ਸਾਊਥ ਕੈਰੋਲੀਨਾ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਵਾਲ ਕੀਤਾ ਕਿ ਉਨ੍ਹਾ ਦੀ ਵਿਰੋਧੀ ਨਿੱਕੀ ਹੈਲੀ ਦੇ ਪਤੀ ਚੋਣ ਪ੍ਰਚਾਰ ’ਚ ਉਨ੍ਹਾ ਨਾਲ ਕਿਉਂ ਨਹੀਂ ਹਨ। ਇਸ ’ਤੇ ਸੰਯੁਕਤ ਰਾਸ਼ਟਰ ਦੀ ਸਾਬਕਾ ਰਾਜਦੂਤ ਹੈਲੀ ਅਤੇ ਉਨ੍ਹਾ ਦੇ ਪਤੀ ਮਾਈਕਲ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਈਕਲ ਇਸ ਸਮੇਂ ਫੌਜੀ ਸੇਵਾ ਤਹਿਤ ਵਿਦੇਸ਼ ’ਚ ਤਾਇਨਾਤ ਹਨ। ਸਾਊਥ ਕੈਰੋਲੀਨਾ ਦੇ ਕਾਨਵੇਅ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਟਰੰਪ ਨੇ ਕਿਹਾ-ਉਨ੍ਹਾ ਦੇ ਪਤੀ ਨੂੰ ਕੀ ਹੋਇਆ? ਉਹ ਕਿਥੇ ਹੈ? ਉਹ ਚਲਾ ਗਿਆ। ਟਰੰਪ ਅਤੇ ਹੈਲੀ 24 ਫਰਵਰੀ ਨੂੰ ਰਿਪਬਲਿਕਨ ਪਾਰਟੀ ਦੀਆਂ ਮੁੱਢਲੀਆਂ ਚੋਣਾਂ ਦੇ ਮੱਦੇਨਜ਼ਰ ਸੂਬੇ ’ਚ ਸਮਾਗਮ ਕਰ ਰਹੇ ਹਨ। ਦੋਵੇਂ ਰਾਸ਼ਟਰਪਤੀ ਚੋਣ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਬਣਨ ਦੀ ਦੌੜ ’ਚ ਸ਼ਾਮਲ ਹਨ। ਸਾਬਕਾ ਰਾਸ਼ਟਰਪਤੀ ਦੀਆਂ ਟਿੱਪਣੀਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਹੈਲੀ ਨੇ ‘ਐਕਸ’ ’ਤੇ ਕਿਹਾ-ਮਾਈਕਲ ਸਾਡੇ ਦੇਸ਼ ਦੀ ਸੇਵਾ ’ਚ ਤਾਇਨਾਤ ਹਨ, ਜਿਸ ਬਾਰੇ ਤੁਸੀਂ ਕੁੱਝ ਨਹੀਂ ਜਾਣਦੇ।