ਮੁੰਬਈ : ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚੌਹਾਨ ਮੰਗਲਵਾਰ ਭਾਜਪਾ ’ਚ ਸ਼ਾਮਲ ਹੋ ਗਏ। ਅਸ਼ੋਕ ਚੌਹਾਨ ਮੁੰਬਈ ’ਚ ਭਾਜਪਾ ਦਫ਼ਤਰ ਪਹੁੰਚੇ, ਜਿੱਥੇ ਉਨ੍ਹਾ ਨੂੰ ਮਹਾਰਾਸ਼ਟਰ ਦੇ ਡਿਪਟੀ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਮੁੰਬਈ ਭਾਜਪਾ ਦੇ ਪ੍ਰਧਾਨ ਚੰਦਰਕਾਂਤ ਬਾਵਨਕੂਲੇ ਨੇ ਪਾਰਟੀ ਦੀ ਮੈਂਬਰਸ਼ਿਪ ਦਿਵਾਈ। ਉਨ੍ਹਾ ਕਿਹਾ ਕਿ ਅੱਜ ਮੇਰੇ ਜੀਵਨ ਦੇ ਨਵੇਂ ਸਿਆਸੀ ਕੈਰੀਅਰ ਦੀ ਸ਼ੁਰੂਆਤ ਹੈ। ਜਦ ਚੌਹਾਨ ਤੋਂ ਇਹ ਪੁੱਛਿਆ ਗਿਆ ਕਿ ਉਨ੍ਹਾ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੂੰ ਕੋਈ ਫੋਨ ਕੀਤਾ, ਤਾਂ ਉਨ੍ਹਾ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਅਸ਼ੋਕ ਦੇ ਨਾਲ ਹੀ ਕਾਂਗਰਸ ਦੇ ਸਾਬਕਾ ਐੱਮ ਐੱਲ ਸੀ ਅਮਰ ਰਾਜੂਰਕਰ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਲਈ। ਚੌਹਾਨ ਨੇ ਮੰਗਲਵਾਰ ਸਵੇਰੇ ਹੀ ਭਾਜਪਾ ’ਚ ਜਾਣ ਦੀ ਪੁਸ਼ਟੀ ਕੀਤੀ ਸੀ। ਚੌਹਾਨ ਨੇ ਸੋਮਵਾਰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾ ਦੇ ਉਸ ਤੋਂ ਬਾਅਦ ਹੀ ਭਾਜਪਾ ’ਚ ਜਾਣ ਦੀ ਚਰਚਾ ਸੀ।