ਨਵੀਂ ਦਿੱਲੀ : ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ, ਪੀ ਵੀ ਨਰਸਿਮ੍ਹਾ ਰਾਓ ਤੇ ਵਿਗਿਆਨੀ ਐੱਮ ਐੱਸ ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਐਲਾਨ ਕੀਤਾ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ‘ਐਕਸ’ ‘ਤੇ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ | ਉਨ੍ਹਾ ਕਿਹਾ ਕਿ ਚੌਧਰੀ ਚਰਨ ਸਿੰਘ ਨੇ ਆਪਣਾ ਸਾਰਾ ਜੀਵਨ ਕਿਸਾਨਾਂ ਦੇ ਹੱਕਾਂ ਅਤੇ ਉਨ੍ਹਾਂ ਦੀ ਭਲਾਈ ਲਈ ਸਮਰਪਤ ਕਰ ਦਿੱਤਾ ਸੀ | ਇਸ ਤਰ੍ਹਾਂ ਉੱਘੇ ਵਿਦਵਾਨ ਅਤੇ ਰਾਜਨੇਤਾ ਵਜੋਂ ਨਰਸਿਮ੍ਹਾ ਰਾਓ ਨੇ ਵੱਖ-ਵੱਖ ਅਹੁਦਿਆਂ ‘ਤੇ ਰਹਿੰਦਿਆਂ ਭਾਰਤ ਦੀ ਵਿਆਪਕ ਸੇਵਾ ਕੀਤੀ | ਵਿਗਿਆਨੀ ਐੱਮ ਐੱਸ ਸਵਾਮੀਨਾਥਨ ਨੂੰ ਉਨ੍ਹਾ ਦੇ ਖੇਤੀ ਤੇ ਕਿਸਾਨ ਭਲਾਈ ‘ਚ ਅਹਿਮ ਯੋਗਦਾਨ ਲਈ ਸਰਕਾਰ ਭਾਰਤ ਰਤਨ ਦੇ ਰਹੀ ਹੈ |
ਸੋਨੀਆ ਗਾਂਧੀ ਨੇ ਰਾਓ ਨੂੰ ‘ਭਾਰਤ ਰਤਨ’ ਦੇਣ ਦੇ ਐਲਾਨ ਦਾ ਸੁਆਗਤ ਕੀਤਾ | ਇਸ ਬਾਰੇ ਪੁੱਛੇ ਜਾਣ ‘ਤੇ ਸੋਨੀਆ ਗਾਂਧੀ ਨੇ ਸੰਸਦ ਕੰਪਲੈਕਸ ‘ਚ ਪੱਤਰਕਾਰਾਂ ਨੂੰ ਕਿਹਾ-ਮੈਂ ਇਸ ਦਾ ਸੁਆਗਤ ਕਰਦੀ ਹਾਂ |
ਚੌਧਰੀ ਚਰਨ ਸਿੰਘ ਨੂੰ ਭਾਰਤ ਰਤਨ ਦੇਣ ਦੇ ਐਲਾਨ ‘ਤੇ ਖੁਸ਼ੀ ਜ਼ਾਹਰ ਕਰਦਿਆਂ ਉਨ੍ਹਾ ਦੇ ਪੋਤਰੇ ਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੇ ਪ੍ਰਧਾਨ ਜਯੰਤ ਚੌਧਰੀ ਨੇ ਕਿਹਾ-ਦਿਲ ਜਿੱਤ ਲਿਆ |
ਜਦੋਂ ਜਯੰਤ ਤੋਂ ਪੁੱਛਿਆ ਗਿਆ ਕਿ ਕੀ ਉਹ ਹੁਣ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨਾਲ ਰਲ ਜਾਣਗੇ, ਉਨ੍ਹਾ ਕਿਹਾ-ਕੋਈ ਕਸਰ ਰਹਤੀ ਹੈ? ਆਜ ਮੈਂ ਕਿਸ ਮੂੰਹ ਸੇ ਇਨਕਾਰ ਕਰੂੰ ਆਪ ਕੇ ਸਵਾਲੋਂ ਕੋ | ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਨੇ ਭਾਰਤ ਰਤਨ ਦੇਣ ਦੇ ਐਲਾਨ ਦਾ ਸਵਾਗਤ ਕੀਤਾ, ਪਰ ਨਾਲ ਹੀ ਕਿਹਾ-ਸੱਚਾ ਸਨਮਾਨ ਕਿਸੇ ਵੀ ਵਿਅਕਤੀ ਦੇ ਸਿਧਾਂਤਾਂ ਤੇ ਸੰਘਰਸ਼ਾਂ ਨੂੰ ਮਾਣ ਦੇਣ ਨਾਲ ਹੁੰਦਾ ਹੈ, ਆਸ ਹੈ ਕਿ ਅਜਿਹਾ ਹੀ ਹੋਵੇਗਾ |
ਬਸਪਾ ਪ੍ਰਧਾਨ ਮਾਇਆਵਤੀ ਨੇ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਲੰਬੀ ਉਡੀਕ ਤੋਂ ਬਾਅਦ ਵੀ ਪੀ ਸਿੰਘ ਦੀ ਸਰਕਾਰ ਨੇ ਭਾਰਤ ਰਤਨ ਦਿੱਤਾ ਸੀ | ਉਸ ਦੇ ਬਾਅਦ ਦਲਿਤਾਂ ਨੂੰ ਅਣਡਿੱਠ ਹੀ ਕੀਤਾ ਗਿਆ | ਸ੍ਰੀ ਕਾਂਸ਼ੀ ਰਾਮ ਜੀ ਵੱਲੋਂ ਦਲਿਤਾਂ ਤੇ ਅਣਗੌਲਿਆਂ ਦੇ ਹਿੱਤਾਂ ਲਈ ਕੀਤਾ ਗਿਆ ਸੰਘਰਸ਼ ਕੋਈ ਘੱਟ ਨਹੀਂ ਹੈ | ਉਨ੍ਹਾ ਨੂੰ ਵੀ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਜਾਵੇ |
ਰਾਓ ਦੇ ਪੋਤਰੇ ਐੱਨ ਵੀ ਸੁਭਾਸ਼ ਨੇ ਕਿਹਾ ਕਿ ਗਾਂਧੀ ਪਰਵਾਰ ਨੇ ਕਾਂਗਰਸ ਦੀਆਂ ਨਾਕਾਮੀਆਂ ਲਈ ਉਨ੍ਹਾ ਦੇ ਦਾਦੇ ਨੂੰ ਬਲੀ ਦਾ ਬੱਕਰਾ ਬਣਾਇਆ ਸੀ | ਰਾਓ ਕਾਂਗਰਸ ਦੇ ਸਨ, ਪਰ ਭਾਰਤ ਰਤਨ ਉਨ੍ਹਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ | ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਹਰ ਭਾਰਤੀ ਨਰਸਿਮ੍ਹਾ ਰਾਓ, ਚੌਧਰੀ ਚਰਨ ਸਿੰਘ ਤੇ ਐੱਮ ਐੱਸ ਸਵਾਮੀਨਾਥਨ ਦੇ ਯੋਗਦਾਨ ਦਾ ਸਤਿਕਾਰ ਕਰਦਾ ਹੈ | ਉਹ ਭਾਰਤ ਦੇ ਰਤਨ ਸਨ, ਹਨ ਤੇ ਰਹਿਣਗੇ, ਪਰ ਮੋਦੀ ਸਰਕਾਰ ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਕਿਸਾਨਾਂ ਨੂੰ ਫਸਲਾਂ ਦਾ ਘੱਟੋ-ਘੱਟ ਇਮਦਾਦੀ ਭਾਅ ਦੀ ਕਾਨੂੰਨੀ ਗਰੰਟੀ ਦੇਣ ਬਾਰੇ ਖਾਮੋਸ਼ ਹੈ | ਮੋਦੀ ਦੀ ਅੜੀ ਕਾਰਨ ਦਿੱਲੀ ਦੀਆਂ ਬਰੂਹਾਂ ‘ਤੇ ਮੋਰਚੇ ਦੌਰਾਨ 700 ਕਿਸਾਨ ਸ਼ਹੀਦ ਹੋਏ | ਹੁਣ ਵੀ ਉਹ ਦਿੱਲੀ ਵੱਲ ਮਾਰਚ ਕਰਨ ਦੀ ਤਿਆਰੀ ਕਰ ਰਹੇ ਹਨ | ਤਿ੍ਣਮੂਲ ਕਾਂਗਰਸ ਦੇ ਆਗੂ ਕੁਨਾਲ ਘੋਸ਼ ਨੇ ਕਿਹਾ ਕਿ ਮੋਦੀ ਸਰਕਾਰ ਨੇ ਗਾਂਧੀ ਪਰਵਾਰ ਤੇ ਰਾਓ ਵਿਚਾਲੇ ਮਤਭੇਦਾਂ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਹੈ |



