25 C
Jalandhar
Sunday, September 8, 2024
spot_img

ਇਮਰਾਨ ਦਾ ਇਹਤਰਾਮ, ਫਤਵਾ ਤਾਰਪੀਡੋ ਕਰਨ ਲਈ ਸਾਜ਼ਿਸ਼ਾਂ ਸਿਖਰਾਂ ‘ਤੇ

ਇਸਲਾਮਾਬਾਦ : ਆਜ਼ਾਦ ਉਮੀਦਵਾਰਾਂ ਵਜੋਂ ਲੜਨ ਲਈ ਮਜਬੂਰ ਹੋਏ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ ਟੀ ਆਈ) ਦੇ ਉਮੀਦਵਾਰ ਪਾਕਿਸਤਾਨ ਕੌਮੀ ਅਸੰਬਲੀ ਦੇ ਨਤੀਜਿਆਂ ਵਿਚ ਅੱਗੇ ਚਲ ਰਹੇ ਸਨ, ਜਦਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਤੇ ਭੁੱਟੋਆਂ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ ਪੀ ਪੀ) ਉਨ੍ਹਾਂ ਦੇ ਮਗਰ-ਮਗਰ ਸਨ | ਕੌਮੀ ਅਸੰਬਲੀ ਤੇ ਸੂਬਾਈ ਅਸੰਬਲੀਆਂ ਲਈ ਵੀਰਵਾਰ ਸ਼ਾਮ ਹੋਈ ਪੋਲਿੰਗ ਦੀਆਂ ਵੋਟਾਂ ਦੀ ਗਿਣਤੀ ਸ਼ਾਮੀਂ ਸ਼ੁਰੂ ਹੋ ਗਈ ਸੀ ਪਰ ਫਤਵਾ ਤਾਰਪੀਡੋ ਕਰਨ ਦੇ ਦੋਸ਼ਾਂ ਦਰਮਿਆਨ ਨਤੀਜੇ 18 ਘੰਟੇ ਬਾਅਦ ਆਉਣੇ ਸ਼ੁਰੂ ਹੋਏ | ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਉਨ੍ਹਾ ਦੀ ਧੀ ਮਰੀਅਮ ਨਵਾਜ਼, ਉਨ੍ਹਾ ਦੇ ਭਰਾ ਤੇ ਸਾਬਕਾ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਅਤੇ ਉਨ੍ਹਾ ਦਾ ਬੇਟਾ ਹਮਜ਼ਾ ਸ਼ਹਿਬਾਜ਼ ਚੋਣ ਜਿੱਤ ਗਏ ਸਨ | ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਤੇ ਉਨ੍ਹਾ ਦੇ ਪਿਤਾ ਆਸਿਫ ਅਲੀ ਜ਼ਰਦਾਰੀ ਵੀ ਜੇਤੂ ਰਹੇ |
ਚੋਣ ਕਮਿਸ਼ਨ ਵੱਲੋਂ ਸ਼ਾਮੀਂ ਐਲਾਨੇ ਨਤੀਜਿਆਂ ਮੁਤਾਬਕ ਪੀ ਟੀ ਆਈ ਨੇ 79, ਨਵਾਜ਼ ਦੀ ਪਾਰਟੀ ਨੇ 53 ਤੇ ਪੀ ਪੀ ਪੀ ਨੇ 43 ਸੀਟਾਂ ਜਿੱਤੀਆਂ ਸਨ | 9 ਨਤੀਜੇ ਹੋਰਨਾਂ ਦੇ ਹੱਕ ਵਿਚ ਗਏ ਸਨ | ਬਹੁਮਤ ਲਈ 265 ਮੈਂਬਰੀ ਕੌਮੀ ਅਸੰਬਲੀ ਵਿਚ 133 ਸੀਟਾਂ ਦਰਕਾਰ ਸਨ, ਕਿਉਂਕਿ ਇਕ ਸੀਟ ਦੀ ਚੋਣ ਮੁਲਤਵੀ ਹੋ ਗਈ ਸੀ | ਉਂਜ ਕੌਮੀ ਅਸੰਬਲੀ ਦੀਆਂ 336 ਸੀਟਾਂ ਹਨ | 70 ਸੀਟਾਂ ਰਿਜ਼ਰਵ ਹਨ, ਜਿਹੜੀਆਂ ਸੂਬਾਈ ਅਸੰਬਲੀਆਂ ਭਰਦੀਆਂ ਹਨ | ਇਨ੍ਹਾਂ ਵਿੱਚੋਂ 60 ਮਹਿਲਾਵਾਂ ਤੇ 10 ਘੱਟਗਿਣਤੀ ਦੇ ਮੈਂਬਰ ਚੁਣੇ ਜਾਂਦੇ ਹਨ | ਨਤੀਜਿਆਂ ਦਾ ਰੁਝਾਨ ਦੱਸ ਰਿਹਾ ਸੀ ਕਿ ਪਾਕਿਸਤਾਨ ਦੇ ਲੋਕਾਂ ਨੇ ਇਮਰਾਨ ਦਾ ਇਹਤਰਾਮ (ਸਤਿਕਾਰ) ਕੀਤਾ ਹੈ |
ਪੀ ਟੀ ਆਈ ਦੇ ਬੁਲਾਰੇ ਰਊਫ ਹਸਨ ਨੇ ਦੋਸ਼ ਲਾਇਆ ਕਿ ਨਤੀਜਿਆਂ ਵਿਚ ਦੇਰੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਛੇੜਛਾੜ ਕੀਤੀ ਜਾ ਰਹੀ ਹੈ | ਚੋਣ ਕਮਿਸ਼ਨ ਨੇ ਦਲੀਲ ਦਿੱਤੀ ਹੈ ਕਿ ਨਵੀਂ ਐਪ ਨਾਲ ਨਤੀਜੇ ਛੇਤੀ ਕੱਢਣ ਦੀ ਯੋਜਨਾ ਸੀ ਪਰ ਉਸ ਵਿਚ ਅੜਿੱਕਾ ਪੈ ਗਿਆ | ਪੋਲਿੰਗ ਸਟੇਸ਼ਨਾਂ ਨਾਲ ਸੰਪਰਕ ਨਾ ਹੋਣ ਕਰਕੇ ਨਤੀਜੇ ਐਲਾਨਣ ਵਿਚ ਦੇਰੀ ਹੋਈ |
ਇਮਰਾਨ ਦੀ ਪਾਰਟੀ ਦੇ ਹਮਾਇਤੀ ਫਤਵਾ ਚੋਰੀ ਕਰਨ ਦਾ ਦੋਸ਼ ਲਾ ਕੇ ਦੇਸ਼ ਦੇ 19 ਸ਼ਹਿਰਾਂ ਵਿਚ ਮੁਜ਼ਾਹਰੇ ਕਰ ਰਹੇ ਸਨ | ਇਮਰਾਨ ਦੀ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਅਸੰਬਲੀ ਦੀ ਚੋਣ ਵਿਚ ਉਸਨੂੰ ਦੋ-ਤਿਹਾਈ ਬਹੁਮਤ ਮਿਲ ਗਿਆ ਹੈ | ਚੋਣ ਕਮਿਸ਼ਨ ਵੈਬਸਾਈਟ ‘ਤੇ ਨਤੀਜੇ ਨਹੀਂ ਦਿਖਾ ਰਿਹਾ |
ਪੀ ਟੀ ਆਈ ਦੇ ਚੇਅਰਮੈਨ ਗੌਹਰ ਰਜ਼ਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ 150 ਤੋਂ ਵੱਧ ਉਮੀਦਵਾਰ ਜਿੱਤ ਰਹੇ ਹਨ ਪਰ ਚੋਣ ਕਮਿਸ਼ਨ ਨਤੀਜੇ ਨਹੀਂ ਐਲਾਨ ਰਿਹਾ | ਕਾਨੂੰਨ ਮੁਤਾਬਕ ਨਤੀਜੇ ਵੀਰਵਾਰ ਰਾਤ 2 ਵਜੇ ਤਕ ਐਲਾਨੇ ਜਾਣੇ ਸਨ | ਉਨ੍ਹਾ ਕਿਹਾ ਕਿ ਪਹਿਲੀ ਵਾਰ ਇਕ ਕੈਦੀ (ਇਮਰਾਨ) ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ |
ਸਪੱਸ਼ਟ ਬਹੁਮਤ ਨਾ ਮਿਲਣ ਦੀ ਸੂਰਤ ਵਿਚ ਆਜ਼ਾਦ ਉਮੀਦਵਾਰਾਂ ਦੀ ਵੁੱਕਤ ਬਹੁਤ ਵੱਧ ਜਾਵੇਗੀ | ਜਿੱਤਣ ਤੋਂ 72 ਘੰਟਿਆਂ ਦੇ ਵਿਚ-ਵਿਚ ਆਜ਼ਾਦ ਉਮੀਦਵਾਰ ਕਿਸੇ ਵੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ | ਇਹ ਅਮਲ ਅਕਸਰ ਪਾਕਿਸਤਾਨ ਵਿਚ ਖਰੀਦੋ-ਫਰੋਖਤ ਦੀ ਖੇਡ ਸ਼ੁਰੂ ਕਰਦਾ ਆਇਆ ਹੈ | ਪਿਛੜਨ ਦੇ ਬਾਵਜੂਦ ਫੌਜ ਦੀ ਅਸਿੱਧੀ ਹਮਾਇਤ ਹਾਸਲ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਨੇ ਐਲਾਨ ਵੀ ਕਰ ਦਿੱਤਾ ਹੈ ਕਿ ਨਤੀਜੇ ਨਿਕਲਣ ਤੋਂ ਬਾਅਦ ਨਵਾਜ਼ ਸ਼ਰੀਫ ਜੇਤੂ ਤਕਰੀਰ ਕਰਨਗੇ | ਪਾਰਟੀ ਨੇ ਆਜ਼ਾਦਾਂ ਨਾਲ ਸੰਪਰਕ ਕਰਨਾ ਸ਼ੁਰੂ ਕਰ ਦਿੱਤਾ ਸੀ |
ਤਾਂ ਵੀ, ਪੋਲਿੰਗ ਗਰੁੱਪ ਗੈਲਪ ਪਾਕਿਸਤਾਨ ਦੇ ਐਗਜ਼ੈਕਟਿਵ ਡਾਇਰੈਕਟਰ ਬਿਲਾਲ ਗਿਲਾਨੀ ਨੇ ਕਿਹਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ, ਜਿਨ੍ਹਾ ਨੂੰ ਚੋਣ ਲੜਨ ਦੇ ਅਯੋਗ ਕਰਾਰ ਦੇ ਦਿੱਤਾ ਗਿਆ, ਦੀ ਪੀ ਟੀ ਆਈ ਨੂੰ ਜੇ ਸਰਕਾਰ ਬਣਾਉਣ ਵਿਚ ਕਾਮਯਾਬ ਨਾ ਵੀ ਹੋਣ ਦਿੱਤਾ ਗਿਆ, ਤਦ ਵੀ ਖਰੀਦੋ-ਫਰੋਖਤ ਦੀ ਸੰਭਾਵਨਾ ਘੱਟ ਹੈ | ਹਾਲਾਤ ਦੱਸ ਰਹੇ ਹਨ ਕਿ ਫੌਜ ਦੀ ਨਹੀਂ ਚੱਲਣੀ | ਅਮਰੀਕਾ ਅਧਾਰਤ ਵਿਦੇਸ਼ ਨੀਤੀ ਵਿਸ਼ਲੇਸ਼ਕ ਮਾਈਕਲ ਕੁਗੇਲਮੈਨ ਨੇ ਕਿਹਾ ਹੈ ਕਿ ਇਮਰਾਨ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਫੌਜ ਨੇ ਵੋਟਾਂ ਦੀ ਗਿਣਤੀ ਵਿਚ ਦਖਲ ਦਿੱਤਾ ਹੈ | ਜੇ ਇਮਰਾਨ ਦੀ ਪਾਰਟੀ ਨੂੰ ਠਿੱਬੀ ਲਾਈ ਗਈ ਤਾਂ ਉਹ ਨਤੀਜਿਆਂ ਨੂੰ ਰਿਗਿੰਗ ਦੱਸ ਕੇ ਰੱਦ ਕਰ ਦੇਵੇਗੀ | ਪਾਕਿਸਤਾਨ ਪੀ ਟੀ ਆਈ ਦੇ ਸਮਰਥਕ ਲਤੀਫ ਖੋਸਾ ਨੇ ਸੰਯੁਕਤ ਰਾਸ਼ਟਰ ਵੱਲੋਂ ਪਾਬੰਦੀਸ਼ੁਦਾ ਦਹਿਸ਼ਤਗਰਦ ਮੁਹੰਮਦ ਹਾਫਿਜ਼ ਸਈਦ ਦੇ ਪੁੱਤਰ ਤਲਹਾ ਸਈਦ ਨੂੰ ਲਾਹੌਰ ਦੀ ਸੀਟ ‘ਤੇ ਹਰਾ ਦਿੱਤਾ |
ਖੋਸਾ ਨੂੰ 117,109 ਵੋਟਾਂ ਮਿਲੀਆਂ, ਜਦਕਿ ਤਲਹਾ ਸਈਦ ਨੂੰ ਸਿਰਫ 2024 ਵੋਟਾਂ ਮਿਲੀਆਂ | ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਨੇਤਾ ਖਵਾਜ਼ਾ ਸਾਦ ਰਫੀਕ ਨੂੰ 77907 ਵੋਟਾਂ ਮਿਲੀਆਂ | ਮੁਹੰਮਦ ਹਾਫਿਜ਼ ਸਈਦ ਲਸ਼ਕਰ-ਏ-ਤਈਬਾ ਦਾ ਬਾਨੀ ਹੈ | ਉਹ ਮੁੰਬਈ ‘ਚ ਘਾਤਕ ਹਮਲਿਆਂ ਦਾ ਮਾਸਟਰਮਾਈਾਡ ਸੀ | ਭਾਰਤ ‘ਚ ਕਈ ਮਾਮਲਿਆਂ ‘ਚ ਲੋੜੀਂਦਾ ਹੈ | ਹਾਫਿਜ਼ ਸਈਦ ਦੀ ਸਿਆਸੀ ਇਕਾਈ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ ਨੇ ਆਮ ਚੋਣਾਂ ‘ਚ ਪੂਰੇ ਪਾਕਿਸਤਾਨ ਦੇ ਹਰੇਕ ਕੌਮੀ ਅਤੇ ਸੂਬਾਈ ਵਿਧਾਨ ਸਭਾ ਹਲਕੇ ਲਈ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ |

Related Articles

LEAVE A REPLY

Please enter your comment!
Please enter your name here

Latest Articles