ਚੰਡੀਗੜ੍ਹ : ਪੰਜਾਬ ’ਚ ਕਾਰ ਜਾਂ ਹੋਰ ਚਾਰ ਪਹੀਆ ਵਾਹਨ ’ਚ ਡਰਾਈਵਰ ਦੇ ਨਾਲ ਜਾਂ ਪਿੱਛੇ ਬੈਠਣ ਵਾਲੇ ਲੋਕਾਂ ਨੂੰ ਲੈ ਕੇ ਵੱਡੇ ਹੁਕਮ ਜਾਰੀ ਹੋਏ ਹਨ। ਏ ਡੀ ਜੀ ਪੀ ਟ੍ਰੈਫਿਕ ਵੱਲੋਂ ਜਾਰੀ ਆਦੇਸ਼ਾਂ ਮੁਤਾਬਕ ਸਰਕਾਰੀ ਅਤੇ ਪ੍ਰਾਈਵੇਟ ਚਾਰ ਪਹੀਆ ਵਾਹਨਾਂ ’ਚ ਬੈਠਣ ਵਾਲੇ ਸਾਰੇ ਲੋਕਾਂ ਲਈ ਸੀਟ ਬੈਲਟ ਜ਼ਰੂਰੀ ਕਰ ਦਿੱਤੀ ਗਈ ਹੈ। ਜੇਕਰ ਕੋਈ ਇਨ੍ਹਾਂ ਹੁਕਮਾਂ ਦਾ ਉਲੰਘਣਾ ਕਰੇਗਾ ਤਾਂ ਉਸ ਖਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।
ਹੁਣ ਪੰਜਾਬ ’ਚ ਜੇਕਰ ਕੋਈ ਯਾਤਰੀ ਕਾਰ ਜਾਂ ਮੋਟਰ ਵਾਹਨ ਦੀ ਪਿਛਲੀ ਸੀਟ ’ਤੇ ਬੈਠ ਕੇ ਸੀਟ ਬੈਲਟ ਨਹੀਂ ਬੰਨ੍ਹਦਾ ਤਾਂ ਉਨ੍ਹਾਂ ਦਾ ਚਲਾਨ ਕੱਟਿਆ ਜਾਵੇਗਾ। ਪੰਜਾਬ ਪੁਲਸ ਨੇ ਮੋਟਰ ਵਹੀਕਲ ਐਕਟ ’ਚ ਪੁਰਾਣੀ ਸੋਧ ਤਹਿਤ ਇਸ ਨਿਯਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਇਹ ਕਦਮ ਚੁੱਕਿਆ ਹੈ। ਇਸ ਸੰਦਰਭ ਵਿੱਚ ਏ ਡੀ ਜੀ ਪੀ (ਟਰੈਫਿਕ) ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ ਐੱਸ ਪੀਜ਼ ਨੂੰ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਹੈ, ਤਾਂ ਜੋ ਸੜਕ ਹਾਦਸਿਆਂ ਦੌਰਾਨ ਕਾਰ ਜਾਂ ਮੋਟਰ ਵਾਹਨ ਦੇ ਪਿੱਛੇ ਬੈਠੀਆਂ ਸਵਾਰੀਆਂ ਦੀ ਜਾਨ ਬਚਾਈ ਜਾ ਸਕੇ। ਜੇਕਰ ਕੋਈ ਗੰਨਮੈਨ ਡਰਾਈਵਰ ਦੇ ਨਾਲ ਵਾਲੀ ਸੀਟ ’ਤੇ ਬੈਠਦਾ ਹੈ, ਤਾਂ ਉਹ ਵੀ ਸੀਟ ਬੈਲਟ ਬੰਨ੍ਹੇਗਾ। ਇਸ ਤੋਂ ਇਲਾਵਾ ਸਰਕਾਰੀ ਵਾਹਨ ਦੀ ਪਿਛਲੀ ਸੀਟ ’ਤੇ ਬੈਠਣ ਵਾਲਾ ਕੋਈ ਵੀ ਅਧਿਕਾਰੀ ਜਾਂ ਆਮ ਵਿਅਕਤੀ ਵੀ ਆਪਣੇ ਚਾਰ ਪਹੀਆ ਵਾਹਨ ’ਚ ਸੀਟ ਬੈਲਟ ਬੰਨ੍ਹੇਗਾ। ਜੇਕਰ ਕੋਈ ਵਿਅਕਤੀ ਇਸ ਕਾਨੂੰਨ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਵਿਰੁੱਧ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ।