ਇਸਲਾਮਾਬਾਦ : ਪਾਕਿਸਤਾਨ ’ਚ ਨੈਸ਼ਨਲ ਅਸੰਬਲੀ ਅਤੇ ਸੂਬਾਈ ਚੋਣਾਂ ਲਈ ਵੋਟਿੰਗ ਖ਼ਤਮ ਹੋਣ ਬਾਅਦ ਨਤੀਜੇ ਆ ਰਹੇ ਹਨ। ਇੱਥੇ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ। ਇਮਰਾਨ ਖਾਨ ਦੇ ਸਮਰਥਕ ਆਜ਼ਾਦ ਲੜੇ ਅਤੇ 100 ਸੀਟਾਂ ਦੇ ਨਾਲ ਸਭ ਤੋਂ ਅੱਗੇ ਹਨ। ਨਵਾਜ਼ ਦੀ ਪਾਰਟੀ 71 ਸੀਟਾਂ ਦੇ ਨਾਲ ਦੂਜੇ ਨੰਬਰ ’ਤੇ ਹੈ। ਇਮਰਾਨ ਦੀ ਗੈਰ-ਮੌਜੂਦਗੀ ’ਚ ਪੀ ਟੀ ਆਈ ਦੇ ਚੇਅਰਮੈਨ ਬਣੇ ਗੌਹਰ ਅਲੀ ਖਾਨ ਨੇ ਕਿਹਾ ਕਿ ਰਾਸ਼ਟਰਪਤੀ ਸਰਕਾਰ ਬਣਾਉਣ ਲਈ ਸਾਨੂੰ ਬੁਲਾਉਣਗੇ। ਉਨ੍ਹਾ ਕਿਹਾਸਾਡਾ ਕਿਸੇ ਦੇ ਨਾਲ ਕੋਈ ਝਗੜਾ ਨਹੀਂ। ਅਸੀਂ ਸੰਵਿਧਾਨ ਮੁਤਾਬਕ ਸਰਕਾਰ ਬਣਾਵਾਂਗੇ। ਉਨ੍ਹਾ ਪ੍ਰੈੱਸ ਕਾਨਫਰੰਸ ਕਰਕੇ ਦਾਅਵਾ ਕੀਤਾ ਕਿ ਪਾਰਟੀ ਕੋਲ ਨੈਸ਼ਨਲ ਅਸੰਬਲੀ ’ਚ 170 ਸੀਟਾਂ ਦੇ ਨਾਲ ਬਹੁਮਤ ਹੈ। ਇਨ੍ਹਾਂ ’ਚੋਂ 94 ਸੀਟਾਂ ਇਮਰਾਨ ਸਮਰਥਕ ਆਜ਼ਾਦ ਉਮੀਦਵਾਰਾਂ ਦੇ ਕੋਲ ਹਨ। ਇਸ ਨੂੰ ਚੋਣ ਕਮਿਸ਼ਨ ਨੇ ਵੀ ਸਵੀਕਾਰ ਕੀਤਾ ਹੈ। ਗੌਹਰ ਖਾਨ ਨੇ ਕਿਹਾ ਕਿ ਇਮਰਾਨ ਦੇ ਸਮਰਥਨ ਵਾਲੇ ਸਾਰੇ ਉਮੀਦਵਾਰ ਇੱਕ ਪਾਰਟੀ ਜੁਆਇਨ ਕਰਨਗੇ। ਇਹ ਪਾਰਟੀ ਕਿਹੜੀ ਹੋਵੇਗੀ, ਇਹ ਅਸੀਂ ਤੈਅ ਕਰਾਂਗੇ। ਇਸ ਦੌਰਾਨ ਪਾਕਿਸਤਾਨ ’ਚ ਖੈਬਰ ਪਖਤੂਨਖਵਾ ਸਮੇਤ ਕਈ ਸੂਬਿਆਂ ’ਚ ਹਿੰਸਾ ਫੈਲ ਗਈ। ਪ੍ਰਦਰਸ਼ਨ ਦੌਰਾਨ ਗੋਲੀਬਾਰੀ ’ਚ ਇੱਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। 2 ਜ਼ਖ਼ਮੀ ਹੋਏ ਹਨ। ਇਸ ਤੋਂ ਇਲਾਵਾ 4 ਨਾਗਰਿਕ ਜ਼ਖ਼ਮੀ ਵੀ ਹਨ। ਵਿਦੇਸ਼ ਮਾਮਲਿਆਂ ’ਤੇ ਨੈਸ਼ਨਲ ਅਸੰਬਲੀ ਦੀ ਸਥਾਈ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਐੱਨ-40 ਤੋਂ ਉਮੀਦਵਾਰ ਮੋਹਸਿਨ ਡਾਵਰ ਨੂੰ ਗੋਲੀ ਲੱਗਣ ਨਾਲ ਉਹ ਜ਼ਖ਼ਮੀ ਹੋ ਗਏ।