ਨਵੀਂ ਦਿੱਲੀ : ਕਿਸਾਨਾਂ ਦੇ ਅੰਦੋਲਨ ਵਿਚਾਲੇ ਰਾਹੁਲ ਗਾਂਧੀ ਨੇ ਵੱਡਾ ਐਲਾਨ ਕੀਤਾ ਹੈ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਬਣੀ ਤਾਂ ਅਸੀਂ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੇਵਾਂਗੇ। ਰਾਹੁਲ ਨੇ ਟਵੀਟ ਕਰਕੇ ਕਿਹਾ, ‘ਕਿਸਾਨ ਭਰਾਵਾਂ ਲਈ ਅੱਜ ਇਤਿਹਾਸਕ ਦਿਨ ਹੈ! ਕਾਂਗਰਸ ਨੇ ਹਰ ਕਿਸਾਨ ਨੂੰ ਫਸਲ ’ਤੇ ਸਵਾਮੀਨਾਥਨ ਕਮਿਸ਼ਨ ਅਨੁਸਾਰ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਦੇਣ ਦਾ ਫੈਸਲਾ ਕੀਤਾ ਹੈ। ਇਹ ਕਦਮ 15 ਕਰੋੜ ਕਿਸਾਨ ਪਰਵਾਰਾਂ ਦਾ ਜੀਵਨ ਬਦਲ ਦੇਵੇਗਾ। ਨਿਆਏ ਪੱਥ ’ਤੇ ਇਹ ਕਾਂਗਰਸ ਦੀ ਪਹਿਲੀ ਗਰੰਟੀ ਹੈ।’ ਉਹਨਾ ਇੱਕ ਰੈਲੀ ’ਚ ਵੀ ਇਹੀ ਗੱਲ ਦੁਹਰਾਈ ਅਤੇ ਕਿਹਾ ਕਿ ਕਿਸਾਨ ਹੋਰ ਨਹੀਂ ਮੰਗ ਰਹੇ, ਉਹ ਆਪਣਾ ਹੱਕ ਹੀ ਮੰਗ ਰਹੇ ਹਨ। ਇਸੇ ਮੰਗ ਲਈ ਉਹ ਦਿੱਲੀ ਵੱਲ ਜਾ ਰਹੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਜਾ ਰਿਹਾ ਹੈ।
ਰਾਹੁਲ ਨੇ ਕਿਹਾ, ‘‘ਸਵਾਮੀਨਾਥਨ ਨੇ ਆਪਣੀ ਰਿਪੋਰਟ ’ਚ ਸਾਫ਼ ਕਿਹਾ ਹੈ ਕਿ ਕਿਸਾਨਾਂ ਨੂੰ ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਮਿਲਣੀ ਚਾਹੀਦੀ ਹੈ। ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ‘ਇੰਡੀਆ’ ਗਠਜੋੜ ਦੀ ਸਰਕਾਰ ਬਣੇਗੀ ਤਾਂ ਅਸੀਂ ਸਵਾਮੀਨਾਥਨ ਦੀ ਰਿਪੋਰਟ ’ਤੇ ਅਮਲ ਕਰਾਂਗੇ।’’