ ਨੁਮਾਇੰਦਗੀ ਕਰਦੀਆਂ ਹਨ। ਭਾਜਪਾ ਨੇ ਆਪੋਜ਼ੀਸ਼ਨ ਪਾਰਟੀਆਂ ਦੀਆਂ ਸਰਕਾਰਾਂ ਵਾਲੇ ਰਾਜਾਂ ਖਿਲਾਫ ਜੰਗ ਛੇੜੀ ਹੋਈ ਹੈ। ਉਹ ਆਪੋਜ਼ੀਸ਼ਨ ਦੀਆਂ ਸਰਕਾਰਾਂ ਨੂੰ ਪ੍ਰੇਸ਼ਾਨ ਕਰਨ ਲਈ ਹਰ ਹਰਬਾ ਵਰਤ ਰਹੀ ਹੈ। ਕੇਂਦਰ ਸਰਕਾਰ ਬਣਦੇ ਫੰਡ ਨਹੀਂ ਦੇ ਰਹੀ। ਰਾਜਪਾਲਾਂ ਤੇ ਉਪ ਰਾਜਪਾਲਾਂ ਰਾਹੀਂ ਕੰਮਾਂ ਵਿਚ ਅੜਿੱਕੇ ਡਾਹ ਰਹੀ ਹੈ। ਆਪੋਜ਼ੀਸ਼ਨ ਆਗੂਆਂ ਨੂੰ ਗਿ੍ਰਫਤਾਰ ਕਰਨ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ। ਉਹ ਇੱਥੇ ਆਪਣੇ ਜਾਂ ਆਪਣੇ ਪਰਵਾਰਾਂ ਲਈ ਪ੍ਰੋਟੈੱਸਟ ਕਰਨ ਲਈ ਇਕੱਠੇ ਨਹੀਂ ਹੋਏ ਹਨ। ਉਹ ਦਿੱਲੀ ਦੇ ਦੋ ਕਰੋੜ ਲੋਕਾਂ ਦੇ ਹੱਕਾਂ ਦੀ ਗੱਲ ਕਰਨ ਆਏ ਹਨ। ਜੇ ਕੇਂਦਰ ਸਰਕਾਰ ਫੰਡ ਨਹੀਂ ਦੇਵੇਗੀ ਤਾਂ ਉਹ ਸੜਕਾਂ ਕਿਵੇਂ ਬਣਾਉਣਗੇ, ਬਿਜਲੀ ਕਿਵੇਂ ਉਪਲੱਬਧ ਕਰਾਉਣਗੇ ਅਤੇ ਵਿਕਾਸ ਦੇ ਕੰਮ ਕਿਵੇਂ ਕਰਨਗੇ।
ਕੇਜਰੀਵਾਲ ਨੇ ਪੰਜਾਬ ਦੀ ਮਿਸਾਲ ਦਿੰਦਿਆਂ ਕਿਹਾ ਕਿ ਕਿਵੇਂ ਸੂਬਾ ਸਰਕਾਰ ਨੂੰ ਪੇਂਡੂ ਵਿਕਾਸ ਫੰਡ ਜਾਰੀ ਕਰਾਉਣ ਲਈ ਸੁਪਰੀਮ ਕੋਰਟ ਜਾਣਾ ਪਿਆ।
ਉਨ੍ਹਾ ਕਿਹਾ-ਕੇਂਦਰ ਸਰਕਾਰ ਈ ਡੀ ਵਰਗੀਆਂ ਏਜੰਸੀਆਂ ਨੂੰ ਵਰਤ ਰਹੀ ਹੈ। ਹੇਮੰਤ ਸੋਰੇਨ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਮੈਨੂੰ ਵੀ ਗਿ੍ਰਫਤਾਰ ਕਰ ਸਕਦੇ ਹਨ। ਉਹ ਰਾਜ ਸਰਕਾਰਾਂ ਉਲਟਾਉਣ ਲਈ ਕਿਸੇ ਨੂੰ ਵੀ ਗਿ੍ਰਫਤਾਰ ਕਰਕੇ ਜੇਲ੍ਹਾਂ ਭੇਜ ਸਕਦੇ ਹਨ। ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਹੰਕਾਰੀ ਨਾ ਬਣੇ। ਸਮਾਂ ਆ ਸਕਦਾ ਹੈ ਜਦੋਂ ਅਸੀਂ ਉੱਥੇ (ਸੱਤਾ ਵਿਚ) ਹੋਵਾਂਗੇ ਤੇ ਤੁਸੀਂ ਇੱਥੇ (ਆਪੋਜ਼ੀਸ਼ਨ ਵਿਚ) ਅਤੇ ਇਹੀ ਕਾਨੂੰਨ ਤੁਹਾਨੂੰ ਲੱਭਣਗੇ।
ਸਾਰੇ ਆਗੂ ਸਵੇਰ ਦੀ ਠੰਢ ’ਚ ਕੇਰਲਾ ਹਾਊਸ ਤੋਂ ਜੰਤਰ ਮੰਤਰ ਪੁੱਜੇ। ਉਨ੍ਹਾਂ ਬੈਨਰ ਤੇ ਤਖਤੀਆਂ ਚੁੱਕੀਆਂ ਹੋਈਆਂ ਸਨ, ਜਿਨ੍ਹਾਂ ’ਤੇ ਕੇਰਲਾ ਨੂੰ ਮਾਲੀ ਸੰਕਟ ਵਿਚ ਪਾਉਣ ਲਈ ਕੇਂਦਰ ਦੀਆਂ ਆਰਥਿਕ ਨੀਤੀਆਂ ਵਿਰੁੱਧ ਨਾਅਰੇ ਲਿਖੇ ਹੋਏ ਸਨ।

Related Articles

LEAVE A REPLY

Please enter your comment!
Please enter your name here

Latest Articles